ਟੋਕੀਓ ਓਲੰਪਿਕ 2020 ’ਚ ਭਾਰਤ ਨੇ ਹੁਣ ਤਕ ਦਾ ਸਭ ਤੋਂ ਵੱਡਾ 127 ਖਿਡਾਰੀਆਂ ਦਾ ਦਲ ਇਸ ਖੇਡ ਮਹਾਕੁੰਭ ਲਈ ਭੇਜਿਆ ਸੀ, ਜਿਸ ਵਿਚ 73 ਪੁਰਸ਼ ਤੇ 54 ਔਰਤਾਂ ਸ਼ਾਮਲ ਸਨ। ਇਨ੍ਹਾਂ ਖੇਡਾਂ ’ਚ 15 ਤੋਂ 18 ਤਗਮੇ ਜਿੱਤਣ ਦਾ ਦਾਅਵੇਦਾਰ ਸੀ ਕਿੳਂੁਕਿ ਭਾਰਤੀ ਦਲ ’ਚ 13 ਦੇ ਕਰੀਬ ਅਜਿਹੇ ਖਿਡਾਰੀ ਸਨ, ਜੋ ਆਲਮੀ ਦਰਜਾਬੰਦੀ ’ਚ ਪਹਿਲੇ ਤਿੰਨ ਸਥਾਨਾਂ ’ਤੇ ਕਾਬਜ਼ ਸਨ।

ਨਿਸ਼ਾਨੇਬਾਜ਼ੀ ’ਚ ਸੌਰਭ ਚੌਧਰੀ ਦਾ ਪ੍ਰਦਰਸ਼ਨ ਰਿਹਾ ਚੰਗਾ

ਦੁਨੀਆ ਦੇ 8 ਉੱਤਮ ਨਿਸ਼ਾਨਚੀਆਂ ਨਾਲ ਸਜੇ 15 ਮੈਂਬਰੀ ਨਿਸ਼ਾਨੇਬਾਜ਼ੀ ਦਲ ਤੋਂ ਭਾਰਤ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਸਨ। ਇਸ ਦੀ ਸ਼ੁਰੂਆਤ ਵੀ ਵਧੀਆ ਰਹੀ ਜਦੋਂ ਸੌਰਭ ਚੌਧਰੀ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ’ਚ ਸਿਖਰ ’ਤੇ ਰਹਿੰਦਿਆਂ ਫਾਈਨਲ ’ਚ ਪ੍ਰਵੇਸ਼ ਕੀਤਾ ਪਰ ਫਾਈਨਲ ’ਚ ਉਹ ਕੇਵਲ ਸੱਤਵਾਂ ਸਥਾਨ ਹੀ ਪ੍ਰਾਪਤ ਕਰ ਸਕਿਆ। ਭਾਰਤੀ ਨਿਸ਼ਾਨੇਬਾਜ਼ਾਂ ’ਚੋਂ ਉਸ ਦਾ ਪ੍ਰਦਰਸ਼ਨ ਹੀ ਸਭ ਤੋਂ ਚੰਗਾ ਸੀ ਕਿਉਂਕਿ ਕੋਈ ਹੋਰ ਨਿਸ਼ਾਨੇਬਾਜ਼ ਫਾਈਨਲ ’ਚ ਵੀ ਨਹੀਂ ਪਹੁੰਚ ਸਕਿਆ। ਭਾਵੇਂ ਭਾਕਰ ਦੀ ਪਿਸਤੌਲ ’ਚ ਖ਼ਰਾਬੀ ਚਰਚਾ ਦਾ ਵਿਸ਼ਾ ਰਹੀ ਪਰ ਹਾਰ ਦਾ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ ਕਿੳਂੁਕਿ ਖਿਡਾਰੀਆਂ ਨੂੰ ਆਪਣੇ ਸਿੰਗਲ ਮੁਕਾਬਲਿਆਂ ਤੋਂ ਇਲਾਵਾ ਟੀਮ ਮੁਕਾਬਲਿਆਂ ’ਚ ਵੀ ਮੌਕੇ ਮਿਲੇ ਪਰ ਉਹ ਆਪਣੇ ਨਾਂ ਮੁਤਾਬਕ ਕੋਈ ਜਲਵਾ ਨਾ ਦਿਖਾ ਸਕੇ। ਨਿਸ਼ਾਨੇਬਾਜਾਂ ਦੇ ਇਸ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਹੀ ਕਿਹਾ ਜਾ ਸਕਦਾ ਹੈ।

