ਸਤਪਾਲ ਖਡਿਆਲ - ਪੰਜਾਬ ਖੇਡ ਮੇਲਿਆ ਦੀ ਧਰਤੀ ਹੈ । ਪੰਜਾਬੀ ਜਿੱਥੇ ਖਾਣ ਪੀਣ ਦੇ ਸ਼ੌਕੀਨ ਹਨ ਉੱਥੇ ਸੱਭਿਆਚਾਰਿਕ ਤੇ ਖੇਡ ਮੇਲਿਆ 'ਤੇ ਖੁੱਲ੍ਹਾ ਖ਼ਰਚ ਕਰਨ ਦਾ ਜਜ਼ਬਾ ਵੀ ਰੱਖਦੇ ਹਨ। ਰੋਜੀ-ਰੋਟੀ ਤੇ ਚੰਗੀ ਜ਼ਿੰਦਗੀ ਦਾ ਸੁਪਨਾ ਲੈ ਕੇ ਪਰਦੇਸ ਗਏ ਪੰਜਾਬੀ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਟੂਰਨਾਮੈਂਟ ਕਰਵਾਉਂਦੇ ਹਨ। ਇਨ੍ਹਾਂ ਖੇਡ ਮੇਲਿਆ 'ਚ ਲੱਖਾਂ ਰੁਪਏ ਦੀਆਂ ਰੇਡਾਂ ਤੇ ਜੱਫੇ ਲਗਦੇ ਹਨ। ਕੁਝ ਟੂਰਨਾਮੈਂਟ ਅਜਿਹੇ ਹਨ ਜਿਨ੍ਹਾਂ ਦਾ ਬਜਟ 50 ਲੱਖ ਤੋਂ ਇਕ ਕਰੋੜ ਰੁਪਏ ਤਕ ਹੁੰਦਾ ਹੈ । ਇਕ-ਦੂਜੇ ਨੂੰ ਮਾਤ ਦੇਣ ਦੀ ਫ਼ਿਤਰਤ ਪੰਜਾਬੀਆ ਦੇ ਸੁਭਾਅ ਦਾ ਹਿੱਸਾ ਹੈ। ਇਸ ਲਈ ਇਕ-ਦੂਜੇ ਨਾਲੋਂ ਵੱਡੇ ਟੂਰਨਾਮੈਂਟ ਕਰਵਾਉਣ ਦੇ ਸ਼ੌਕੀਨ ਪਰਵਾਸੀ ਪੰਜਾਬੀ ਇਨ੍ਹੀਂ ਦਿਨੀਂ ਆਪਣੇ ਪਿੰਡ ਦੇ ਖੇਡ ਮੈਦਾਨਾ 'ਚ ਰੌਣਕ ਲਾਈ ਬੈਠੇ ਹਨ। ਇਸ ਸੀਜ਼ਨ ਦੇ ਵੱਡੇ ਖੇਡ ਮੇਲਿਆ ਦੀ ਗੱਲ ਕਰੀਏ ਤਾਂ ਫਰਵਰੀ ਦੇ ਪਹਿਲੇ ਹਫ਼ਤੇ ਨੰਗਲ ਅੰਬੀਆ, ਕੋਟਲਾ ਮਿਹਰ ਸਿੰਘ, ਬੋਲੀਨਾ, ਅਠੌਲਾ, ਚੋਹਲਾ ਸਾਹਿਬ, ਬੱਲੋਮਾਜਰਾ, ਬੜਾਪਿੰਡ ਵਿਖੇ ਉੱਚ ਕੋਟੀ ਦੇ ਕਬੱਡੀ ਕੱਪ ਕਰਵਾਏ ਜਾ ਰਹੇ ਹਨ ਤੇ ਲੱਖਾਂ ਰੁਪਏ ਦੇ ਮਾਣ-ਸਨਮਾਨ ਰੱਖੇ ਗਏ ਹਨ।

ਜੰਡਿਆਲਾ ਮੰਜਕੀ ਕਬੱਡੀ ਕੱਪ

ਜਲੰਧਰ ਜ਼ਿਲ੍ਹੇ ਦੇ ਕਸਬਾ ਜੰਡਿਆਲਾ ਮੰਜਕੀ ਦਾ ਕਬੱਡੀ ਕੱਪ 24 ਫਰਵਰੀ ਨੂੰ ਹੋਵੇਗਾ, ਜਿਸ ਦਾ ਬਜਟ ਇਕ ਕਰੋੜ ਰੁਪਏ ਦੇ ਕਰੀਬ ਹੈ। ਇਸ ਖੇਡ ਮੇਲੇ 'ਚ ਦਰਸ਼ਕਾਂ ਨੂੰ ਕੂਪਨ ਰਾਹੀਂ ਆਲਟੋ ਕਾਰ ਤੇ ਕਬੱਡੀ ਜਗਤ ਦੀਆਂ ਸ਼ਖ਼ਸੀਅਤਾਂ ਨੂੰ ਕਾਰਾਂ ਤੇ ਮੋਟਰਸਾਈਕਲ ਸਨਮਾਨ 'ਚ ਦਿੱਤੇ ਜਾਣਗੇ। ਅਮਰੀਕਾ ਵਾਸੀ ਖੇਡ ਪ੍ਰਮੋਟਰ ਜਤਿੰਦਰ ਜੌਹਲ, ਸੁੱਖਾ ਚੱਕਾਂਵਾਲਾ, ਲਖਬੀਰ ਸਹੋਤਾ ਦੀ ਅਗਵਾਈ ਵਾਲਾ ਇਹ ਇਕ ਵੱਡਾ ਕਬੱਡੀ ਕੱਪ ਹੈ, ਜਿਸ ਵਿਚ ਪੰਜਾਬ ਕਬੱਡੀ ਅਕੈਡਮੀਜ਼ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਕਈ ਨਾਮੀ ਖਿਡਾਰੀ, ਕਲਾਕਾਰ ਤੇ ਅਦਾਕਾਰ ਵੀ ਸ਼ਿਰਕਤ ਕਰਨਗੇ।

ਮੁਠੱਡਾ ਕਬੱਡੀ ਕੱਪ

ਫਿਲੌਰ ਨੇੜਲੇ ਪਿੰਡ ਮੁਠੱਡਾ ਕਲਾਂ ਦਾ ਕਬੱਡੀ ਕੱਪ ਖੇਡ ਜਗਤ 'ਚ ਮੀਲ ਪੱਥਰ ਹੈ। ਆਜ਼ਾਦ ਕਬੱਡੀ ਕਲੱਬ ਦੇ ਇਸ ਟੂਰਨਾਮੈਂਟ ਨੇ ਕਬੱਡੀ ਵਿਚ ਲੱਖਾਂ ਰੁਪਏ ਦੀਆਂ ਰੇਡਾਂ ਤੇ ਜੱਫਿਆਂ ਦੀ ਪਿਰਤ ਪਾਈ। ਯੂਕੇ ਨਿਵਾਸੀ ਸੱਤਾ ਮੁਠੱਡਾ, ਭਿੰਦਾ ਮੁਠੱਡਾ, ਦਾਰਾ ਕੈਨੇਡਾ, ਜੈਸ ਔਜਲਾ ਤੇ ਸਾਥੀਆਂ ਵੱਲੋਂ ਇਸ ਖੇਡ ਮੇਲੇ ਦੀ ਸਫਲਤਾ ਲਈ ਸਿਰਤੋੜ ਯਤਨ ਕੀਤੇ ਜਾਂਦੇ ਹਨ। ਇਸ ਸਾਲ ਇਹ ਕਬੱਡੀ ਕੱਪ 26, 27 ਅਤੇ 28 ਫਰਵਰੀ ਨੂੰ ਹੋਵੇਗਾ। ਇਕ ਵਾਰ ਫਿਰ ਇਸ ਖੇਡ ਮੇਲੇ ਵਿਚ ਲੱਖਾਂ ਦੀਆਂ ਰੇਡਾਂ ਤੇ ਜੱਫੇ ਲੱਗਣਗੇ ਤੇ ਨਾਮੀ ਫ਼ਨਕਾਰ ਵੀ ਕਲਾ ਦੇ ਜੌਹਰ ਦਿਖਾਉਣਗੇ।

