ਮੈਡਰਿਡ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ 'ਚ ਪਿਛਲੀ ਵਾਰ ਦੀ ਚੈਂਪੀਅਨ ਟੀਮ ਬਾਰਸੀਲੋਨਾ ਨੇ ਸੇਵੀਆ ਨੂੰ 4-0 ਨਾਲ ਹਰਾ ਕੇ ਆਪਣੀ ਗੁਆਚੀ ਹੋਈ ਲੈਅ ਹਾਸਲ ਕਰ ਲਈ। ਬਾਰਸੀਲੋਨਾ ਦੀ ਇਸ ਜਿੱਤ ਨਾਲ ਸਪੈਨਿਸ਼ ਲੀਗ ਦੀਆਂ ਦਿੱਗਜ ਟੀਮਾਂ ਅੰਕ ਸੂਚੀ ਵਿਚ ਚੋਟੀ ਦੇ ਤਿੰਨ ਸਥਾਨਾਂ 'ਤੇ ਨਜ਼ਰ ਆ ਰਹੀਆਂ ਹਨ। ਕੈਂਪ ਨਾਊ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਲਿਓਨ ਮੈਸੀ ਨੇ ਕੋਣ ਬਣਾਉਂਦੀ ਫ੍ਰੀ ਕਿੱਕ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਸੈਸ਼ਨ ਦਾ ਆਪਣਾ ਪਹਿਲਾ ਗੋਲ ਮੁਕੰਮਲ ਕੀਤਾ। ਹਾਲਾਂਕਿ ਇਸੋਂ ਪਹਿਲਾਂ ਹੀ ਬਾਰਸੀਲੋਨਾ ਦੇ ਸਟਾਰ ਲੁਇਸ ਸੁਆਰੇਜ ਅਰਤੁਰੋ ਵਿਡਲ ਤੇ ਉਸਮਾਨੇ ਡੇਂਬਲੇ ਨੇ ਗੋਲ ਕਰ ਕੇ ਸੇਵੀਆ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ। ਬਾਰਸੀਲੋਨਾ ਨੂੰ ਸੁਆਰੇਜ ਨੇ ਖੇਡ ਦੇ 27ਵੇਂ ਮਿੰਟ ਵਿਚ ਖੱਬੇ ਪੈਰ ਨਾਲ ਇਕ ਜ਼ਬਰਦਸਤ ਬਾਈਸਿਕਲ ਕਿੱਕ 'ਤੇ ਗੋਲ ਕਰ ਕੇ ਸ਼ੁਰੂਆਤੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਵਿਡਲ ਨੇ 32ਵੇਂ ਮਿੰਟ ਵਿਚ ਇਕ ਅਜਿਹਾ ਗੋਲ ਕੀਤਾ ਜਿਸ ਵਿਚ ਗੇਂਦ ਬਾਰਸੀਲੋਨਾ ਦੇ ਸਾਰੇ 11 ਖਿਡਾਰੀਆਂ ਤੋਂ ਹੋ ਕੇ ਗੁਜ਼ਰੀ। ਇਸ ਗੋਲ ਦੇ ਤਿੰਨ ਮਿੰਟ ਬਾਅਦ ਹੀ ਡੇਂਬਲੇ ਨੇ ਗੋਲ ਕਰ ਕੇ ਅੱਧ ੇਸਮੇਂ ਤੋਂ ਪਹਿਲਾਂ ਬਾਰਸੀਲੋਨਾ ਨੂੰ 3-0 ਨਾਲ ਅੱਗੇ ਕਰ ਦਿੱਤਾ ਜਦਕਿ ਦੂਜੇ ਅੱਧ ਵਿਚ ਮੈਸੀ (78ਵੇਂ ਮਿੰਟ) ਨੇ ਟੀਮ ਲਈ ਇਕਲੌਤਾ ਗੋਲ ਕੀਤਾ। ਇਸ ਮੁਕਾਬਲੇ ਦੇ ਆਖ਼ਰੀ ਮਿੰਟ ਵਿਚ ਬਾਰਸੀਲੋਨਾ ਨੂੰ ਨੌਂ ਖਿਡਾਰੀਆਂ ਨਾਲ ਖੇਡਣਾ ਪਿਆ। ਸ਼ੁਰੂਆਤ ਕਰ ਕਰ ਰਹੇ ਰੋਨਾਲਡ ਅਰਾਜੋ ਨੂੰ ਪਹਿਲਾਂ ਰੈਫਰੀ ਨੇ ਰੈੱਡ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਤੇ ਫਿਰ ਇਕ ਮਿੰਟ ਬਾਅਦ ਹੀ ਡੇਂਬਲੇ ਨੂੰ ਮੁਕਾਬਲੇ ਦਾ ਦੂਜਾ ਯੈਲੋ ਕਾਰਡ ਮਿਲਣ ਕਾਰਨ ਮੈਦਾਨ ਛੱਡਣਾ ਪਿਆ।

