ਗੁਹਾਟੀ (ਪੀਟੀਆਈ) : ਮਹਾਰਾਸ਼ਟਰ ਖੇਲੋ ਇੰਡੀਆ ਯੂਥ ਗੇਮਜ਼ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਇੱਥੇ ਚਾਰ ਗੋਲਡ ਮੈਡਲ ਜਿੱਤ ਕੇ ਮੈਡਲ ਸੂਚੀ ਵਿਚ ਮੁੜ ਚੋਟੀ 'ਤੇ ਪੁੱਜ ਗਿਆ ਹੈ। ਸੋਮਵਾਰ ਨੂੰ 12 ਗੋਲਡ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਹਰਿਆਣਾ ਹੁਣ 18 ਗੋਲਡ ਤੇ ਕੁੱਲ 54 ਮੈਡਲਾਂ ਨਾਲ ਸੂਚੀ ਵਿਚ ਦੂਜੇ ਸਥਾਨ 'ਤੇ ਹੈ।

ਉਥੇ ਮਹਾਰਾਸ਼ਟਰ ਨੇ ਹੁਣ ਤਕ 21 ਗੋਲਡ ਸਮੇਤ 89 ਮੈਡਲ ਜਿੱਤੇ ਹਨ। ਇਸ ਸੂਚੀ ਵਿਚ ਦਿੱਲੀ ਤੀਜੇ ਸਥਾਨ 'ਤੇ ਜਿਸ ਦੇ ਨਾਂ 15 ਗੋਲਡ ਦੇ ਨਾਲ ਕੁੱਲ 41 ਮੈਡਲ ਹਨ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚਾਰ ਗੋਲਡ ਮੈਡਲ ਜਿੱਤੇ। ਇਸ ਵਿਚ ਉੱਤਰ ਪ੍ਰਦੇਸ਼ ਨੇ ਮੈਡਲ ਸੂਚੀ ਵਿਚ ਤਾਮਿਲਨਾਡੂ ਤੇ ਗੁਜਰਾਤ ਨੂੰ ਪਛਾੜ ਦਿੱਤਾ ਤੇ ਚੌਥੇ ਸਥਾਨ 'ਤੇ ਆ ਗਿਆ। ਉੱਤਰ ਪ੍ਰਦੇਸ਼ ਦੇ ਵਿਜੇ ਕਸ਼ਯਪ (200 ਮੀਟਰ), ਉੱਤਮ ਯਾਦਵ (1500 ਮੀਟਰ) ਤੇ ਮੁਹੰਮਦ ਸ਼ਾਹਬਾਨ (ਹੈਮਰ ਥ੍ਰੋਅ) ਨੇ ਮੁੰਡਿਆਂ ਦੇ ਅੰਡਰ-17 ਵਿਚ ਅਥਲੈਟਿਕਸ ਵਿਚ ਗੋਲਡ ਮੈਡਲ ਜਿੱਤੇ ਜਦਕਿ ਇਸੇ ਉਮਰ ਵਰਗ ਦੇ ਜਿਮਨਾਸਟਿਕਸ ਦੇ ਪੈਰੇਲਲ ਬਾਰਸ ਵਿਚ ਗੌਰਵ ਕੁਮਾਰ ਨੇ ਗੋਲਡ ਮੈਡਲ ਜਿੱਤਿਆ।