ਰੋਡਮਾਜਰਾ ਚੱਕਲਾ ਕਬੱਡੀ ਕੱਪ

ਕੁਰਾਲੀ–ਰੋਪੜ ਹਾਈਵੇ 'ਤੇ ਸਥਿਤ ਪਿੰਡ ਰੋਡਮਾਜਰਾ ਚੱਕਲਾ ਦਾ ਕਬੱਡੀ ਕੱਪ ਖੇਡ ਜਗਤ 'ਚ ਬੁਲੰਦ ਮੁਕਾਮ ਰੱਖਦਾ ਹੈ। ਬਾਬਾ ਗਾਜ਼ੀ ਦਾਸ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਇਲਾਕੇ ਦੇ ਪਿੰਡਾਂ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਇਹ ਖੇਡ ਮੇਲੇ ਜਾਬਤੇ ਵਾਲਾ ਖੇਡ ਉਤਸਵ ਹੈ। 20-21 ਫਰਵਰੀ ਨੂੰ ਹੋਣ ਵਾਲੇ ਇਸ ਕਬੱਡੀ ਕੱਪ ਦੇ ਪਹਿਲਾ ਦਿਨ ਔਰਤਾਂ ਅਤੇ ਦੂਜੇ ਦਿਨ ਮਰਦਾਂ ਦੇ ਕਬੱਡੀ ਮੁਕਾਬਲੇ ਹੋਣਗੇ। ਵੱਖ ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਹ ਖੇਡ ਮੇਲਾ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਤੇ ਨਰਿੰਦਰ ਸਿੰਘ ਕੰਗ ਦੀ ਅਗਵਾਈ 'ਚ ਕਰਵਾਇਆ ਜਾਂਦਾ ਹੈ।

ਦਿੜ੍ਹਬਾ ਮੰਡੀ ਕਬੱਡੀ ਕੱਪ

ਮਾਲਵੇ ਦੀ ਕਬੱਡੀ 'ਚ ਦਿੜ੍ਹਬਾ ਦੀਆਂ ਖੇਡਾਂ ਦਾ ਵੱਡਾ ਮਹੱਤਵ ਹੈ। ਇਸ ਕਬੱਡੀ ਕੱਪ ਨਾਲ ਸੈਂਕੜੇ ਖਿਡਾਰੀਆਂ ਦੀ ਖੇਡ ਜਗਤ 'ਚ ਆਮਦ ਹੋਈ। ਪ੍ਰਧਾਨ ਗੁਰਮੇਲ ਸਿੰਘ, ਚੇਅਰਮੈਨ ਕਰਣ ਘੁਮਾਣ, ਚਮਕੌਰ ਘੁਮਾਣ ਯੂਕੇ ਦੇ ਸਾਥੀਆਂ ਵੱਲੋਂ ਇਸ ਸਾਲ ਇਹ ਕਬੱਡੀ ਕੱਪ 15-16 ਫਰਵਰੀ ਨੂੰ ਕਰਵਾਇਆ ਜਾਵੇਗਾ। ਪਹਿਲੇ ਦਿਨ ਲੜਕੀਆਂ ਦੇ ਮੈਚ ਹੋਣਗੇ ਤੇ ਦੂਜੇ ਦਿਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਲੱਖਾਂ ਦੇ ਇਨਾਮਾਂ ਲਈ ਭਿੜਨਗੀਆਂ।

ਕਪੂਰਥਲਾ ਕਬੱਡੀ ਕੱਪ

ਖੇਡ ਪ੍ਰਮੋਟਰ ਸਵਰਗੀ ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਕਪੂਰਥਲਾ ਕਬੱਡੀ ਕੱਪ ਖੇਡ ਜਗਤ 'ਚ ਨਾਮਵਰ ਖੇਡ ਪ੍ਰਮੋਟਰਾਂ ਦਾ ਸੰਗਮ ਹੈ। ਬਾਬਾ ਜੌਹਨ ਸਿੰਘ ਗਿੱਲ, ਹਰਵਿੰਦਰ ਸਿੰਘ ਲੱਡੂ, ਬੰਤ ਨਿੱਝਰ ਤੇ ਯੂਥ ਕਲੱਬ ਕੈਨੇਡਾ ਦੀ ਅਗਵਾਈ ਵਾਲੇ ਇਸ ਕੱਪ 'ਚ 23 ਫਰਵਰੀ ਨੂੰ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆ। ਕਬੱਡੀ ਦੀ ਨਰਸਰੀ ਆਖੇ ਜਾਂਦੇ ਕਪੂਰਥਲਾ ਵਿਖੇ ਇਹ ਖੇਡ ਮਹਾਕੁੰਭ ਹੋਵੇਗਾ।

