ਸਿਡਨੀ (ਪੀਟੀਆਈ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਸਾਬਕਾ ਉੱਪ ਪ੍ਰਧਾਨ ਕੇਵਿਨ ਗੋਸਪਰ ਦਾ ਮੰਨਣਾ ਹੈ ਕਿ ਇਕ ਸਾਲ ਲਈ ਮੁਲਤਵੀ ਕੀਤੇ ਗਏ ਟੋਕੀਓ ਓਲੰਪਿਕ ਦੀ ਕਿਸਮਤ ਦਾ ਫ਼ੈਸਲਾ ਕਰਨ ਵਿਚ ਸੰਯੁਕਤ ਰਾਸ਼ਟਰ ਆਪਣੀ ਭੂਮਿਕਾ ਨਿਭਾਅ ਸਕਦਾ ਹੈ।

ਓਲੰਪਿਕ ਖੇਡਾਂ ਦਾ ਉਦਘਾਟਨ 23 ਜੁਲਾਈ ਨੂੰ ਹੋਣਾ ਹੈ ਪਰ ਟੋਕੀਓ ਤੇ ਜਾਪਾਨ ਦੇ ਹੋਰ ਹਿੱਸਿਆਂ ਵਿਚ ਤੇ ਪੂਰੇ ਵਿਸ਼ਵ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਇਸ ਨੂੰ ਕਰਵਾਉਣ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ।

ਗੋਸਪਰ ਹੁਣ ਵੀ ਆਈਓਸੀ ਦੇ ਆਨਰੇਰੀ ਮੈਂਬਰ ਹਨ ਤੇ ਉਨ੍ਹਾਂ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਬਰਾਡਕਾਸਟਰ ਦੇ ਨਾਲ ਗੱਲਬਾਤ ਵਿਚ ਇਹ ਸੁਝਾਅ ਦਿੱਤਾ। ਉਨ੍ਹਾਂ ਨੇ ਏਬੀਸੀ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਜੇ ਤੁਸੀਂ ਇਹ ਪਤਾ ਕਰਨ ਲਈ ਤੀਜੇ ਪੱਖ ਕੋਲ ਜਾਂਦੇ ਹੋ ਕਿ ਕੋਵਿਡ ਮਹਾਮਾਰੀ ਤੇ ਉਸ ਦੇ ਅਸਰ ਕਾਰਨ ਇਹ ਸਿਰਫ਼ ਖੇਡ ਜਾਂ ਰਾਸ਼ਟਰੀ ਹਿਤ ਨਾਲ ਜੁੜਿਆ ਮਸਲਾ ਨਹੀਂ ਹੈ, ਤਾਂ ਤਦ ਇਹ ਮਾਮਲਾ ਸੰਯੁਕਤ ਰਾਸ਼ਟਰ ਕੋਲ ਜਾ ਸਕਦਾ ਹੈ ਤੇ ਖੇਡਾਂ ਨੂੰ ਕਰਵਾਉਣ ਦਾ ਫ਼ੈਸਲਾ ਕਰਨ ਵਿਚ ਉਸ ਨੂੰ ਸਾਲਸ ਦੇ ਰੂਪ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਹੋਰ ਮੁਲਤਵੀ ਨਹੀਂ ਹੋ ਸਕਦੀਆਂ ਖੇਡਾਂ : ਆਈਓਸੀ ਤੇ ਸਥਾਨਕ ਪ੍ਰਬੰਧਕਾਂ ਨੇ ਕਿਹਾ ਕਿ ਇਸ ਵਾਰ ਓਲੰਪਿਕ ਖੇਡਾਂ ਮੁਲਤਵੀ ਨਹੀਂ ਕੀਤੀਆਂ ਜਾ ਸਕਦੀਆਂ ਹਨ। ਜੇ ਇਹ ਨਾ ਹੋ ਸਕੀਆਂ ਤਾਂ ਫਿਰ ਇਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ।