ਪੈਰਿਸ (ਏਪੀ) : ਤਿੰਨ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਏਂਜੇਲਿਕ ਕਰਬਰ ਨੂੰ ਲਗਾਤਾਰ ਦੂਜੇ ਸਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਜਰਮਨੀ ਦੀ 18ਵਾਂ ਦਰਜਾ ਖਿਡਾਰਨ ਨੂੰ 19 ਸਾਲ ਦੀ ਸੇਲੋਵੇਨੀਆ ਦੀ ਕਾਜਾ ਯੁਵਾਨ ਨੇ ਸਿੱਧੇ ਸੈੱਟਾਂ ਵਿਚ 6-3, 6-3 ਨਾਲ ਮਾਤ ਦਿੱਤੀ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਕਰਬਰ ਨੇ ਫਰੈਂਚ ਓਪਨ ਤੋਂ ਇਲਾਵਾ ਤਿੰਨੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਰੋਲਾਂ ਗੈਰਾਂ 'ਤੇ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 2012 ਤੇ 2018 ਵਿਚ ਰਿਹਾ ਜਦ ਉਹ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ ਸੀ। ਦੋ ਵਾਰ ਦੀ ਗਰੈਂਡ ਸਲੈਮ ਜੇਤੂ ਸਵੇਤਲਾਨਾ ਕੁਜਨੇਤਸੋਵਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਫਰੈਂਚ ਓਪਨ 2009 ਦੀ ਚੈਂਪੀਅਨ ਤੇ ਰੂਸ ਦੀ ਹਮਵਤਨ ਏਨਾਸਤਾਸੀਆ ਪਵਲੁਚੇਂਕੋਵਾ ਨੇ ਤਿੰਨ ਸੈੱਟਾਂ ਵਿਚ 6-1, 2-6, 6-1 ਨਾਲ ਉਸ ਨੂੰ ਮਾਤ ਦਿੱਤੀ। ਫਰੈਂਚ ਓਪਨ 2016 ਚੈਂਪੀਅਨ ਗਰਬਾਈਨੇ ਮੁਗੁਰੂਜਾ, ਕਰਬਰ ਤੇ ਕੁਜਨੇਤਸੋਵਾ ਦੀ ਸੂਚੀ ਵਿਚ ਸ਼ਾਮਲ ਹੋਣ ਤੋਂ ਬਚ ਗਈ। ਉਨ੍ਹਾਂ ਨੇ ਤਮਾਰਾ ਜਿਦਾਨਸੇਕ ਨੂੰ 7-5, 4-6, 8-6 ਨਾਲ ਹਰਾਇਆ। ਮਹਿਲਾ ਸਿੰਗਲਜ਼ ਦੇ ਹੋਰ ਮੁਕਾਬਲਿਆਂ 'ਚ ਰੋਮਾਨੀਆ ਦੀ ਕ੍ਰਿਸਟੀ ਨੇ ਕਜ਼ਾਕਿਸਤਾਨ ਦੀ ਏਲੀਨਾ ਰਿਬਾਕੀਨਾ ਨੂੰ 6-0, 6-3 ਨਾਲ, ਕਾਲਰਾ ਟਾਊਸਨ ਨੇ ਅਮਰੀਕੀ ਜੇਨੀਫਰ ਬਰੇਡੀ ਨੂੰ 6-4, 3-6, 9-7 ਨਾਲ, ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਮਾਇਰ ਸ਼ੇਰੀਫ ਨੂੰ 7-6, 6-2, 6-4 ਨਾਲ, ਟੀਮੀਆ ਬਾਬੋਸ ਨੇ ਏਨਾ ਬੋਗਡਾਨ ਨੂੰ 6-4, 6-2 ਨਾਲ, ਏਲੀਸਨ ਵੇਨ ਯੂਵਿਕ ਨੇ ਰੇਬੇਕਾ ਪੀਟਰਸਨ ਨੂੰ 6-2, 3-6, 1-6 ਨਾਲ ਹਰਾਇਆ।

ਲਾਇਡ ਹੈਰਿਸ ਦੀ ਏਲਕਸੀ 'ਤੇ ਜਿੱਤ

ਮਰਦ ਸਿੰਗਲਜ਼ ਵਿਚ ਦੱਖਣੀ ਅਫਰੀਕਾ ਦੇ ਲਾਇਡ ਹੈਰਿਸ ਨੇ ਪਹਿਲੇ ਗੇੜ ਵਿਚ ਏਲੇਕਸੀ ਪੋਪੀਰਨੀ ਨੂੰ 6-4, 6-4, 7-6 ਨਾਲ ਮਾਤ ਦਿੱਤੀ। ਆਸਟ੍ਰੇਲਿਆਈ ਖਿਡਾਰੀ ਜਾਨ ਮਿਲਮੈਨ ਨੂੰ ਸਪੈਨਿਸ਼ ਖਿਡਾਰੀ ਪਾਬਲੋ ਕਾਰੇਨੋ ਬੁਸਤਾ ਨੇ 6-3, 6-2, 7-5 ਨਾਲ ਮਾਤ ਦੇ ਕੇ ਦੂਜੇ ਗੇੜ ਵਿਚ ਥਾਂ ਬਣਾਈ।