ਮੈਡਰਿਡ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਮੌਜੂਦਾ ਚੈਂਪੀਅਨ ਬਾਰਸੀਲੋਨਾ ਨੂੰ ਆਪਣੀ ਖ਼ਿਤਾਬੀ ਬਚਾਅ ਦੀ ਮੁਹਿੰਮ 'ਚ ਸ਼ੁਰੂਆਤ ਵਿਚ ਹੀ ਵੱਡਾ ਝਟਕਾ ਲੱਗਾ ਹੈ। ਮੌਜੂਦਾ ਸੈਸ਼ਨ ਦੇ ਪਹਿਲੇ ਹੀ ਮੁਕਾਬਲੇ ਵਿਚ ਬਦਲਵੇਂ ਖਿਡਾਰੀ ਏਰਿਜ ਅਦੁਰਿਜ ਵੱਲੋਂ ਆਖ਼ਰੀ ਸਮੇਂ ਵਿਚ ਕੀਤੇ ਗਏ ਗੋਲ ਦੀ ਬਦੌਲਤ ਅਥਲੈਟਿਕ ਬਿਲਬਾਓ ਨੇ ਬਾਰਸੀਲੋਨਾ ਨੂੰ 1-0 ਨਾਲ ਮਾਤ ਦਿੱਤੀ। ਇਸ ਮੈਚ ਦੌਰਾਨ ਬਾਰਸੀਲੋਨਾ ਦੇ ਸਟਾਰ ਸਟ੍ਰਾਈਕਰ ਲੁਇਸ ਸੁਆਰੇਜ ਜ਼ਖ਼ਮੀ ਹੋ ਗਏ। 38 ਸਾਲਾ ਅਦੁਰਿਜ ਨੇ 88ਵੇਂ ਮਿੰਟ ਵਿਚ ਗੋਲ ਕਰ ਕੇ ਬਾਰਸੀਲੋਨਾ ਨੂੰ ਹੈਰਾਨ ਕਰ ਦਿੱਤਾ। ਅਦੁਰਿਜ ਨੇ ਪਹਿਲਾਂ ਹੀ ਇਸ ਸੈਸ਼ਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੋਇਆ ਹੈ। ਇਸ ਮੁਕਾਬਲੇ ਵਿਚ ਬਾਰਸੀਲੋਨਾ ਆਪਣੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਤੋਂ ਬਿਨਾਂ ਉਤਰਿਆ ਜੋ ਪ੍ਰੀ-ਸੀਜ਼ਨ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਏ ਸਨ।

ਸੁਆਰੇਜ ਦੀ ਸੱਟ ਨੇ ਵਧਾਈਆਂ ਮੁਸ਼ਕਲਾਂ :

ਅਥਲੈਟਿਕ ਬਿਲਬਾਓ ਖ਼ਿਲਾਫ਼ ਲਾ ਲੀਗਾ ਦੇ ਪਹਿਲੇ ਹੀ ਮੁਕਾਬਲੇ ਵਿਚ ਲੁਇਸ ਸੁਆਰੇਜ 37ਵੇਂ ਮਿੰਟ ਵਿਚ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਬਾਰਸੀਲੋਨਾ ਨੇ ਵੀ ਸੁਆਰੇਜ ਦੇ ਸੱਜੇ ਪੈਰ ਵਿਚ ਸੱਟ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਬਾਰਸੀਲੋਨਾ ਨੇ ਸਪੱਸ਼ਟ ਨਹੀਂ ਕੀਤਾ ਹੈ ਕਿ ਸੁਆਰੇਜ ਕਿੰਨੇ ਸਮੇਂ ਲਈ ਮੈਦਾਨ 'ਚੋਂ ਬਾਹਰ ਰਹਿਣਗੇ। ਉਨ੍ਹਾਂ ਦੀ ਸੱਟ ਦੀ ਸਹੀ ਸਥਿਤੀ ਨੂੰ ਪਤਾ ਕਰਨ ਲਈ ਮੰਗਲਵਾਰ ਨੂੰ ਟੈਸਟ ਹੋਵੇਗਾ।