ਓਡੇਂਸੇ (ਪੀਟੀਆਈ) : ਭਾਰਤ ਦੇ ਉੱਭਰ ਰਹੇ ਸ਼ਟਲਰ ਲਕਸ਼ੇ ਸੇਨ ਨੇ ਡੈਨਮਾਰਕ ਓਪਨ ਦੇ ਪਹਿਲੇ ਗੇੜ ਵਿਚ ਕ੍ਰਿਸਟੋ ਪੋਪੋਵ ਨੂੰ ਸਿੱਧੀਆਂ ਗੇਮਾਂ ਵਿਚ ਹਰਾ ਕੇ ਬੈਡਮਿੰਟਨ ਵਿਚ ਸਫ਼ਲ ਵਾਪਸੀ ਕੀਤੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੱਤ ਮਹੀਨਿਆਂ ਤਕ ਬੰਦ ਪਈਆਂ ਖੇਡਾਂ ਤੋਂ ਬਾਅਦ ਇਸ ਟੂਰਨਾਮੈਂਟ ਨਾਲ ਬੈਡਮਿੰਟਨ ਮੁਕਾਬਲਿਆਂ ਦੀ ਵਾਪਸੀ ਹੋ ਰਹੀ ਹੈ। ਪਿਛਲੇ ਸਾਲ ਦੋ ਸੁਪਰ 100 ਟੂਰਨਾਮੈਂਟ ਸਮੇਤ ਪੰਜ ਖ਼ਿਤਾਬ ਜਿੱਤਣ ਵਾਲੇ 19 ਸਾਲਾ ਲਕਸ਼ੇ ਨੇ ਪੋਪੋਵ ਨੂੰ 21-9, 21-15 ਨਾਲ ਹਰਾ ਕੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਡੈਨਮਾਰਕ ਦੇ ਹੈਂਸ ਕ੍ਰਿਸਟੀਅਨ ਸੋਲਬਰਗ ਵਿਟੀਂਗਸ ਤੇ ਬੈਲਜੀਅਮ ਦੇ ਮੈਕਸਾਈਮ ਮੋਰੀਲਜ਼ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਡੈਨਮਾਰਕ ਓਪਨ ਸੁਪਰ 750 ਇਸ ਸਾਲ ਹੋਣ ਵਾਲਾ ਇੱਕੋ ਇਕ ਟੂਰਨਾਮੈਂਟ ਹੈ ਕਿਉਂਕਿ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਨੂੰ ਕੋਵਿਡ-19 ਕਾਰਨ ਕਈ ਚੈਂਪੀਅਨਸ਼ਿਪਾਂ ਨੂੰ ਰੱਦ ਕਰਨਾ ਪਿਆ ਤੇ ਏਸ਼ੀਆ ਗੇੜਤੇ ਵਿਸ਼ਵ ਟੂਰ ਫਾਈਨਲ ਨੂੰ ਅਗਲੇ ਸਾਲ ਤਕ ਮੁਲਤਵੀ ਕਰਨਾ ਪਿਆ। ਵਿਸ਼ਵ ਨੰਬਰ-27 ਭਾਰਤੀ ਖਿਡਾਰੀ ਨੇ 36 ਮਿੰਟ ਵਿਚ ਇਹ ਮੁਕਾਬਲਾ ਆਪਣੇ ਨਾਂ ਕੀਤਾ। ਲਕਸ਼ੇ ਨੇ ਕਿਹਾ ਕਿ ਮੈਂ ਚੰਗੀ ਤਰ੍ਹਾਂ ਅਗਲੇ ਗੇੜ ਵਿਚ ਥਾਂ ਬਣਾ ਲਈ ਹੈ ਪਰ ਮੈਂ ਮੈਚ ਦੌਰਾਨ ਕੁਝ ਗ਼ਲਤੀਆਂ ਕੀਤੀਆਂ ਸਨ। ਸੱਤ ਮਹੀਨਿਆਂ ਬਾਅਦ ਮੈਂ ਮੁੜ ਖੇਡ ਕੇ ਖ਼ੁਸ਼ ਹਾਂ।

ਟਾਬੀ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨਗੇ ਕਿਦਾਂਬੀ

ਇਸ ਵਿਚਾਲੇ ਤਿੰਨ ਸਾਲ ਪਹਿਲਾਂ ਇੱਥੇ ਖ਼ਿਤਾਬ ਜਿੱਤਣ ਵਾਲੇ ਸਾਬਕਾ ਵਿਸ਼ਵ ਨੰਬਰ ਇਕ ਕਿਦਾਂਬੀ ਸ਼੍ਰੀਕਾਂਤ ਵਿਸ਼ਵ ਨੰਬਰ-52 ਇੰਗਲੈਂਡ ਦੇ ਟਾਬੀ ਪੇਂਟੀ ਖ਼ਿਲਾਫ਼ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਸ਼ੁਰੂ ਕਰਨਗੇ। ਇਹ ਸੁਪਰ 750 ਟੂਰਨਾਮੈਂਟ 18 ਅਕਤੂਬਰ ਤਕ ਡੈਨਮਾਰਕ ਵਿਚ ਖੇਡਿਆ ਜਾਣਾ ਹੈ।