ਖਹਿਰਾ ਭੱਟੀਆਂ ਕਬੱਡੀ ਕੱਪ

ਫਿਲੌਰ ਨੇੜਲੇ ਪਿੰਡ ਖਹਿਰਾ ਭੱਟੀਆਂ ਦਾ ਕਬੱਡੀ ਕੱਪ ਵੀ ਇਸ ਸਮੇਂ ਕਬੱਡੀ ਜਗਤ ਵਿਚ ਮੋਹਰਲੀ ਕਤਾਰ 'ਚ ਹੈ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਅਮਰੀਕਾ ਵਾਸੀ ਅਵਤਾਰ ਸਿੰਘ ਖਹਿਰਾ ਤੇ ਅਮਰਜੀਤ ਖਹਿਰਾ ਦੀ ਅਗਵਾਈ ਵਾਲੇ ਇਸ ਟੂਰਨਾਮੈਂਟ ਵਿਚ ਪੰਜਾਬ ਅਕੈਡਮੀਜ਼ ਦੀਆਂ ਟੀਮਾਂ ਦਰਮਿਆਨ 21 ਅਤੇ 22 ਫਰਵਰੀ ਨੂੰ ਭੇੜ ਹੋਣਗੇ ਤੇ ਪ੍ਰਸਿੱਧ ਫ਼ਨਕਾਰਾਂ ਦੇ ਆਖਾੜੇ ਵੀ ਲੱਗਣਗੇ।

ਰੁੜਕਾ ਕਲਾਂ ਕਬੱਡੀ ਕੱਪ

ਜ਼ਿਲ੍ਹਾ ਜਲੰਧਰ ਦੇ ਗੁਰਾਇਆਂ ਨੇੜਲੇ ਪਿੰਡ ਰੁੜਕਾ ਕਲਾਂ ਦਾ ਖੇਡ ਮੇਲਾ ਖੇਡਾਂ 'ਚ ਵਿਸ਼ੇਸ਼ ਥਾਂ ਰੱਖਦਾ ਹੈ। ਇਥੋਂ ਦੇ ਵਾਈਐੱਫਸੀ ਕਲੱਬ ਨੇ ਦਰਜਨਾਂ ਹੀਰੇ ਖੇਡ ਜਗਤ ਨੂੰ ਦਿੱਤ। ਖਿਡਾਰੀਆਂ, ਫ਼ਨਕਾਰਾਂ ਤੇ ਖੇਡ ਪ੍ਰਮੋਟਰਾਂ ਦੇ ਇਸ ਪਿੰਡ ਵਿਚ 17 ਫਰਵਰੀ ਨੂੰ ਕਬੱਡੀ ਮੁਕਾਬਲੇ ਹੋਣਗੇ, ਜਿਸ 'ਚ ਨਾਰਥ ਇੰਡੀਆ ਫੈਡਰੇਸ਼ਨ ਦੀਆਂ ਟੀਮਾਂ ਭਾਗ ਲੈਣਗੀਆ। ਸੰਧੂ ਪਰਿਵਾਰ ਦਾ ਇਹ ਕਬੱਡੀ ਕੱਪ ਕਰਵਾਉਣ 'ਚ ਵਿਸ਼ੇਸ਼ ਯੋਗਦਾਨ ਹੈ।

ਸੈਦੋਵਾਲ ਕਬੱਡੀ ਕੱਪ

ਰੇਲ ਕੋਚ ਫੈਕਟਰੀ ਕਪੂਰਥਲਾ ਦੇ ਪਿਛਲੇ ਪਾਸੇ ਵਸੇ ਪਿੰਡ ਸੈਦੋਵਾਲ ਦਾ ਕਬੱਡੀ ਕੱਪ ਵੀ ਸੀਜ਼ਨ ਦੌਰਾਨ ਸਭ ਦਾ ਧਿਆਨ ਖਿੱਚੇਗਾ। ਇਹ ਖੇਡ ਮੁਕਾਬਲੇ 19 ਤੇ 20 ਫਰਵਰੀ ਨੂੰ ਹੋਣਗੇ। ਇਸ ਖੇਡ ਮੇਲੇ ਦਾ ਬਜਟ ਵੀ ਲੱਖਾਂ 'ਚ ਹੈ। ਫਾਈਨਲ ਮੁਕਾਬਲੇ ਵਿਚ ਆਲਟੋ ਕਾਰਾਂ ਤੇ ਸੈਮੀਫਾਈਨਲ 'ਚ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਕਬੱਡੀ ਖਿਡਾਰੀ ਬਿੰਦਰ ਸੈਦੋਵਾਲ ਤੇ ਸਾਥੀਆਂ ਵੱਲੋਂ ਕਬੱਡੀ ਕੋਚ ਦੇਬਾ ਭੰਡਾਲ ਤੇ ਜੱਗੂ ਸੈਦੋਵਾਲ ਨੂੰ ਮੋਟਰਸਾਈਕਲਾਂ ਨਾਲ ਸਨਮਾਨਤ ਕੀਤਾ ਜਾਵੇਗਾ।