ਇਕਸਾਰਤਾ ਬਰਕਰਾਰ ਨਾ ਰੱਖ ਸਕੇ ਤੀਰਅੰਦਾਜ਼

ਭਾਰਤੀ ਤੀਰਅੰਦਾਜ਼ਾਂ ਨੇ ਕਈ ਤਕੜੇ ਵਿਰੋਧੀਆਂ ਨੂੰ ਹਰਾ ਕੇ ਸ਼ੁਰੂਆਤ ਕੀਤੀ ਪਰ ਉਹ ਆਪਣੀ ਇਕਾਗਰਤਾ ਤੇ ਇਕਸਾਰਤਾ ਬਰਕਰਾਰ ਨਾ ਰੱਖ ਸਕੇ। ਅੰਤਨੂੰ ਦਾਸ ਦੇ ਪਹਿਲੇ ਤਿੰਨੇ ਮੁਕਾਬਲੇ ਹੀ ਟੋਕੀਓ ਓਲੰਪਿਕ ਪੁਰਸ਼ ਟੀਮ ਵਰਗ ਦੇ ਚਾਂਦੀ, ਸੋਨੇ ਤੇ ਕਾਂਸੀ ਤਗਮੇ ਦੇ ਜੇਤੂ ਤੀਰਅੰਦਾਜ਼ਾਂ ਨਾਲ ਸੀ। ਉਹ ਦੋ ਮੁਕਾਬਲੇ ਜਿੱਤਣ ਤੋਂ ਬਾਅਦ ਤੀਜੇ ਮੁਕਾਬਲੇ ’ਚ ਹਾਰ ਗਿਆ। ਭਾਰਤੀ ਪੁਰਸ਼ ਟੀਮ, ਮਿਕਸ ਟੀਮ ਤੇ ਦੀਪਿਕਾ ਕੁਮਾਰੀ ਆਪਣੇ ਤਿੰਨੇ ਵਰਗਾਂ ’ਚ ਕੁਆਰਟਰ ਫਾਈਨਲ ’ਚ ਪਹੁੰਚ ਗਏ ਸਨ ਪਰ ਉਹ ਮਜ਼ਬੂਤ ਦੱਖਣੀ ਕੋਰੀਆ ਚੁਣੌਤੀ ਤੋਂ ਪਾਰ ਨਾ ਪਾ ਸਕੇ ਤੇ ਤਿੰਨੇ ਹੀ ਮੁਕਾਬਲਿਆਂ ’ਚੋਂ ਹਾਰ ਕੇ ਬਾਹਰ ਹੋ ਗਏ। ਵਿਸ਼ਵ ਦੀ ਨੰਬਰ ਇਕ ਦੀਪਿਕਾ ਕੁਮਾਰੀ ਨੇ ਰਾਊਂਡ 16 ’ਚ ਰੀਓ ਓਲੰਪਿਕ ਚਾਂਦੀ ਤਗਮਾ ਜੇਤੂ ਕਸੇਨੀਆ ਪਿਰੋਵਾ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਤੀਰਅੰਦਾਜ਼ ਹੋਣ ਦਾ ਮਾਣ ਹਾਸਲ ਕੀਤਾ। ਭਾਰਤੀ ਪੁਰਸ਼ ਟੀਮ, ਮਿਕਸ ਟੀਮ ਤੇ ਦੀਪਿਕਾ ਕੁਮਾਰੀ ਨੂੰ ਕੁਆਰਟਰ ਫਾਈਨਲ ’ਚ ਹਰਾਉਣ ਵਾਲੇ ਦੱਖਣੀ ਕੋਰੀਆ ਦੇ ਤੀਰਅੰਦਾਜ਼ਾਂ ਨੇ ਹੀ ਇਨ੍ਹਾਂ ਤਿੰਨੇ ਮੁਕਾਬਲਿਆਂ ਦੇ ਫਾਈਨਲ ’ਚ ਪਹੁੰਚ ਕੇ ਤਿੰਨ ਸੋਨ ਤਗਮੇ ਹਾਸਲ ਕੀਤੇ। ਭਾਰਤੀ ਤੀਰਅੰਦਾਜ਼ਾਂ ਨੇ ਆਪਣੀ ਸਮਰੱਥਾ ਤਾਂ ਦਿਖਾਈ ਪਰ ਜੇ ਦੱਖਣੀ ਕੋਰੀਆ ਵਿਰੱੁਧ ਪ੍ਰਦਰਸ਼ਨ ਬਿਹਤਰ ਹੁੰਦਾ ਤਾਂ ਭਾਰਤੀ ਤਗਮਾ ਸੂਚੀ ਕੁਝ ਹੋਰ ਹੋਣੀ ਸੀ।

