ਜੇਐੱਨਐੱਨ, ਜਮਸ਼ੇਦਪੁਰ : ਟਾਟਾ ਤੀਰਅੰਦਾਜ਼ੀ ਅਕਾਦਮੀ ਦੀ ਕੋਮਲਿਕਾ ਬਾਰੀ ਨੇ ਸਪੇਨ ਦੀ ਰਾਜਧਾਨੀ ਮੈਡਿ੍ਡ ਵਿਚ ਹੋਈ ਵਿਸ਼ਵ ਯੁਵਾ ਤੀਅਰਅੰਦਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸ਼ਾਨਦਾਰ ਨਿਸ਼ਾਨਾ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਕੋਮਲਿਕਾ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਵਿਚ ਜਾਪਾਨ ਦੀ ਵਾਕਾ ਸੋਨੋਡਾ 'ਤੇ 7-3 ਨਾਲ ਜਿੱਤ ਤੋਂ ਬਾਅਦ ਮਹਿਲਾ ਕੈਡੇਟ ਰਿਕਰਵ ਸ੍ਰੇਣੀ ਵਿਚ ਸੋਨ ਤਮਗਾ ਜਿੱਤਿਆ।

ਕੋਮਲਿਕਾ ਨੇ ਵੀਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿਚ ਕੋਰੀਆਈ ਤੀਰਅੰਦਾਜ਼ ਜਾਂਗ ਮੀ ਨੂੰ 6-5 ਨਾਲ ਮਾਤ ਦਿੱਤੀ ਸੀ। 17 ਸਾਲ ਦੀ ਕੋਮਲਿਕਾ ਦਾ ਅੰਡਰ-18 ਵਰਗ ਵਿਚ ਵਿਸ਼ਵ ਚੈਂਪੀਅਨ ਬਣਨ ਵਾਲੀ ਭਾਰਤ ਦੀ ਦੂਜੀ ਤੀਰਅੰਦਾਜ਼ ਬਣੀ। ਉਨ੍ਹਾਂ ਤੋਂ ਪਹਿਲਾਂ ਦੀਪਿਕਾ ਕੁਮਾਰੀ ਨੇ 2009 ਵਿਚ ਇਹ ਖਿਤਾਬ ਜਿੱਤਿਆ ਸੀ।

ਫਾਈਨਲ ਵਿਚ ਕੋਮਲਿਕਾ ਨੂੰ ਅੌਖੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕੋਮਲਿਕਾ ਨੇ ਪਹਿਲੇ ਦੋ ਸੈੱਟ ਸੌਖੇ ਜਿੱਤ ਕੇ 4-0 ਨਾਲ ਬੜ੍ਹਤ ਬਣਾ ਲਈ। ਹਾਲਾਂਕਿ, ਜਾਪਾਨੀ ਤੀਰਅੰਦਾਜ਼ੀ ਨੇ ਵਾਪਸੀ ਕਰ ਕੇ ਮੁਕਾਬਲੇ ਨੂੰ 5-1 'ਤੇ ਲਿਆਉਣ ਵਿਚ ਸਫਲਤਾ ਹਾਸਲ ਕੀਤੀ। ਕੋਮਲਿਕਾ ਨੂੰ ਸੋਨ ਤਮਗਾ ਹਾਸਲ ਕਰਨ ਲਈ ਬਸ ਇਕ ਅੰਕ ਦੀ ਲੋੜ ਸੀ। ਚੌਥੇ ਸੈੱਟ ਵਿਚ ਵੀ ਜਾਪਾਨੀ ਖਿਡਾਰੀ ਸੋਨੋਡਾ ਨੇ ਜਿੱਤ ਹਾਸਲ ਕਰ ਕੇ ਮੁਕਾਬਲੇ ਨੂੰ 5-3 'ਤੇ ਲਿਆ ਖੜ੍ਹਾ ਕੀਤਾ ਪਰ ਆਖਰੀ ਸੈੱਟ ਵਿਚ 29-28 ਅੰਕ ਹਾਸਲ ਕਰ ਕੇ ਕੋਮਲਿਕਾ ਨੇ ਸੋਨ ਤਮਗਾ ਨੂੰ ਆਪਣੀ ਝੋਲੀ ਵਿਚ ਪਾ ਲਿਆ।

ਵਿਸ਼ਵ ਤੀਰਅੰਦਾਜ਼ ਤੋਂ ਮੁਅੱਤਲ ਲਾਗੂ ਹੋਣ ਤੋਂ ਪਹਿਲਾਂ ਭਾਰਤ ਨੇ ਆਪਣੇ ਆਖਰੀ ਮੁਕਾਬਲੇ ਵਿਚ ਦੋ ਸੋਨ ਤਮਗੇ ਅਤੇ ਇਕ ਕਾਂਸੀ ਦੇ ਤਮਗੇ ਦੇ ਨਾਲ ਮੁਹਿੰਮ ਸਮਾਪਤ ਕੀਤੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਵਿਸ਼ਵ ਤੀਰਅੰਦਾਜ਼ੀ ਨੇ ਭਾਰਤ ਨੂੰ ਮੁਅੱਤਲ ਕਰਨ ਫ਼ੈਸਲਾ ਕੀਤਾ ਸੀ ਜਿਸ ਦੇ ਹਟਣ ਤਕ ਹੁਣ ਕੋਈ ਵੀ ਭਾਰਤੀ ਤੀਰਅੰਦਾਜ਼ ਦੇਸ਼ ਦੀ ਅਗਵਾਈ ਨਹੀਂ ਕਰ ਸਕੇਗਾ।