ਗੁਹਾਟੀ (ਪੀਟੀਆਈ) : ਮਹਾਰਾਸ਼ਟਰ ਦੀ ਜਿਮਨਾਸਟ ਆਸਮੀ ਅੰਕੁਸ਼ ਬਡਾਡੇ ਤੇ ਉੱਤਰ ਪ੍ਰਦੇਸ਼ ਦੇ ਜਤਿਨ ਕੁਮਾਰ ਕਨੌਜੀਆ ਤੋਂ ਇਲਾਵਾ ਤਿ੍ਪੁਰਾ ਦੀ ਪਿ੍ਅੰਕਾ ਦਾਸ ਗੁਪਤਾ ਨੇ ਖੇਲੋ ਇੰਡੀਆ ਯੂਥ ਗੇਮਜ਼ ਦੇ ਤੀਜੇ ਐਡੀਸ਼ਨ ਵਿਚ ਆਪੋ-ਆਪਣੇ ਨਿੱਜੀ ਮੈਡਲਾਂ ਦੀ ਗਿਣਤੀ ਨੂੰ ਚਾਰ 'ਤੇ ਪਹੁੰਚਾ ਦਿੱਤਾ ਹੈ।

ਅਥਲੈਟਿਕਸ ਦੇ ਮੁਕਾਬਲੇ ਸ਼ਨਿਚਰਵਾਰ ਨੂੰ ਸ਼ੁਰੂ ਹੋਏ ਜਿੱਥੇ ਪਹਿਲੇ ਹੀ ਦਿਨ ਸੱਤ ਮੀਟ ਰਿਕਾਰਡ ਟੁੱਟੇ। ਮੱਧ ਪ੍ਰਦੇਸ਼ ਨੇ ਤਿੰਨ ਗੋਲਡ ਜਿੱਤ ਕੇ ਆਪਣੀ ਛਾਪ ਛੱਡੀ ਜਦਕਿ ਗੁਜਰਾਤ ਦੇ ਖਿਡਾਰੀਆਂ ਨੇ ਜੂਡੋ ਦੇ ਅੱਠ ਵਿਚੋਂ ਤਿੰਨ ਗੋਲਡ ਆਪਣੇ ਨਾਂ ਕੀਤੇ। ਮਹਾਰਾਸ਼ਟਰ ਸੱਤ ਗੋਲਡ ਤੇ ਅੱਠ ਸਿਲਵਰ ਸਮੇਤ 27 ਮੈਡਲਾਂ ਨਾਲ ਸੂਚੀ ਵਿਚ ਚੋਟੀ 'ਤੇ ਹੈ। ਛੇ ਗੋਲਡ ਸਮੇਤ 12 ਮੈਡਲਾਂ ਨਾਲ ਉੱਤਰ ਪ੍ਰਦੇਸ਼ ਦੂਜੇ ਜਦਕਿ ਦਿੱਲੀ ਪੰਜ ਗੋਲਡ ਸਮੇਤ 12 ਮੈਡਲਾਂ ਨਾਲ ਤੀਜੇ ਸਥਾਨ 'ਤੇ ਹੈ।