ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਟੈਨਿਸ ਟੀਮ ਪਾਕਿਸਤਾਨ ਵਿਚ ਅਗਲੇ ਮਹੀਨੇ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਵਿਚ ਹਿੱਸਾ ਲਵੇਗੀ ਜਾਂ ਨਹੀਂ ਇਸ 'ਤੇ ਸਰਕਾਰ ਫ਼ੈਸਲਾ ਨਹੀਂ ਕਰ ਸਕਦੀ। ਖੇਡ ਮੰਤਰੀ ਨੇ ਕਿਹਾ ਕਿ ਇਹ ਦੁਵੱਲੀ ਚੈਂਪੀਅਨਸ਼ਿਪ ਨਹੀਂ ਹੈ ਬਲਕਿ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਮੁਕਾਬਲਾ 14 ਤੇ 15 ਸਤੰਬਰ ਨੂੰ ਇਸਲਾਮਾਬਾਦ ਵਿਚ ਹੋਣਾ ਹੈ ਪਰ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ (ਆਰਟੀਕਲ 370) ਹਟਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਇਸ ਕਾਰਨ ਡੇਵਿਸ ਕੱਪ 'ਤੇ ਗ਼ੈਰ ਯਕੀਨੀ ਦੇ ਬੱਦਲ ਮੰਡਰਾਅ ਰਹੇ ਹਨ। ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇ ਇਹ ਦੁਵੱਲੀ ਖੇਡ ਚੈਂਪੀਅਨਸ਼ਿਪ ਹੁੰਦੀ ਤਾਂ ਫਿਰ ਭਾਰਤ ਨੂੰ ਪਾਕਿਸਤਾਨ ਵਿਚ ਖੇਡਣਾ ਚਾਹੀਦਾ ਹੈ ਜਾਂ ਨਹੀਂ, ਇਹ ਸਿਆਸੀ ਫ਼ੈਸਲਾ ਬਣ ਜਾਂਦਾ ਪਰ ਡੇਵਿਸ ਕੱਪ ਦੁਵੱਲੀ ਚੈਂਪੀਅਨਸ਼ਿਪ ਨਹੀਂ ਹੈ ਤੇ ਇਹ ਟੂਰਨਾਮੈਂਟ ਇਕ ਵਿਸ਼ਵ ਖੇਡ ਸੰਸਥਾ (ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ) ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਓਲੰਪਿਕ ਚਾਰਟਰ ਨੂੰ ਮੰਨਦਾ ਹੈ ਤੇ ਉਸ 'ਤੇ ਉਸ ਦੇ ਹਸਤਾਖਰ ਹਨ ਇਸ ਲਈ ਭਾਰਤ ਜਾਂ ਰਾਸ਼ਟਰੀ ਮਹਾਸੰਘ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਭਾਰਤ ਨੂੰ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ। ਸਰਬ ਭਾਰਤੀ ਟੈਨਿਸ ਸੰਘ (ਏਆਈਟੀਏ) ਇਸ ਮੁਕਾਬਲੇ ਨੂੰ ਨਿਰਪੱਖ ਥਾਂ 'ਤੇ ਕਰਵਾਉਣਾ ਚਾਹੁੰਦਾ ਹੈ ਪਰ ਪਾਕਿਸਤਾਨ ਟੈਨਿਸ ਸੰਘ ਨੇ ਐਤਵਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਥਾਂ ਬਦਲਣ 'ਤੇ ਸਹਿਮਤ ਨਹੀਂ ਹੋਵੇਗਾ ਕਿਉਂਕਿ ਇਸਲਾਮਾਬਾਦ ਵਿਚ ਪਹਿਲਾਂ ਤੋਂ ਹੀ ਤਿਆਰੀਆਂ ਚੱਲ ਰਹੀਆਂ ਹਨ। ਪੀਟੀਐੱਫ ਮੁਖੀ ਸਲੀਮ ਸੈਫੁੱਲ੍ਹਾ ਨੇ ਪੀਟੀਆਈ ਨੂੰ ਦੱਸਿਆ ਕਿ ਮਹਾਸੰਘ ਇਸ ਮੁਕਾਬਲੇ ਦੀ ਮੇਜ਼ਬਾਨੀ ਇਸਲਾਮਾਬਾਦ ਖੇਡ ਕੰਪਲੈਕਸ ਵਿਚ ਕਰਵਾਉਣ ਲਈ ਸਾਰੇ ਤਰ੍ਹਾਂ ਦੀ ਤਿਆਰੀ ਕਰ ਰਿਹਾ ਹੈ। ਸੈਫੁੱਲ੍ਹਾ ਨੇ ਕਿਹਾ ਕਿ ਅਸੀਂ ਮੁਕਾਬਲੇ ਦੀ ਮੇਜ਼ਬਾਨੀ 14-15 ਸਤੰਬਰ ਨੂੰ ਕਰਨ ਦੇ ਆਪਣੇ ਸ਼ੁਰੂਆਤੀ ਪ੍ਰਰੋਗਰਾਮ 'ਤੇ ਟਿਕੇ ਹੋਏ ਹਾਂ ਤੇ ਮੈਨੂੰ ਭਾਰਤੀ ਟੀਮ ਦੇ ਇਸਲਾਮਬਾਦ ਵਿਚ ਅਸੁਰੱਖਿਅਤ ਮਹਿਸੂਸ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।

ਸੁਰੱਖਿਆ ਦਾ ਦਿੱਤਾ ਭਰੋਸਾ :

ਸੈਫੁੱਲ੍ਹਾ ਨੇ ਕਿਹਾ ਕਿ ਭਾਰਤੀ ਟੈਨਿਸ ਟੀਮ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਚਾਰ ਦਿਨ ਲਈ ਇਸਲਾਮਾਬਾਦ ਵਿਚ ਰਹਿਣਗੇ ਜੋ ਪੂਰੀ ਤਰ੍ਹਾਂ ਸੁਰੱਖਿਅਤ ਸ਼ਹਿਰ ਹੈ। ਅਸੀਂ ਉਨ੍ਹਾਂ ਦੇ ਹੋਟਲ ਤੇ ਟੂਰਨਾਮੈਂਟ ਦੀ ਥਾਂ 'ਤੇ ਚੋਟੀ ਦੇ ਪੱਧਰ ਦੇ ਸੁਰੱਖਿਆ ਇੰਤਜ਼ਾਮ ਕੀਤੇ ਹਨ ਤੇ ਉਨ੍ਹਾਂ ਨੂੰ ਇਸਲਾਮਾਬਾਦ ਵਿਚ ਖੇਡਣ ਵਿਚ ਕੋਈ ਮੁਸ਼ਕਲ ਨਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਚਾਹੁੰਦਾ ਹੈ ਤਾਂ ਅਸੀਂ ਮੁਕਾਬਲੇ ਲਈ ਦਰਸ਼ਕਾਂ ਨੂੰ ਵੀ ਨਹੀਂ ਬੁਲਾਵਾਂਗੇ।