ਭਾਰਤੀ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਰਾਸ਼ੀ ਵਾਲਾ, ਧਨਰਾਜ ਪਿੱਲੈ ਭਾਰਤੀ ਹਾਕੀ ਦਾ ‘ਸਚਿਨ ਤੇਂਦੁਲਕਰ’ ਹੈ। ਕੋਈ ਉਸ ਨੂੰ ਹਾਕੀ ਦਾ ‘ਕਾਲਾ ਮੋਤੀ’ ਵੀ ਆਖਦਾ ਹੈ। ਕਲਾਊਡੀਅਸ ਅਤੇ ਊਧਮ ਸਿੰਘ ਤੋਂ ਬਾਅਦ ਇੱਕਠੀਆਂ ਚਾਰ ਓਲੰਪਿਕ ਖੇਡਾਂ ’ਚ ਸ਼ਿਰਕਤ ਕਰਨ ਦਾ ਮਾਣ ਅਜੇ ਤਕ ਧਨਰਾਜ ਪਿੱਲੈ ਨੇ ਹੀ ਖੱਟਿਆ ਹੈ। ਸਭ ਤੋਂ ਵੱਧ 400 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਦੀ ਗੁਰਜ ਵੀ ਧਨਰਾਜ ਪਿੱਲੈ ਦੇ ਮੋਢੇ ’ਤੇ ਟਿਕੀ ਹੋਈ ਹੈ। ਉਸ ਦੀ ਡਿ੍ਰਬਲਿੰਗ ਸਕਿੱਲ ਨੇ ਹਮੇਸ਼ਾ ਦਰਸ਼ਕਾਂ ਨੂੰ ਕਿਲਿਆ ਹੈ। ਖਿਡਾਰੀ ਵਜੋਂ ਉਸ ਦੀ ਮੁਹਾਰਤ ਤੇ ਹੁਨਰਮੰਦੀ ਤੋਂ ਹਾਕੀ ਦੇ ਦੀਵਾਨੇ ਕਾਇਲ ਹਨ। ਉਸ ਦੇ ਖੇਡ ਜੀਵਨ ਨਾਲ ਅਨੇਕਾਂ ਖੱਟੀਆਂ-ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਗ਼ਰੀਬੀ ਨਾਲ ਸੰਘਰਸ਼