ਪਹਿਲੇ ਹੀ ਮੁਕਾਬਲੇ ’ਚੋਂ ਬਾਹਰ ਹੋਏ ਪੰਜ ਮੁੱਕੇਬਾਜ਼

ਮੱੁਕੇਬਾਜ਼ੀ ਵਿਚ ਵੀ ਭਾਰਤ ਦਾ ਪ੍ਰਦਰਸ਼ਨ ਵਧੀਆ ਰਹਿਣ ਦੀ ਉਮੀਦ ਸੀ। ਮੈਰੀ ਕਾਮ ਨੇ ਆਪਣਾ ਪਹਿਲਾ ਮੁਕਾਬਲਾ ਸ਼ਾਨਦਾਰ ਢੰਗ ਨਾਲ ਜਿੱਤਿਆ ਪਰ ਦੂਜੇ ਸੰਘਰਸ਼ਪੂਰਨ ਮੁਕਾਬਲੇ ’ਚ ਕੋਲੰਬੀਆ ਦੀ ਇੰਗਿ੍ਰਟ ਵਲਂੈਸੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੈਰੀ ਕਾਮ ਦੀ ਇਹ ਹਾਰ ਵੀ ਕਈਆਂ ਲਈ ਪ੍ਰੇਰਣਾਸ੍ਰੋਤ ਸਾਬਤ ਹੋਵੇਗੀ। ਭਾਰਤ ਦੇ ਪੰਜ ਮੁੱਕੇਬਾਜ਼ ਆਪਣਾ ਪਹਿਲਾ ਹੀ ਮੁਕਾਬਲਾ ਹਾਰ ਕੇ ਬਾਹਰ ਹੋ ਗਏ।

ਹਾਕੀ ਵਾਲਿਆਂ ਨੇ ਜਿੱਤ ਲਿਆ ਦਿਲ

ਭਾਰਤੀ ਪੁਰਸ਼ ਹਾਕੀ ਟੀਮ 41 ਸਾਲਾਂ ਬਾਅਦ ਓਲੰਪਿਕ ਹਾਕੀ ’ਚ ਪਹਿਲੀਆਂ ਚਾਰ ਟੀਮਾਂ ’ਚ ਸ਼ਾਮਲ ਹੋਈ। ਭਾਰਤ ਦਾ ਮੁਕਾਬਲਾ ਸੈਮੀ ਫਾਈਨਲ ’ਚ ਵਿਸ਼ਵ ਦੀ ਨੰਬਰ ਇਕ ਟੀਮ ਬੈਲਜੀਅਮ ਨਾਲ ਸੀ, ਜਿਸ ਵਿਚ ਭਾਰਤ 2-5 ਨਾਲ ਹਾਰ ਗਿਆ। ਪੁਰਸ਼ ਹਾਕੀ ਟੀਮ ਨੇ ਤੀਜੇ ਸਥਾਨ ਲਈ ਜਰਮਨੀ ਨਾਲ ਖੇਡੇ ਮੈਚ ’ਚ 5-4 ਨਾਲ ਜਿੱਤ ਕੇ ਕਾਂਸੀ ਤਗਮੇ ’ਤੇ ਕਬਜ਼ਾ ਕੀਤਾ ਤੇ 41 ਸਾਲਾਂ ਦਾ ਭਾਰਤੀ ਓਲੰਪਿਕ ਹਾਕੀ ’ਚ ਤਗਮੇ ਦਾ ਸੋਕਾ ਖ਼ਤਮ ਕੀਤਾ। ਇਸੇ ਤਰ੍ਹਾਂ ਮਹਿਲਾ ਹਾਕੀ ਟੀਮ ਆਪਣੀਆਂ ਪਹਿਲੀਆਂ ਤਿੰਨ ਹਾਰਾਂ (ਹਾਲੈਂਡ ਤੋਂ 1-5, ਜਰਮਨੀ ਤੋਂ 0-2, ਇੰਗਲੈਂਡ ਤੋਂ 1-4) ਦੇ ਬਾਵਜੂਦਆਖ਼ਰੀ ਦੋ ਜਿੱਤਾਂ (ਆਇਰਲੈਂਡ ਤੋਂ 1-0, ਦੱਖਣੀ ਅਫਰੀਕਾ ਤੋਂ 4-3) ਨਾਲ ਕੁਆਰਟਰ ਫਾਈਨਲ ’ਚ ਪਹੁੰਚ ਗਈ। ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ ਕੁਆਰਟਰ ਫਾਈਨਲ ’ਚ 1-0 ਨਾਲ ਹਰਾਇਆ ਤੇ ਪੁਰਸ਼ ਹਾਕੀ ਵਾਂਗ ਹੀ 41 ਸਾਲ ਬਾਅਦਪਹਿਲੀਆਂ ਚਾਰ ਟੀਮਾਂ ’ਚ ਸ਼ਾਮਲ ਹੋਈ। ਭਾਰਤੀ ਮਹਿਲਾ ਹਾਕੀ ਟੀਮ ਭਾਵੇਂ ਕੋਈ ਤਗਮਾ ਨਾ ਜਿੱਤ ਸਕੀ ਪਰ ਕਰੋੜਾਂ ਭਾਰਤੀਆਂ ਦਾ ਦਿਲ ਜ਼ਰੂਰ ਜਿੱਤ ਲਿਆ।

