ਟੋਕੀਓ (ਪੀਟੀਆਈ) : ਕੋਵਿਡ ਮਹਾਮਾਰੀ ਨਾਲ ਪ੍ਰਭਾਵਿਤ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦੌਰਾਨ ਲਗਭਗ 15 ਦੇਸ਼ਾਂ ਦੇ ਆਗੂਆਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ। ਜਾਪਾਨ ਵਿਚ ਆ ਰਹੀਆਂ ਖ਼ਬਰਾਂ ਮੁਤਾਬਕ ਸਮਾਗਮ ਦੌਰਾਨ ਨਿੱਜੀ ਤੌਰ 'ਤੇ ਸਟੇਡੀਅਮ ਵਿਚ ਮੌਜੂਦ ਰਹਿਣ ਵਾਲੇ ਲੋਕਾਂ ਦੀ ਗਿਣਤੀ 1000 ਦੇ ਆਲੇ ਦੁਆਲੇ ਹੋ ਸਕਦੀ ਹੈ। ਜਾਪਾਨ ਸਰਕਾਰ ਦੇ ਮੁੱਖ ਕੈਬਨਿਟ ਸਕੱਤਰ ਕਾਤਸੁਨੋਬੂ ਕੇਟੋ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਪੀੜਤ ਹੋਣ ਦੇ ਜੋਖ਼ਮ ਨੂੰ ਕਾਬੂ ਕਰਨ ਦੀ ਪ੍ਰਬੰਧਕਾਂ ਦੀ ਕੋਸ਼ਿਸ਼ ਦੇ ਤਹਿਤ ਰਾਸ਼ਟਰੀ ਸਟੇਡੀਅਮ ਵਿਚ ਉਦਘਾਟਨੀ ਸਮਾਗਮ ਦੌਰਾਨ ਲੋਕਾਂ ਦੀ ਮੌਜੂਦਗੀ ਨੂੰ ਸੀਮਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੇਟੋ ਨੇ ਕਿਹਾ ਕਿ ਲਗਭਘ 70 ਕੈਬਨਿਟ ਪੱਧਰ ਦੇ ਅਧਿਕਾਰੀਆਂ ਦੇ ਵੀ ਜਾਪਾਨ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਉਦਘਾਟਨੀ ਸਮਾਗਮ ਦੌਰਾਨ ਕਿੰਨੇ ਵੀਆਈਪੀ ਮੌਜੂਦ ਰਹਿਣਗੇ ਇਸ 'ਤੇ ਹੁਣ ਵੀ ਗ਼ੈਰ ਯਕੀਨੀ ਬਣੀ ਹੋਈ ਹੈ।