ਬਾਸੇਲ (ਏਐੱਫਪੀ) : ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਜਦ ਬਾਸੇਲ ਵਿਚ ਆਪਣੇ 10ਵੇਂ ਖ਼ਿਤਾਬ ਲਈ ਚੁਣੌਤੀ ਪੇਸ਼ ਕਰਨ ਉਤਰਨਗੇ ਤਦ ਉਹ ਆਪਣੇ ਕਰੀਅਰ ਦਾ 1500ਵਾਂ ਮੈਚ ਖੇਡ ਕੇ ਨਵੀਂ ਉਪਲੱਬਧੀ ਹਾਸਲ ਕਰ ਲੈਣਗੇ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ 38 ਸਾਲਾ ਫੈਡਰਰ ਕਰੀਅਰ ਦਾ 103ਵਾਂ ਖ਼ਿਤਾਬ ਜਿੱਤਣ ਦੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੇ ਕੁਆਲੀਫਾਇਰ ਪੀਟਰ ਗੋਜੋਵਿਕ ਖ਼ਿਲਾਫ਼ ਕਰਨਗੇ। 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਫੈਡਰਰ ਨੇ ਜਰਮਨੀ ਦੇ ਖਿਡਾਰੀ ਨੂੰ ਇਸ ਤੋਂ ਪਹਿਲਾਂ ਦੋ ਵਾਰ ਹਰਾਇਆ ਹੈ। ਬਾਲ ਬੁਆਏ ਦੇ ਰੂਪ ਵਿਚ ਸਵਿਟਜ਼ਰਲੈਂਡ ਦੇ ਇਸ ਇੰਡੋਰ ਟੂਰਨਾਮੈਂਟ ਵਿਚ ਉਤਰ ਚੁੱਕੇ ਫੈਡਰਰ ਨੇ ਕਿਹਾ ਕਿ ਮੈਨੂੰ ਤਿਆਰੀਆਂ ਵਿਚ ਤੇਜ਼ੀ ਲਿਆਉਣੀ ਪਈ ਕਿਉਂਕਿ ਮੈਂ ਸੋਮਵਾਰ ਤੋਂ ਸ਼ੁਰੂਆਤ ਕਰਨੀ ਸੀ। ਮੈਂ ਪਹਿਲਾਂ ਹੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਬਾਸੇਲ ਵਿਚ ਅਭਿਆਸ ਕਰ ਚੁੱਕਾ ਹਾਂ। ਉਮੀਦ ਕਰਦਾ ਹਾਂ ਕਿ ਮੈਂ ਚੰਗੀ ਸ਼ੁਰੂਆਤ ਕਰਾਂਗਾ ਤੇ ਇੰਡੋਰ ਸੈਸ਼ਨ ਮੇਰੇ ਲਈ ਸ਼ਾਨਦਾਰ ਰਹੇਗਾ। ਫੈਡਰਰ ਇਸ ਟੂਰਨਾਮੈਂਟ ਦੇ ਪਿਛਲੇ ਸਾਰੇ 12 ਐਡੀਸ਼ਨਾਂ ਦੇ ਫਾਈਨਲ ਵਿਚ ਪੁੱਜੇ ਹਨ। ਇਸ ਸਾਲ ਉਹ ਦੁਬਈ, ਮਿਆਮੀ ਤੇ ਹਾਲੇ ਵਿਚ ਏਟੀਪੀ ਖ਼ਿਤਾਬ ਜਿੱਤ ਚੁੱਕੇ ਹਨ। ਕੋਈ ਵੱਡਾ ਖ਼ਿਤਾਬ ਨਾ ਜਿੱਤਣ ਦੇ ਬਾਵਜੂਦ ਇਸ ਸਾਲ ਉਨ੍ਹਾਂ ਦਾ ਜਿੱਤ ਹਾਰ ਦਾ ਅਨੁਪਾਤ 47-8 ਦਾ ਰਿਹਾ ਹੈ। ਇਸ ਮਾਮਲੇ ਵਿਚ ਉਨ੍ਹਾਂ ਤੋਂ ਬਿਹਤਰ ਸਿਰਫ਼ ਸਪੇਨ ਦੇ ਦਿੱਗਜ ਖਿਡਾਰੀ ਰਾਫੇਲ ਨਾਡਲ ਹਨ ਜਿਨ੍ਹਾਂ ਨੇ ਇਸ ਸਾਲ ਫਰੈਂਚ ਓਪਨ ਤੇ ਯੂਐੱਸ ਓਪਨ ਦੇ ਖ਼ਿਤਾਬ ਜਿੱਤੇ। 2019 ਵਿਚ ਫੈਡਰਰ ਵਿੰਬਲਡਨ ਦੇ ਫਾਈਨਲ ਤਕ ਪੁੱਜੇ ਸਨ ਪਰ ਉਥੇ ਉਨ੍ਹਾਂ ਨੂੰ ਸਰਬੀਆਈ ਸਟਾਰ ਨੋਵਾਕ ਜੋਕੋਵਿਕ ਖ਼ਿਲਾਫ਼ ਹਾਰ ਸਹਿਣੀ ਪਈ ਸੀ।

ਨਡਾਲ ਨੂੰ ਦਿੱਤੀ ਵਿਆਹ ਦੀ ਵਧਾਈ :

ਬਾਸੇਲ ਵਿਚ ਆਪਣੀਆਂ ਤਿਆਰੀਆਂ ਵਿਚਾਲੇ ਰੋਜਰ ਫੈਡਰਰ ਨੇ ਪਿਛਲੇ ਦਿਨੀਂ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਲੇਵਰ ਕੱਪ ਦੇ ਆਪਣੇ ਸਾਥੀ ਖਿਡਾਰੀ ਰਾਫੇਲ ਨਡਾਲ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਫੈਡਰਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਚੰਗਾ ਦਿਨ ਰਿਹਾ ਹੋਵੇਗਾ। ਨਡਾਲ ਨੇ ਸ਼ਨਿਚਰਵਾਰ ਨੂੰ ਮਾਲੋਰਕਾ ਦੇ ਇਕ ਮਸ਼ਹੂਰ ਪੈਲਸ ਵਿਚ ਆਪਣੀ ਬਚਪਨ ਦੀ ਦੋਸਤ ਸਿਸਕਾ ਪੇਰੇਲੋ ਨਾਲ ਵਿਆਹ ਕਰਵਾਇਆ। ਹਾਲਾਂਕਿ ਇਸ ਵਿਆਹ ਵਿਚ ਫੈਡਰਰ ਨਹੀਂ ਪੁੱਜ ਸਕੇ ਸਨ।