ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀਆਂ ਹਾਕੀ ਟੀਮਾਂ ਲਈ ਚੌਣ ਟ੍ਰਾਈਲ 17 ਮਈ ਨੂੰ ਅੰਮਿ੍ਤਸਰ ਵਿਖੇ ਕਰਵਾਏ ਜਾਣਗੇ। ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 4 ਤੋਂ 13 ਜੂਨ ਤਕ ਹਰਿਆਣਾ ਵਿਖੇ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀ ਹਾਕੀ ਟੀਮਾਂ ਲਈ ਚੌਣ ਟ੍ਰਾਈਲ 17 ਮਈ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਸਵੇਰੇ 11 ਵਜੇ ਹੋਣਗੇ । ਮਹਿਲਾ ਤੇ ਮਰਦਾਂ ਦੇ 18 ਸਾਲ ਤੋਂ ਘੱਟ ਉਮਰ ਵਰਗ ਵਿਚ ਉਹ ਹਾਕੀ ਖਿਡਾਰੀ, ਜਿਨ੍ਹਾਂ ਦਾ ਜਨਮ ਮਿਤੀ 1 ਜਨਵਰੀ 2003 ਤੋਂ ਬਾਦ ਹੋਇਆ ਹੋਵੇਗਾ, ਇਨ੍ਹਾਂ ਟ੍ਰਾਇਲਾਂ 'ਚ ਹਿੱਸਾ ਲੈਣ ਦੇ ਯੋਗ ਹੋਣਗੇ।

ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਨ੍ਹਾਂ ਚੋਣ ਟ੍ਰਾਇਲ ਲਈ ਹਾਕੀ ਇੰਡੀਆ ਵਲੋਂ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਵੱਲੋਂ ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ, ਰਾਜਬੀਰ ਕੌਰ ਰਾਏ, ਸੁਖਜੀਤ ਕੌਰ ਸੰਮੀ, ਯੋਗਿਤਾ ਬਾਲੀ, ਨਿਰਮਲ ਸਿੰਘ, ਬਿਕਰਮਜੀਤ ਸਿੰਘ ਕਾਕਾ (ਸਾਰੇ ਅੰਤਰਰਾਸ਼ਟਰੀ ਖਿਡਾਰੀ) ਅਤੇ ਬਲਵਿੰਦਰ ਸਿੰਘ ਸ਼ੰਮੀ ਓਲੰਪੀਅਨ ਸਲੈਕਸ਼ਨ ਕਮੇਟੀ ਦੇ ਮੈਂਬਰ ਹੋਣਗੇ ।