ਮੈਡਰਿਡ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਸ਼ੁੱਕਰਵਾਰ ਨੂੰ ਅਥਲੈਟਿਕ ਬਿਲਬਾਓ ਨੂੰ ਮਾਲੋਰਕਾ ਖ਼ਿਲਾਫ਼ ਗੋਲਰਹਿਤ (0-0) ਨਾਲ ਡਰਾਅ ਨਾਲ ਸਬਰ ਕਰਨਾ ਪਿਆ। ਇਸ ਦੌਰਾਨ ਦੋਵਾਂ ਟੀਮਾਂ ਨੇ ਪੈਨਲਟੀ ਕਿੱਕ 'ਤੇ ਗੋਲ ਕਰਨ ਦੇ ਮੌਕੇ ਗੁਆਏ। ਬਿਲਬਾਓ ਦੇ ਸਟਾਰ ਅਰਿਤਜ ਅਦੁਰਿਜ ਵੱਲੋਂ 96ਵੇਂ ਮਿੰਟ ਵਿਚ ਲਾਈ ਗਈ ਪੈਨਲਟੀ ਕਿੱਕ ਨੂੰ ਮੈਨੋਲੋ ਰੀਨਾ ਨੇ ਰੋਕ ਦਿੱਤਾ ਜਿਸ ਨਾਲ ਅਦੁਰਿਜ ਦੀ ਟੀਮ ਨੇ ਜਿੱਤ ਦਰਜ ਕਰਨ ਦਾ ਮੌਕਾ ਗੁਆ ਦਿੱਤਾ। ਇਸ ਤੋਂ ਪਹਿਲਾਂ ਮਾਲੋਰਕਾ ਦੇ ਸਟ੍ਰਾਈਕਰ ਅਬਡੋਨ ਪ੍ਰਾਟਸ ਪੈਨਲਟੀ ਕਿੱਕ ਨੂੰ ਗੋਲ ਪੋਸਟ ਤੋਂ ਬਾਹਰ ਮਾਰ ਬੈਠੇ। ਡਰਾਅ ਰਹੇ ਇਸ ਮੁਕਾਬਲੇ ਦੇ ਦਮ 'ਤੇ ਅਥਲੈਟਿਕ ਬਿਲਬਾਓ ਨੇ ਇਸ ਸੈਸ਼ਨ ਵਿਚ ਆਪਣੀ ਅਜੇਤੂ ਮੁਹਿੰਮ ਨੂੰ ਚਾਰ ਮੁਕਾਬਲਿਆਂ ਤਕ ਪਹੁੰਚਾ ਦਿੱਤਾ। ਚਾਰ ਮੁਕਾਬਲਿਆਂ ਵਿਚ ਦੋ ਜਿੱਤਾਂ ਨਾਲ ਉਸ ਦੇ ਅੱਠ ਅੰਕ ਹਨ। ਬਾਰਸੀਲੋਨਾ ਖ਼ਿਲਾਫ਼ ਸੈਸ਼ਨ ਦੇ ਸ਼ੁਰੂਆਤੀ ਮੁਕਾਬਲੇ ਵਿਚ ਅਦੁਰਿਜ ਨੇ ਬਦਲਵੇਂ ਖਿਡਾਰੀ ਵਜੋਂ ਬਿਹਤਰੀਨ ਗੋਲ ਕੀਤਾ ਸੀ ਪਰ ਮਾਲੋਰਕਾ ਵਿਚ ਉਹ ਆਪਣੀ ਟੀਮ ਲਈ ਖ਼ਲਨਾਇਕ ਸਾਬਤ ਹੋਏ। ਉਥੇ ਪ੍ਰਾਟਸ ਨੂੰ 82ਵੇਂ ਮਿੰਟ ਵਿਚ ਪੈਨਲਟੀ ਕਿੱਕ 'ਤੇ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ 12 ਗਜ਼ ਦੀ ਦੂਰੀ ਤੋਂ ਗੇਂਦ ਨੂੰ ਬਾਹਰ ਮਾਰ ਬੈਠੇ।