ਦੇਧਨਾ ਕਬੱਡੀ ਕੱਪ

ਯੂਕੇ ਨਿਵਾਸੀ ਦਲਬੀਰ ਸਿੰਘ ਗਿੱਲ ਦੀ ਅਗਵਾਈ ਵਾਲਾ ਦੇਧਨਾ ਕਬੱਡੀ ਕੱਪ ਪਟਿਆਲਾ ਜ਼ਿਲ੍ਹੇ ਦਾ ਨਾਮੀ ਖੇਡ ਮੇਲਾ ਹੈ। ਪਿਛਲੇ ਸਾਲ ਖਿਡਾਰੀਆਂ ਨੂੰ ਇਨਾਮ 'ਚ ਕੰਬਾਈਨਾਂ ਦੇਣ ਨਾਲ ਇਹ ਵੱਡੇ ਖੇਡ ਮੇਲਿਆਂ ਵਿਚ ਆਪਣੀ ਥਾਂ ਬਣਾਉਣ 'ਚ ਸਫਲ ਹੋਇਆ ਹੈ। 12 ਤੇ 13 ਫਰਵਰੀ ਨੂੰ ਹੋਣ ਵਾਲੇ ਇਸ ਕਬੱਡੀ ਕੱਪ ਵਿਚ ਪਹਿਲੇ ਦਿਨ ਓਪਨ ਪਿੰਡ ਵਾਰ ਤੇ ਦੂਜੇ ਦਿਨ ਪੰਜਾਬ ਕਬੱਡੀ ਅਕੈਡਮੀਜ਼ ਦੀਆਂ ਟੀਮਾਂ ਦੇ ਭੇੜ ਹੋਣਗੇ।

ਸਰਹਾਲਾ ਰਾਣੂੰਆਂ ਕੱਪ

ਪ੍ਰਸਿੱਧ ਕਬੱਡੀ ਖਿਡਾਰੀ ਬਲਬੀਰ ਸਿੰਘ ਬੀਰੀ ਤੇ ਸੇਵਾ ਸਿੰਘ ਰਾਣਾ ਦੀ ਅਗਵਾਈ ਵਾਲਾ ਸਰਹਾਲਾ ਰਾਣੂੰਆਂ (ਸ਼ਹੀਦ ਭਗਤ ਸਿੰਘ ਨਗਰ) ਦਾ ਕਬੱਡੀ ਕੱਪ ਵੀ ਕਬੱਡੀ ਜਗਤ 'ਚ ਵਿਲੱਖਣ ਥਾਂ ਰੱਖਦਾ ਹੈ। ਇਸ ਸੀਜ਼ਨ ਵਿਚ ਜਿੱਥੇ ਸਰਹਾਲਾ ਰਾਣੂੰਆਂ ਦੀ ਅਕੈਡਮੀ ਨੇ ਧੁੰਮ ਮਚਾਈ ਹੋਈ ਹੈ ਉੱਥੇ ਇਸ ਕਲੱਬ ਦੀ ਵਾਗਡੋਰ ਪ੍ਰਸਿੱਧ ਖਿਡਾਰੀ ਪਾਲਾ ਜਲਾਲਪੁਰ ਤੇ ਦੁੱਲਾ ਬੱਗਾਪਿੰਡ ਦੇ ਹੱਥਾਂ 'ਚ ਹੈ। ਇਸ ਕੱਪ 'ਤੇ ਦੁੱਲਾ ਬੱਗਾਪਿੰਡ ਨੂੰ ਮਹਿੰਗੀ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ।

