ਲਿੰਗਸ਼ੁਈ : ਭਾਰਤ ਦੇ ਯੁਵਾ ਖਿਡਾਰੀ ਲਕਸ਼ੇ ਸੇਨ ਨੇ ਵੀਰਵਾਰ ਨੂੰ ਇੱਥੇ ਚਾਈਨਾ ਮਾਸਟਰਜ਼ ਬੈਡਮਿੰਟਨ ਦੇ ਕੁਆਰਟਰ ਫਾਈਨਲ 'ਚ ਥਾਂ ਬਣਾ ਲਈ ਹੈ। ਵਿਸ਼ਵ ਦੇ ਨੰਬਰ 104 ਖਿਡਾਰੀ ਲਕਸ਼ੇ ਨੇ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ 'ਚ ਕੋਰੀਆ ਦੇ ਹਾ ਯੋਂਗ ਵੂੰਗ ਨੂੰ ਸਿੱਧੇ ਗੇਮ 'ਚ 21-14, 21-15 ਨਾਲ ਹਰਾ ਦਿੱਤਾ। ਦੋਵੇਂ ਖਿਡਾਰੀਆਂ ਵਿਚਾਲੇ ਕਰੀਅਰ ਦਾ ਇਹ ਪਹਿਲਾ ਮੈਚ ਸੀ। ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਸੇਨ ਦਾ ਸਾਹਮਣਾ ਚੀਨ ਦੇ ਝੋਊ ਝੇਕਵੀ ਨਾਲ ਹੋਵੇਗਾ। ਝੇਕਵੀ ਵਿਸ਼ਵ ਰੈਂਕਿੰਗ 'ਚ 42ਵੇਂ ਥਾਂ 'ਤੇ ਕਾਬਜ਼ ਹੈ। ਸੇਨ ਨੇ ਕੋਰੀਆ ਦੇ ਮੁਕਾਬਲੇਬਾਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਿਰਫ 46 ਮਿੰਟ 'ਚ ਮੈਚ ਆਪਣੇ ਨਾਂ ਕਰ ਲਿਆ। ਪਹਿਲੇ ਗੇਮ 'ਚ ਭਾਰਤੀ ਖਿਡਾਰੀ ਨੇ ਦਮਦਾਰ ਸ਼ੁਰੂਆਤ ਕੀਤੀ ਤੇ 1-1 ਨਾਲ ਸਕੋਰ ਬਰਾਬਰ ਹੋਣ ਮਗਰੋਂ ਇਕ ਵਾਰ ਵੀ ਪਿੱਛੇ ਨਹੀਂ ਹੋਏ। ਵੂੰਗ ਆਪਣੇ ਖੇਡ ਨੂੰ ਦੂਜੇ ਗੇਮ 'ਚ ਵੀ ਬਿਹਤਰ ਨਹੀਂ ਕਰ ਪਾਏ ਤੇ ਮੁਕਾਬਲੇ ਹਾਰ ਗਏ।