ਧਨਰਾਜ ਪਿੱਲੈ ਦਾ ਜਨਮ 16 ਜੁਲਾਈ 1968 ਨੂੰ ਕੇਰਲ ਸੂਬੇ ਦੇ ਪਿੰਡ ਖੜਕੀ ਵਿਚ ਇਕ ਆਦਿਵਾਸੀ ਪਰਿਵਾਰ ’ਚ ਹੋਇਆ। ਉਸ ਦਾ ਦਾਦਾ ਰੋਜ਼ੀ-ਰੋਟੀ ਦੀ ਤਲਾਸ਼ ’ਚ ਪਹਿਲਾਂ ਬੰਗਲੌਰ ਅਤੇ ਫਿਰ ਕੇਰਲ ਆਇਆ ਸੀ, ਜਿੱਥੇ ਉਸ ਨੂੰ ਆਰਡੀਨੈਂਸ ਫੈਕਟਰੀ ’ਚ ਨੌਕਰੀਂ ਮਿਲ ਗਈ। ਧਨਰਾਜ ਦਾ ਪਿਤਾ ਵੀ ਇਸੇ ਫੈਕਟਰੀ ਵਿਚ ਚਪੜਾਸੀ ਭਰਤੀ ਹੋਇਆ। ਫੈਕਟਰੀ ਵਾਲਿਆਂ ਨੇ ਉਸ ਨੂੰ ਖੇਡ ਮੈਦਾਨਾਂ ਦੀ ਦੇਖ ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਨ੍ਹਾਂ ਮੈਦਾਨਾਂ ਵਿਚ ਧਨਰਾਜ ਨੇ 17 ਸਾਲ ਦੀ ਉਮਰ ਵਿਚ ਆਪਣੇ ਤਿੰਨ ਵੱਡੇ ਭਰਾਵਾਂ ਨਾਲ ਟੁੱਟੀਆਂ ਹਾਕੀਆਂ ਨੂੰ ਰੱਸੀਆਂ ਬੰਨ੍ਹ ਕੇ ਹਾਕੀ ਖੇਡਣੀ ਸਿੱਖੀ। ਮਾਪਿਆਂ ਨੇ ਉਸਦਾ ਨਾਂ ਧਨਰਾਜ ਇਸ ਲਈ ਰੱਖਿਆ ਸੀ ਕਿ ਉਹ ਵੱਡਾ ਹੋ ਕੇ ਧਨ ਕਮਾ ਕੇ ਘਰ ਦੀ ਘੋਰ ਗ਼ਰੀਬੀ ਨੂੰ ਗਲੋਂ ਲਾਹ ਦੇਵੇਗਾ। ਇਕ ਕਮਰੇ ਵਿਚ ਰਹਿੰਦੇ ਇਸ ਪਰਿਵਾਰ ਨੇ ਬੇਹੱਦ ਮਾੜੇ ਦਿਨ ਦੇਖੇ। ਬਹੁਤੀ ਵਾਰ ਉਨ੍ਹਾ ਨੂੰ ਬਿਸਕੁਟ ਤੇ ਚਾਹ ਨਾਲ ਹੀ ਪੇਟ ਭਰਨਾ ਪੈਂਦਾ। ਭੁੱਖੇ ਪੇਟ ਚਾਰੇ ਭਰਾ ਮੈਦਾਨ ’ਤੇ ਖ਼ੂਬ ਪਸੀਨਾ ਵਹਾਉਂਦੇ। ਵੱਡਾ ਭਰਾ ਰਮੇਸ਼ ਪਿੱਲੈ ਕੌਮਾਂਤਰੀ ਪੱਧਰ ਤਕ ਹਾਕੀ ਖੇਡਿਆ ਅਤੇ ਇਸ ਉਪਰੰਤ ਉਸ ਨੇ ਆਪਣੇ ਖੇਡ ਕਰੀਅਰ ਦੀ ਬਲੀ ਦੇ ਕੇ ਆਪਣੇ ਛੋਟੇ ਭਰਾ ਨੂੰ ‘ਧਿਆਨ ਚੰਦ’ ਬਣਾਉਣ ਲਈ ਸਾਰਾ ਜ਼ੋਰ ਲਾ ਦਿੱਤਾ ਕਿਉਂਕਿ ਧਨਰਾਜ ਅੰਦਰ ਹਾਕੀ ਦਾ ਜਨੂੰਨ ਅਤੇ ਘਰ ਦੀ ਗ਼ਰੀਬੀ ਦੇ ਖ਼ਾਤਮੇ ਲਈ ਜਵਾਲਾ ਲਟ-ਲਟ ਬਲ ਰਹੀ ਸੀ। ਸੱਚਮੁੱਚ ਧਨਰਾਜ ਪਿੱਲੈ ਨੇ ਹਾਕੀ ਖੇਡ ਦੇ ਆਪਣੇ ਹੁਨਰ ਨਾਲ ਆਪਣੇ ਪੂਰੇ ਪਰਿਵਾਰ ਦੀ ਹੋਣੀ ਨੂੰ ਬਦਲ ਦਿੱਤਾ।

ਗੋਲ ਮਸ਼ੀਨ

ਧਨਰਾਜ ਪਿੱਲੈ ਹੁਣ ਤਕ ਲਾਹੌਰ (ਸੰਨ 1990), ਸਿਡਨੀ (1994), ਐਟਰੈਖਟ (1998), ਕੁਆਲਾਲੰਪੁਰ (1998) ਦੇ ਵਿਸ਼ਵ ਕੱਪ, ਬਾਰਸੀਲੋਨਾ (1992), ਐਟਲਾਂਟਾ (1996), ਸਿਡਨੀ (2000), ਏਥਨਜ਼ (2004) ਦੀਆਂ ਓਲੰਪਿਕ ਖੇਡਾਂ ਤੋਂ ਇਲਾਵਾ ਪੇਇਚਿੰਗ (1990), ਹੀਰੋਸ਼ੀਮਾ (1994), ਬਂੈਕਾਕ (1998) ਅਤੇ 2002 ਦੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੱੁਕਾ ਹੈ। ਸੰਨ 1998 ਦੇ ਐਟਰੈਖਟ ਵਿਸ਼ਵ ਕੱਪ ਅਤੇ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। ਉਸ ਦੀ ਕਪਤਾਨੀ ਵਿਚ ਭਾਰਤ ਨੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ’ਚ ਸੋਨ ਤਗਮਾ ਜਿੱਤਿਆ। ਇਨ੍ਹਾਂ ਖੇਡਾਂ ਦੌਰਾਨ 11 ਗੋਲ ਕਰ ਕੇ ਉਹ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ। ਸੰਨ 1996 ਅਤੇ 1998 ਵਿਚ ਉਹ ਭਾਰਤ ਦਾ ਉੱਤਮ ਸਕੋਰਰ ਰਿਹਾ। ਉਸ ਵੱਲੋਂ ਕੀਤੇ ਗਏ ਗੋਲਾਂ ਦੀ ਗਿਣਤੀ 170 ਤੋਂ ਵੱਧ ਹੈ। ਕੁਝ ਹਾਕੀ ਪੰਡਿਤ ਉਸ ਦੇ ਗੋਲਾਂ ਦੀ ਗਿਣਤੀ ਵੱਧ ਵੀ ਦੱਸਦੇ ਹਨ।