ਐਥਲੈਟਿਕਸ ’ਚ ਪਹਿਲਾ ਸੋਨ ਤਗਮਾ

ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਆਪਣੇ ਗਰੱੁਪ ’ਚ 64 ਮੀਟਰ ਚੱਕਾ ਸੁੱਟ ਕੇ ਦੂਜੇ ਨੰਬਰ ’ਤੇ ਰਹਿੰਦਿਆਂ ਫਾਈਨਲ ’ਚ ਪ੍ਰਵੇਸ਼ ਕੀਤਾ ਤੇ ਫਾਈਨਲ ’ਚ ਉਹ 63.70 ਮੀਟਰ ਥ੍ਰੋਅ ਨਾਲ 6ਵੇਂ ਸਥਾਨ ’ਤੇ ਰਹੀ। ਇਨ੍ਹਾਂ ਖੇਡਾਂ ਲਈ ਭਾਰਤ ਦੇ ਪੋਸਟਰ ਬੁਆਏ ਨੀਰਜ ਚੋਪੜਾ ਨੇ ਫਾਈਨਲ ’ਚ ਇਤਿਹਾਸ ਰਚਦਿਆਂ 87.58 ਮੀਟਰ ਜੈਵਲਿਨ ਸੁੱਟ ਕੇ ਸੋਨੇ ਦਾ ਤਗਮਾ ਜਿੱਤਿਆ। ਐਥਲੈਟਿਕਸ ’ਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਸੀ।

