ਪਟਿਆਲਾ (ਜੇਐੱਨਐੱਨ) : ਗੁਹਾਟੀ (ਅਸਮ) 'ਚ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿਚ ਪਟਿਆਲਾ ਸਮੇਤ ਪੰਜਾਬ ਦੇ ਹੋਰ ਖਿਡਾਰੀਆਂ ਨੇ ਮੰਗਲਵਾਰ ਨੂੰ ਮੈਡਲ ਜਿੱਤ ਕੇ ਸੂਚੀ ਵਿਚ ਸੂਬੇ ਨੂੰ 15ਵੇਂ ਸਥਾਨ ਤੋਂ 13ਵੇਂ ਸਥਾਨ 'ਤੇ ਪਹੁੰਚਾ ਦਿੱਤਾ। ਹੁਣ ਪੰਜਾਬ ਦੇ 24 ਮੈਡਲ (ਚਾਰ ਗੋਲਡ, 10 ਸਿਲਵਰ ਤੇ 10 ਕਾਂਸੇ) ਹੋ ਗਏ ਹਨ। ਜ਼ਿਲ੍ਹਾ ਪਟਿਆਲਾ ਦੇ ਖੇਡ ਅਧਿਕਾਰੀ ਹਰਪ੍ਰੀਤ ਸਿੰਘ ਹੁੰਦਲ ਮੁਤਾਬਕ ਸੰਗਰੂਰ ਦੇ ਸ਼ਹਿਰ ਮਾਲੇਰਕੋਟਲਾ ਨਿਵਾਸੀ ਅਮਨਦੀਪ ਸਿੰਘ ਧਾਲੀਵਾਲ ਪੁੱਤਰ ਹਾਕਮ ਸਿੰਘ ਨੇ ਅੰਡਰ-21 ਵਰਗ ਵਿਚ 17.27 ਮੀਟਰ ਦੂਰੀ 'ਤੇ ਸ਼ਾਟਪੁਟ ਸੁੱਟ ਕੇ ਸਿਲਵਰ ਮੈਡਲ ਜਿੱਤਿਆ।

ਇਸ ਤੋਂ ਇਲਾਵਾ ਪੰਜਾਬ ਨੂੰ ਜੂਡੋ ਵਿਚ ਚਾਰ ਮੈਡਲ ਮਿਲੇ ਹਨ। ਜੋਬਨਦੀਪ ਸਿੰਘ ਨੇ ਗੋਲਡ, ਗੁਰਦਾਸਪੁਰ ਦੇ ਰਿਤਿਕ ਕੁਮਾਰ ਨੇ ਸਿਲਵਰ, ਮੋਹਾਲੀ ਦੀ ਮਨਪ੍ਰੀਤ ਕੌਰ ਤੇ ਹਰਸ਼ਦੀਪ ਨੇ ਕਾਂਸੇ ਦੇ ਮੈਡਲਾਂ 'ਤੇ ਕਬਜ਼ਾ ਕੀਤਾ ਹੈ। ਜਿਮਨਾਸਟਰ ਆਰਿਅਨ ਸ਼ਰਮਾ ਨੇ ਕਾਂਸੇ ਦਾ ਮੈਡਲ ਜਿੱਤਿਆ। ਆਰਿਅਨ ਦੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਰਿਅਨ ਤੋਂ ਚਾਰ ਮੈਡਲਾਂ ਦੀ ਉਮੀਦ ਸੀ ਪਰ ਉਸ ਦਾ ਪ੍ਰਦਰਸ਼ਨ ਫਿੱਕਾ ਰਿਹਾ। ਫਾਈਨਲ ਤਕ ਪੁੱਜਣ ਤੋਂ ਬਾਅਦ ਉਸ ਨੇ ਕਾਂਸੇ ਦਾ ਮੈਡਲ ਹੀ ਹਾਸਲ ਕੀਤਾ। ਅੰਡਰ-17 ਵਰਗ ਵਿਚ ਸਾਈਕਲਿੰਗ ਦੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ। ਨਿਸ਼ਾਨੇਬਾਜ਼ੀ ਵਿਚ ਗੁਰਨਿਹਾਲ ਸਿੰਘ ਗਰਚਾ ਨੇ ਗੋਲਡ, ਜੈਸਮੀਨ ਕੌਰ ਨੇ ਸਿਲਵਰ, ਸਿਫਤ ਕੌਰ ਨੇ ਕਾਂਸੇ ਦਾ ਮੈਡਲ ਜਿੱਤਿਆ।