ਖੇਡਣ ਦੀ ਸ਼ਿੱਦਤ

ਬਿਜਲੀ ਵਰਗੀ ਤੇਜ਼ੀ ਤੇ ਚੀਤੇ ਦੀ ਝਪਟ ਵਾਲੇ ਧਨਰਾਜ ਪਿੱਲੈ ਵਿਚ ਜੋ ਗੁਣ ਸੀ, ਉਹ ਇਹ ਕਿ ਉਹ ਚਾਹੇ ਲਾਹੌਰ ਵਿਖੇ ਖੇਡ ਰਿਹਾ ਹੁੰਦਾ ਜਾਂ ਕਿਸੇ ਹੋਰ ਮੁਲਕ ਦੀ ਗਰਾਊਂਡ ਵਿਚ, ਉਹ ਇੱਕੋ ਜਿਹੀ ਸ਼ਿੱਦਤ ਨਾਲ ਖੇਡਦਾ, ਜਿਵੇਂ ਅੰਦਰੋਂ-ਬਾਹਰੋਂ ਅੱਗ ਨਾਲ ਬਲ਼ ਰਿਹਾ ਹੋਵੇ। ਉਹ ਗਰਾਊਡ ਵਿਚ ਸਿਰਫ਼ ਜਿੱਤਣ ਲਈ ਉਤਰਦਾ। ਕਹਿੰਦੇ ਹਨ ਕਿ ਇਕ ਵਾਰ ਮੈਚ ਹਾਰਨ ਤੋਂ ਬਾਅਦ ਉਹ ਕੰਡਿਆਲੀ ਤਾਰ ਨਾਲ ਆਪਣਾ ਸਰੀਰ ਵਲੂੰਧਰਨ ਲੱਗ ਪਿਆ ਸੀ। ਵਿਸ਼ਵ ਕੱਪ ਜਾਂ ਓਲੰਪਿਕ ਵਿੱਚੋਂ ਕੋਈ ਮੈਡਲ ਨਾ ਜਿੱਤਣ ਦਾ ਦੁੱਖ ਉਸ ਨੂੰ ਹਮੇਸ਼ਾ ਰਹਿੰਦਾ ਹੈ।