ਦੀਪਕ ਤੇ ਬਜਰੰਗ ਪੂਨੀਆ ਦਾ ਪ੍ਰਦਰਸ਼ਨ

ਰਵੀ ਕੁਮਾਰ ਦਹੀਆ ਨੇ ਆਪਣੇ ਪਹਿਲੇ ਮੁਕਾਬਲੇ ’ਚ ਕੋਲੰਬੀਆ ਦੇ ਟਾਈਗਰੋਸ ਨੂੰ 13-2 ਤੋਂ, ਕੁਆਰਟਰ ਫਾਈਨਲ ’ਚ ਬੁਲਗਾਰੀਆ ਦੇ ਜੋਰਜੀ ਵਾਂਗੇੇਲੋਵ ਨੂੰ 14-4 ਤੋਂ ਤਕਨੀਕੀ ਸ੍ਰੇਸ਼ਠਤਾ ਨਾਲ ਹਰਾਇਆ। ਦਹੀਆ ਨੇ ਸੈਮੀ ਫਾਈਨਲ ’ਚ ਕਜ਼ਾਕਿਸਤਾਨ ਦੇ ਨੂਰਇਸਲਾਮ ਸਾਨੇਵ ਨਾਲ ਹੋਏ ਜ਼ਬਰਦਸਤ ਮੁਕਾਬਲੇ ’ਚ 2-9 ਨਾਲ ਪੱਛੜਨ ਤੋਂ ਬਾਅਦ ਉਸ ਦੀ ਗੋਡਣੀ ਲੁਆ ਕੇ ਜਿੱਤਿਆ। ਇਸ ਤਰ੍ਹਾਂ ਉਹ ਫਾਈਨਲ ’ਚ ਪ੍ਰਵੇਸ਼ ਕਰਨ ਵਾਲਾ ਦੂਜਾ ਭਾਰਤੀ ਭਲਵਾਨ ਬਣ ਗਿਆ। ਰਵੀ ਕੁਮਾਰ ਦਹੀਆ ਫਾਈਨਲ ’ਚ ਰੂਸੀ ਓਲੰਪਿਕ ਕਮੇਟੀ ਦੇ ਵਿਸ਼ਵ ਚੈਂਪੀਅਨ ਜ਼ਾਵੂਰ ਯੂਗੇਵ ਤੋਂ ਹਾਰ ਗਿਆ ਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਦੀਪਕ ਪੂਨੀਆ ਨੇ 86 ਕਿੱਲੋ ਵਰਗ ’ਚ ਆਪਣੇ ਪਹਿਲੇ ਮੁਕਾਬਲੇ ’ਚ ਨਾਈਜੀਰੀਆ ਦੇ ਏਕਰੇਕਰਨੇ ਅਜਾਰਨਰ ਨੂੰ, ਕੁਆਰਟਰ ਫਾਈਨਲ ’ਚ ਚੀਨ ਦੇ ਜੁ ਸ਼ੇਨ ਲੀ ਨੂੰ ਹਰਾਇਆ ਪਰ ਸੈਮੀਫਾਈਨਲ ’ਚ ਉਹ ਅਮਰੀਕਾ ਦੇ ਡੇਵਿਡ ਟੇਲਰ ਤੋਂ ਹਾਰ ਗਿਆ। ਕਾਂਸੀ ਦੇ ਤਗਮੇ ਲਈ ਰੈਪਚੇਜ ਰਾਊਂਡ ’ਚ ਦੀਪਕ ਪੂਨੀਆ ਸੇਨ ਮਰੀਨੋ ਦੇ ਮੈਲਿਸ ਅਮੀਨੇ ਤੋਂ ਆਖ਼ਰੀ ਪਲਾਂ ’ਚ ਹਾਰ ਕੇ ਤਗਮੇ ਤੋਂ ਵਾਂਝਾ ਰਹਿ ਗਿਆ। ਭਾਰਤ ਲਈ ਤਗਮੇ ਦੀ ਉਮੀਦ ਵਿਨੇਸ਼ ਫੋਗਾਟ ਆਪਣੇ ਦੂਜੇ ਮੁੁਕਾਬਲੇ ’ਚ ਬੇਲਾਰੂਸ ਦੀ ਸਾਬਕਾ ਆਲਮੀ ਚੈਂਪੀਅਨ ਵਨੀਸਾ ਕੈਲਾਦਜ਼ੀ ਤੋਂ ਚਿੱਤ ਹੋ ਗਈ। ਬਜਰੰਗ ਪੂਨੀਆ ਨੇ 65 ਕਿੱਲੋ ਵਰਗ ’ਚ ਪਹਿਲੇ ਮੁਕਾਬਲੇ ’ਚ ਕਰਗਿਸਤਾਨ ਦੇ ਅਕਮਾਤੀਲੇਵ ਨੂੰ, ਦੂਜੇ ਮੁਕਾਬਲੇ ’ਚ ਇਰਾਨ ਦੇ ਮੁਰਤਜਾ ਗਿਆਸੀ ਨੂੰ ਹਰਾਇਆ ਪਰ ਸੈਮੀਫਾਈਨਲ ’ਚ ਅਜਰਬਾਈਜਾਨ ਦੇ ਹਾਜੀ ਅਲੀਯੇਵ ਤੋਂ ਹਾਰ ਗਿਆ। ਬਜਰੰਗ ਪੂਨੀਆ ਨੇ ਕਾਂਸੀ ਦੇ ਤਗਮੇ ਲਈ ਖੇਡੇ ਰੈਪਚੇਜ ਰਾਊਂਡ ’ਚ ਕਜ਼ਾਕਿਸਤਾਨ ਦੇ ਦੋਲੇਤ ਨਿਯਾਜਬੇਕੋਵ ਨੁੂੰ ਹਰਾ ਕੇ ਇਨ੍ਹਾਂ ਓਲੰਪਿਕ ਖੇਡਾਂ ’ਚ ਦੇਸ਼ ਦਾ ਛੇਵਾਂ ਤਗਮਾ ਜਿੱਤਿਆ।