ਰੀਅਲ ਸਿਖ਼ਰ 'ਤੇ :

ਅੱਠ ਮੁਕਾਬਲਿਆਂ ਤੋਂ ਬਾਅਦ ਹੁਣ ਬਾਰਸੀਲੋਨਾ ਅੰਕ ਸੂਚੀ ਵਿਚ 16 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਉਹ ਚੋਟੀ 'ਤੇ ਕਾਬਜ਼ ਰੀਅਲ ਮੈਡਰਿਡ (18 ਅੰਕ) ਤੋਂ ਦੋ ਅੰਕ ਪਿੱਛੇ ਤੇ ਤੀਜੇ ਸਥਾਨ 'ਤੇ ਕਾਬਜ ਏਟਲੇਟਿਕੋ ਮੈਡਰਿਡ (15 ਅੰਕ) ਤੋਂ ਇਕ ਅੰਕ ਅੱਗੇ ਹੈ। ਐਤਵਾਰ ਨੂੰ ਇਕ ਹੋਰ ਲੀਗ ਮੁਕਾਬਲੇ ਵਿਚ ਏਟਲੇਟਿਕੋ ਮੈਡਰਿਡ ਨੂੰ ਵਾਲਾਡੋਲਿਡ ਨਾਲ ਗੋਲ ਰਹਿਤ (0-0) ਡਰਾਅ ਖੇਡਣਾ ਪਿਆ ਸੀ ਜਦਕਿ ਰੀਅਲ ਨੇ ਅੱਠਵੇਂ ਗੇੜ ਦੇ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਗ੍ਰੇਨਾਡਾ ਨੂੰ 4-2 ਨਾਲ ਹਰਾਇਆ ਸੀ।

---------------

ਮੁੜ ਜੇਤੂ ਪੀੜ੍ਹੀ ਤਿਆਰ ਕਰਾਂਗੇ : ਜੋਸਫ

ਲੀਡਸ (ਏਐੱਫਪੀ) : ਬਾਰਸੀਲੋਨਾ ਦੇ ਪ੍ਰਧਾਨ ਜੋਸਫ ਮਾਰੀਆ ਬਾਰਟੋਮੇਊ ਮੁੜ ਇਕ ਜੇਤੂ ਪੀੜ੍ਹੀ ਤਿਆਰ ਕਰਨ ਲਈ ਦੁਬਾਰਾ ਪੈਸਾ ਲਾਉਣ ਬਾਰੇ ਸੋਚ ਰਹੇ ਹਨ। ਬਾਰਟੋਮੇਊ ਨੇ ਕਿਹਾ ਕਿ ਅਸੀਂ ਘਰੇਲੂ ਅਤੇ ਅਵੇ ਮੁਕਾਬਲਿਆਂ ਵਿਚ ਕੁਦਰਤੀ ਵਿਕਾਸ ਲਈ ਯੋਗਤਾ ਦੀ ਭਾਲ ਜਾਰੀ ਰੱਖਣੀ ਹੈ। ਸਾਨੂੰ ਆਸ ਹੈ ਕਿ ਇਹ ਇਕ ਜੇਤੂ ਪੀੜ੍ਹੀ ਹੋਵੇਗੀ। ਚੀਜ਼ਾਂ ਚੰਗੀਆਂ ਚੱਲ ਰਹੀਆਂ ਹਨ। ਖੇਡਾਂ ਦੀ ਦੁਨੀਆ ਵਿਚ ਸਾਡਾ ਕਲੱਬ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਕਲੱਬ ਹੈ।

-------------