ਪਿੱਲੈ ਨਾਲ ਹੋਏ ਵਿਤਕਰੇ

ਵਾਦ-ਵਿਵਾਦ ਦਾ ਪਰਛਾਵਾਂ ਵੀ ਧਨਰਾਜ ਪਿੱਲੈ ਦੇ ਅੰਗ-ਸੰਗ ਰਿਹਾ ਹੈ। ਉਸ ਦੀ ਕਪਤਾਨੀ ਵਿਚ ਟੀਮ ਨੇ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ ਤਾਂ ਹਾਕੀ ਦੇ ਕਰਤਾ-ਧਰਤਾ ਲੋਕਾਂ ਨੇ ਉਸ ਨੂੰ ਕਪਤਾਨੀ ਤੋਂ ਲਾਂਭੇ ਕਰ ਦਿੱਤਾ। ਇਸ ਨੂੰ ਉਹ ਅੰਦਰੋ-ਅੰਦਰੀ ਪੀ ਗਿਆ। ਸਾਲ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿਚ ਵੀ ਉਸ ਨਾਲ ਘੱਟ ਨਾ ਕੀਤੀ ਗਈ। ਉਸ ਨੂੰ ਖੇਡਣ ਲਈ ਦੋ-ਚਾਰ ਮਿੰਟ ਦਿੱਤੇ ਜਾਂਦੇ। ਕਦੇ ਅੰਦਰ, ਕਦੇ ਬਾਹਰ। ਉਹ ਬਹੁਤਾ ਸਮਾਂ ਬਾਹਰ ਸਟੈਂਡ ’ਤੇ ਬੈਠਾ ਰਹਿੰਦਾ। ਦੇਸ਼ ਪਰਤਣ ’ਤੇ ਧੰਨਰਾਜ ਨੇ ਰੋ-ਰੋ ਕੇ ਦੱਸਿਆ ਕਿ ਉਸ ਨੂੰ ਅੰਦਰ ਬੁਲਾਉਣ ਅਤੇ ਬਾਹਰ ਜਾਣ ਵਾਲੀ ਪ੍ਰਕਿਰਿਆ ਦਾ ਸੰਤਾਪ ਹੰਢਾਉਣ ਵੇਲੇ ਉਸ ਦਾ ਜੀਅ ਕਰਦਾ ਕਿ ਉਹ ਸਟਿੱਕ ਨਾਲ ਆਪਣਾ ਸਿਰ ਭੰਨ ਲਵੇ। ਖੇਡ ਜਗਤ ਵਿਚ ਵਿਤਕਰੇਬਾਜ਼ੀ ਭਰੇ ਵਰਤਾਰਿਆਂ ਨੇ ਉਸ ਨੂੰ ਆਪਣਾ ਮੂੰਹ ਖੋਲ੍ਹਣ ਲਈ ਮਜਬੂਰ ਕੀਤਾ। ਉਹ ਪਿ੍ਰਥੀਪਾਲ ਸਿੰਘ ਅਤੇ ਸੁਰਜੀਤ ਸਿੰਘ ਵਾਂਗ ਸੱਚ ਨੂੰ ਸੱਚ ਕਹਿਣ ਵਾਲਾ ਹੈ। ਉਹ ਹਾਕੀ ਦੇ ਚੌਧਰੀਆਂ ਨਾਲ ਆਪਣੇ ਲਈ ਹੀ ਨਹੀਂ ਸਮਕਾਲੀ ਸਾਥੀਆਂ ਦੇ ਬਣਦੇ ਹੱਕਾਂ ਲਈ ਵੀ ਇਕੱਲਾ ਹੀ ਲੜਦਾ ਰਿਹਾ ਹੈ। ਇਸੇ ਕਰਕੇ ਕੋਈ ਪਿੱਲੈ ਨੂੰ ਸੁਭਾਅ ਦਾ ਅੜੀਅਲ, ਕੌੜਾ ਤੇ ਮੂੰਹ-ਫੱਟ ਆਖਦਾ ਹੈ। ਉਹ ਕਦੇ ਕਿਸੇ ਅੱਗੇ ਝੁਕਿਆ ਨਹੀਂ। ਉਸ ਨੇ ਪੈਸੇ ਨਾਲੋਂ ਮੁਲਕ ਲਈ ਖੇਡਣ ਨੂੰ ਵਧੇਰੇ ਤਰਜੀਹ ਦਿੱਤੀ ਹੈ ਤੇ ਯੂਰਪੀਨ ਕਲੱਬਾਂ ਦੇ ਸੱਦੇ ਠੁਕਰਾਏ ਹਨ। ਉਂਜ ਉਹ ਹਾਲੈਂਡ, ਬੈਲਜ਼ੀਅਮ ਤੇ ਫਰਾਂਸ ਦੇ ਕਲੱਬਾਂ ਵੱਲੋ ਵੀ ਖੇਡਦਾ ਰਿਹਾ ਹੈ।

ਮਾਣ-ਸਨਮਾਨ

ਏਅਰ ਲਾਈਨਜ਼ ਵਿਚ ਨੌਕਰੀ ਕਰਨ ਵਾਲੇ ਪਿੱਲੈ ਨੇ ਇਸ ਨੂੰ ਵੀ ਕਈ ਵੱਡੇ ਖ਼ਿਤਾਬ ਜਿੱਤ ਕੇ ਦਿੱਤੇ। ਦੇਸ਼ ਲਈ 9 ਨੰਬਰ ਦੀ ਜਰਸੀ ਪਾ ਕੇ ਖੇਡਣ ਵਾਲੇ ਪਿੱਲੈ ਨੂੰ ਰਾਜੀਵ ਗਾਂਧੀ ਪੁਰਸ਼ਕਾਰ, ਪਦਮਸ੍ਰੀ ਅਤੇ ਕਈ ਹੋਰ ਵੱਡੇ ਪੁਰਸ਼ਕਾਰਾਂ ਨਾਲ ਨਿਵਾਜਿਆ ਗਿਆ ਹੈ। ਆਲਮੀ ਹਾਕੀ ਵਿਚ ਵੀ ਉਸ ਦੀਆਂ ਗੱਲਾਂ ਤੁਰਦੀਆਂ ਨੇ। ਭਾਰਤੀ ਹਾਕੀ ਨੂੰ ਇਸ ‘ਕੋਹਿਨੂਰ ਹੀਰੇ’ ਉੱਪਰ ਹਮੇਸ਼ਾ ਨਾਜ਼ ਰਹੇਗਾ।

ਕਾਮਯਾਬ ਤਿੱਕੜੀ

ਸੰਨ 1952 ਤੋਂ 1956 ਦੇ ਸਮੇਂ ਦੌਰਾਨ ਹਾਕੀ ਵਿਚ ਜਿਵੇਂ ਫਾਰਵਰਡ ਬਲਵੀਰ ਸਿੰਘ, ਰਾਈਟ ਇਨ ਬਾਬੂ ਅਤੇ ਊਧਮ ਸਿੰਘ ਦੀ ਤਿੱਕੜੀ ਗੋਲ ਕਰਨ ਲਈ ਪ੍ਰਸਿੱਧ ਸੀ, ਉਸੇ ਤਰ੍ਹਾਂ ਚਾਲੀ-ਪੰਜਾਹ ਵਰ੍ਹਿਆਂ ਬਾਅਦ ਅਜਿਹੀ ਤਿੱਕੜੀ ਧਨਰਾਜ, ਗਗਨਅਜੀਤ ਅਤੇ ਦੀਪਕ ਠਾਕੁਰ ਦੀ ਬਣੀ। ਬਲਵੀਰ ਸਿੰਘ ਆਪ ਗੋਲ ਕਰਦਾ ਸੀ ਪਰ ਇਸ ਦੇ ਉਲਟ ਧਨਰਾਜ ਗੋਲ ਕਰਵਾਉਣ ਵਾਲਾ ਹੁੰਦਾ ਕਿਉਂਕਿ ਉਹ ਹਮੇਸ਼ਾਂ ਵਿਰੋਧੀ ਖਿਡਾਰੀਆਂ ’ਚ ਘਿਰਿਆ ਰਹਿੰਦਾ ਸੀ। ਘੱਟੋ-ਘੱਟ ਦੋ ਖਿਡਾਰੀ ਪਿੱਲੈ ਨਾਲ ਚੁੰਬਕ ਵਾਂਗ ਚੰਬੜੇ ਰਹਿੰਦੇ। ਇਸ ਦਾ ਫ਼ਾਇਦਾ ਗਗਨਅਜੀਤ ਅਤੇ ਦੀਪਕ ਠਾਕੁਰ ਨੂੰ ਮਿਲਦਾ ਅਤੇ ਉਹ ਵਿਰੋਧੀਆਂ ਦਾ ਫੱਟਾ ਖੜਕਾਉਣ ’ਚ ਦੇਰ ਨਾ ਲਾਉਂਦੇ। ਸੰਨ 2002 ਦੀ ਚੈਂਪੀਅਨ ਟਰਾਫੀ ਮੁਕਾਬਲੇ ਵਿਚ ਭਾਵੇਂ ਭਾਰਤੀ ਹਾਕੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਪਰ ਇਸ ਟੂਰਨਾਮਂੈਟ ਵਿਚ ਧਨਰਾਜ ਪਿੱਲੈ ਨੂੰ ਸਰਬੋਤਮ ਖਿਡਾਰੀ ਐਲਾਨਿਆ ਗਿਆ।

- ਮੇਜਰ ਸਿੰਘ ਜਖੇਪਲ

Posted By: Harjinder Sodhi