ਝੋਲੀ ਪਏ ਕੁੱਲ ਸੱਤ ਤਗਮੇ

ਭਾਰਤ ਦੀ ਝੋਲੀ ਇਨ੍ਹਾਂ ਖੇਡਾਂ ’ਚ ਪਹਿਲੀ ਵਾਰ ਸੋਨਾ, ਚਾਂਦੀ ਤੇ ਕਾਂਸੀ ਦੇ ਕੁੱਲ ਸੱਤ ਤਗਮੇ ਪਏ। ਖਿਡਾਰੀਆਂ ਦੇ ਪ੍ਰਦਰਸ਼ਨ ’ਚ ਖੇਡ ਮਾਹਿਰਾਂ ਨੂੰ ਉਸ ਜੁਝਾਰੂਪਣ ਦੀ ਘਾਟ ਨਜ਼ਰ ਆਈ ਜੋ ਭਲਵਾਨ ਰਵੀ ਦਹੀਆ, ਨੀਰਜ ਚੋਪੜਾ ਜਾਂ ਹਾਕੀ ਦੇ ਖਿਡਾਰੀਆਂ ਨੇ ਦਿਖਾਇਆ।

ਪੀ.ਵੀ. ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ

ਪੁਰਸ਼ਾਂ ਦੀ ਜੋੜੀ ਸਾਤਵਿਕ ਸਰਾਜ ਤੇ ਚਿਰਾਗ ਸ਼ੈਟੀ ਨੇ ਪਹਿਲੇ ਮੁਕਾਬਲੇ ’ਚ ਵਿਸ਼ਵ ਦੀ ਤੀਸਰਾ ਦਰਜਾ ਪ੍ਰਾਪਤ ਤਾਈਪੇ ਦੀ ਜੋੜੀ ਨੂੰ ਹਰਾ ਕੇ ਚੰਗਾ ਪ੍ਰਦਰਸ਼ਨ ਕੀਤਾ। ਇਹ ਭਾਰਤੀ ਜੋੜੀ ਦੂਜੇ ਮੁਕਾਬਲੇ ’ਚ ਵਿਸ਼ਵ ਦੀ ਪਹਿਲਾ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਜੋੜੀ ਤੋਂ ਹਾਰ ਗਈ ਤੇ ਅੰਕਾਂ ਦੇ ਹੇਰ-ਫੇਰ ਕਾਰਨ ਕੁਆਰਟਰ ਫਾਈਨਲ ’ਚ ਜਗ੍ਹਾ ਨਾ ਬਣਾ ਸਕੀ। ਰੀਓ ਓਲੰਪਿਕ ’ਚ ਚਾਂਦੀ ਦਾ ਤਗਮਾ ਜੇਤੂ ਪੀ. ਵੀ. ਸਿੰਧੂ ਮਹਿਲਾ ਸਿੰਗਲ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲੇ ਤਿੰਨੋਂ ਮੈਚ ਜਿੱਤਣ ਤੋਂ ਬਾਅਦ ਕੁਆਰਟਰ ਫਾਈਨਲ ’ਚ ਵਿਸ਼ਵ ਦੀ ਪੰਜਵਾਂ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀ ਫਾਈਨਲ ’ਚ ਪਹੁੰਚੀ। ਸੈਮੀ ਫਾਈਨਲ ’ਚ ਉਹ ਤਾਈਪੇ ਦੀ ਵਿਸ਼ਵ ਦੀ ਨੰਬਰ ਦੋ ਖਿਡਾਰੀ ਤਾਈ ਜ਼ੁ ਜਿੰਗ ਤੋਂ ਹਾਰ ਗਈ ਪਰ ਚੀਨ ਦੀ ਹੀਬਿੰਗ ਜਿਆਓ ਨੂੰ ਹਰਾ ਕੇ ਉਸ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪੀ.ਵੀ. ਸਿੰਧੂ ਲਗਾਤਾਰ ਦੋ ਓਲੰਪਿਕ ਖੇਡਾਂ ’ਚ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ।

- ਡਾ. ਕਰਨਜੀਤ ਸਿੰਘ ਬੇਦੀ

Posted By: Harjinder Sodhi