ਮਨਦੀਪ ਕੁਮਾਰ, ਸੰਗਰੂਰ : ਇਹ ਕਹਾਣੀ ਹੈ ਇਕ ਅਜਿਹੇ ਖਿਡਾਰੀ ਦੀ ਜਿਸ ਨੇ ਬਾਕਸਿੰਗ ਰਿੰਗ ਵਿਚ ਤਾਂ ਵਿਰੋਧੀਆਂ ਨੂੰ ਮਾਤ ਦਿੱਤੀ ਪਰ ਜ਼ਿੰਦਗੀ ਦੇ ਰਿੰਗ ਵਿਚ ਗ਼ਰੀਬੀ ਨੂੰ ਨਹੀਂ ਹਰਾ ਸਕਿਆ। ਸੰਗਰੂਰ ਦੇ ਰਹਿਣ ਵਾਲੇ 27 ਸਾਲ ਦੇ ਮੁੱਕੇਬਾਜ਼ ਮਨੋਜ ਕੁਮਾਰ ਹੁਣ 450 ਰੁਪਏ ਦਿਹਾੜੀ ਵਿਚ ਪੱਲੇਦਾਰੀ ਦਾ ਕੰਮ ਕਰ ਰਹੇ ਹਨ।

ਜਿਨ੍ਹਾਂ ਹੱਥਾਂ ਵਿਚ ਮੁੱਕੇਬਾਜ਼ੀ ਦੇ ਦਸਤਾਨੇ ਹੋਣੇ ਚਾਹੀਦੇ ਸਨ ਉਹ ਹੁਣ ਕਣਕ ਤੇ ਚੌਲਾਂ ਦੀਆਂ ਬੋਰੀਆਂ ਢੋਅ ਰਹੇ ਹਨ। ਗੁਮਨਾਮੀ ਵਿਚ ਰਹਿ ਰਹੇ ਇਸ ਮੁੱਕੇਬਾਜ਼ ਦੀ ਕਹਾਣੀ ਸਿਰਫ਼ 11 ਸਾਲ ਦੀ ਉਮਰ ਵਿਚ ਹੀ ਸ਼ੁਰੂ ਹੋਈ। ਮਨੋਜ ਨੇ ਸੂਬਾਈ ਪੱਧਰ 'ਤੇ 23 ਮੈਡਲ ਆਪਣੇ ਨਾਂ ਕੀਤੇ ਹਨ। ਉਨ੍ਹਾਂ ਨੇ ਲਗਾਤਾਰ 15 ਗੋਲਡ ਮੈਡਲ ਜਿੱਤੇ ਹਨ।

ਦੇਖਦੇ ਹੀ ਦੇਖਦੇ ਪਹਿਲਾਂ ਜੂਨੀਅਰ ਬਾਕਸਿੰਗ, ਸੀਨੀਅਰ ਬਾਕਸਿੰਗ ਤੇ ਯੂਥ ਬਾਕਸਿੰਗ ਤੋਂ ਬਾਅਦ ਇਨਵੀਟੇਸ਼ਨ ਟੂਰਨਾਮੈਂਟ ਲਈ ਭਾਰਤੀ ਟੀਮ ਵਿਚ ਥਾਂ ਬਣਾਈ। ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਵਿਚ ਗੋਲਡ ਮੈਡਲ ਤੇ ਪੰਜ ਕਾਂਸੇ ਦੇ ਮੈਡਲ ਆਪਣੇ ਨਾਂ ਕਰਨ ਵਾਲੇ ਮਨੋਜ ਨੇ ਜਾਗਰਣ ਨੂੰ ਕਿਹਾ ਕਿ ਛੇਵੀਂ ਜਮਾਤ ਵਿਚ ਪਹਿਲੀ ਵਾਰ ਬਨਾਸਰ ਬਾਗ਼ ਵਿਚ ਪੀਟੀ ਸ਼ੋਅ ਕਰਨ ਗਿਆ। ਉਥੇ ਸਟੇਡੀਅਮ ਵਿਚ ਬਾਕਸਿੰਗ ਰਿੰਗ ਤੇ ਗਲੱਬਜ਼ ਦੇਖ ਕੇ ਖੇਡਣ ਦਾ ਜਨੂੰਨ ਚੜ੍ਹ ਗਿਆ। ਘਰ 'ਚ ਹੀ ਅਭਿਆਸ ਸ਼ੁਰੂ ਕੀਤਾ ਤੇ ਕੋਚ ਪੁਸ਼ਪਿੰਦਰ ਤੋਂ ਕੋਚਿੰਗ ਲਈ। ਮਸਤੂਆਣਾ ਸਾਹਿਬ ਦੇ ਬਾਕਸਿੰਗ ਸੈਂਟਰ 'ਚ ਖ਼ੁਦ ਨੂੰ ਤਰਾਸ਼ਿਆ ਤੇ ਪੰਜਾਬ ਪੁਲਿਸ, ਰੇਲਵੇ ਵਿਭਾਗ ਦੇ ਕਈ ਖਿਡਾਰੀਆਂ ਨੂੰ ਰਿੰਗ ਵਿਚ ਮਾਤ ਦਿੱਤੀ। ਪਤਾ ਹੀ ਨਹੀਂ ਲੱਗਾ ਕਿ ਕਦ ਰਾਸ਼ਟਰੀ ਪੱਧਰ 'ਤੇ ਖੇਡਣ ਲੱਗਾ ਪਰ ਸ਼ਾਇਦ ਗ਼ਰੀਬੀ ਤੇ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

2013 'ਚ ਮੁੱਕੇਬਾਜ਼ੀ ਛੱਡਣ ਦਾ ਕੀਤਾ ਫ਼ੈਸਲਾ

ਮਨੋਜ ਹੱਥੋਂ ਰਿੰਗ ਵਿਚ ਧੂੜ ਚੱਟਣ ਵਾਲੇ ਕਈ ਮੁੱਕੇਬਾਜ਼ ਅੱਜ ਪੁਲਿਸ, ਰੇਲਵੇ ਜਾਂ ਹੋਰ ਨੌਕਰੀਆਂ ਕਰ ਰਹੇ ਹਨ ਪਰ ਨੌਕਰੀ ਤਾਂ ਦੂਰ ਉਹ ਤਾਂ ਰੋਜ਼ੀ-ਰੋਟੀ ਲਈ ਪਰੇਸ਼ਾਨ ਹਨ। ਮਨੋਜ ਨੇ ਕਿਹਾ ਕਿ ਗ਼ਰੀਬ ਪਰਿਵਾਰ ਹੋਣ ਕਾਰਨ 2013 ਵਿਚ ਮੁੱਕੇਬਾਜ਼ੀ ਛੱਡਣ ਦਾ ਫ਼ੈਸਲਾ ਕੀਤਾ ਸੀ। ਮੇਰੇ ਪਿਤਾ ਰੇਹੜੀ ਲਾ ਰਹੇ ਹਨ ਤੇ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ।