ਓਡੇਂਸੇ (ਏਪੀ) : ਕੋਰੋਨਾ ਵਾਇਰਸ ਕਾਰਨ ਸੱਤ ਮਹੀਨੇ ਦੀ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਇੱਥੇ ਜੇਸਨ ਏਂਥੋਨੀ ਹੋ ਸ਼ੁਈ ਨੂੰ ਸਿੱਧੀਆਂ ਗੇਮਾਂ ਵਿਚ ਹਰਾ ਕੇ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਪੰਜਵਾਂ ਦਰਜਾ ਭਾਰਤੀ ਖਿਡਾਰੀ ਨੇ ਮਰਦ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿਚ ਕੈਨੇਡਾ ਦੇ ਆਪਣੇ ਵਿਰੋਧੀ ਨੂੰ ਸਿਰਫ਼ 33 ਮਿੰਟ ਵਿਚ 21-15, 21-14 ਨਾਲ ਹਰਾਇਆ। ਇਹ ਸੁਪਰ 750 ਟੂਰਨਾਮੈਂਟ ਇਸ ਸਾਲ ਬੈਡਮਿੰਟਨ ਵਿਸ਼ਵ ਮਹਾਸੰਘ (ਬੀਡਬਲਯੂਐੱਫ) ਦੇ ਕੈਲੰਡਰ ਵਿਚ ਹੋਣ ਵਾਲਾ ਇਕੋ ਇਕ ਟੂਰਨਾਮੈਂਟ ਹੈ। ਬੀਡਬਲਯੂਐੱਫ ਨੂੰ ਕੋਰੋਨਾ ਵਾਇਰਸ ਮਾਹਮਾਰੀ ਕਾਰਨ ਕਈ ਟੂਰਨਾਮੈਂਟ ਰੱਦ ਕਰਨੇ ਪਏ ਤੇ ਏਸ਼ਿਆਈ ਗੇੜ ਤੇ ਵਿਸ਼ਵ ਟੂਰ ਫਾਈਨਲ ਨੂੰ ਅਗਲੇ ਸਾਲ ਜਨਵਰੀ ਤਕ ਮੁਲਤਵੀ ਕਰਨਾ ਪਿਆ। ਸ਼ੁਭੰਕਰ ਡੇ ਤੇ ਅਜੇ ਜੈਰਾਮ ਨੂੰ ਬੁੱਧਵਾਰ ਨੂੰ ਪਹਿਲੇ ਗੇੜ ਦੇ ਮੁਕਾਬਲਿਆਂ ਵਿਚ ਹਾਰ ਦਾ ਸਾਹਮਾ ਕਰਨਾ ਪਿਆ ਸੀ।