ਸਰਹਾਲੀ ਕਬੱਡੀ ਕੱਪ

ਜੰਡਿਆਲਾ–ਨਕੋਦਰ ਰੋਡ ਸਥਿੱਤ ਪਿੰਡ ਸਰਹਾਲੀ ਦਾ ਕਬੱਡੀ ਕੱਪ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਮੋਟਰ ਹਰਵਿੰਦਰ ਬਾਸੀ, ਸੁੱਖਾ ਬਾਸੀ, ਇੰਦਰਜੀਤ ਧੁੱਗਾ, ਬੱਬਲ ਸੰਗਰੂਰ, ਜੱਸ ਸੋਹਲ ਤੇ ਯੰਗ ਕਲੱਬ ਮੈਲਬੋਰਨ ਆਸਟ੍ਰੇਲੀਆ ਦੇ ਬਲਜਿੰਦਰ ਸਿੰਘ ਬਾਸੀ ਦੀ ਅਗਵਾਈ ਵਾਲੇ ਇਸ ਕਬੱਡੀ ਕੱਪ 'ਤੇ ਵੀ ਲੱਖਾਂ ਦੀਆਂ ਰੇਡਾਂ ਪੈਂਦੀਆਂ ਹਨ। ਕਬੱਡੀ ਦੇ ਨਾਲ-ਨਾਲ ਪਿੰਡ ਦੇ ਪਰਵਾਸੀਆਂ ਨੇ ਪਿੰਡ ਦੇ ਵਿਕਾਸ 'ਚ ਵੀ ਅਹਿਮ ਯੋਗਦਾਨ ਪਾਇਆ ਹੈ। ਇਸ ਦੀਆਂ ਤਰੀਕਾਂ ਦਾ ਐਲਾਨ ਵੀ ਅਜੇ ਕੀਤਾ ਜਾਣਾ ਹੈ।

ਰੁੜਕਾ ਖੁਰਦ ਕਬੱਡੀ ਕੱਪ

ਗੁਰਾਇਆ ਨੇੜਲੇ ਪਿੰਡ ਰੁੜਕਾ ਖੁਰਦ ਦਾ ਕਬੱਡੀ ਕੱਪ ਖੇਡ ਜਗਤ 'ਚ ਪੁਰਾਣੇ ਖਿਡਾਰੀਆਂ ਦੀ ਸਾਂਝ ਦਾ ਪ੍ਰਤੀਕ ਹੈ। ਇਸ ਕਬੱਡੀ ਕੱਪ ਦੇ ਸੰਚਾਲਕ ਪ੍ਰਸਿੱਧ ਖਿਡਾਰੀ ਲਖਬੀਰ ਸਹੋਤਾ, ਵਰਿੰਦਰ ਪੱਪੂ, ਨਰਿੰਦਰ ਬਿੱਲਾ ਨੂੰ ਕਬੱਡੀ ਜਗਤ 'ਚ ਬੜਾ ਮਾਣ ਮਿਲਿਆ ਹੈ। ਮਾਰਚ ਮਹੀਨੇ 8 ਅਤੇ 9 ਤਰੀਕ ਨੂੰ ਹੋਣ ਵਾਲੇ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ ਵਿਚ ਇਸ ਸਾਲ ਵੀ ਲੱਖਾਂ ਦੇ ਇਨਾਮਾਂ ਲਈ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇ ਭੇੜ ਹੋਣਗੇ।

ਲੜਕੀਆਂ ਦੀ ਵਰਲਡ ਕਬੱਡੀ ਲੀਗ

ਲੜਕੀਆਂ ਦੀ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਕਬੱਡੀ ਸੰਘ ਤੇ ਭਾਰਤੀ ਕਬੱਡੀ ਸੰਘ ਵੱਲੋਂ 21 ਫਰਵਰੀ ਤੋਂ ਲੜਕੀਆਂ ਦੀ ਪਹਿਲੀ ਸਰਕਲ ਸਟਾਈਲ ਕਬੱਡੀ ਲੀਗ ਰੁਹਤਾਸ ਸਿੰਘ ਨਾਂਦਲ ਦੀ ਅਗਵਾਈ ਵਿਚ ਹੋਵੇਗੀ।

ਪੰਜਾਬ ਕਬੱਡੀ ਚੈਂਪੀਅਨਸ਼ਿਪ

ਪੰਜਾਬ ਕਬੱਡੀ ਐਸੋਸ਼ੀਏਸ਼ਨ ਵੱਲੋਂ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਵਿਖੇ 9 ਅਤੇ 10 ਫਰਵਰੀ ਨੂੰ ਸੂਬਾ ਪੱਧਰੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਆਪਣੇ ਖੇਡ ਹੁਨਰ ਦਾ ਪ੍ਰਗਟਾਵਾ ਕਰਨਗੇ ਤੇ ਸਨਮਾਨ

ਲਈ ਭਿੜਨਗੇ।

ਕੁਝ ਹੋਰ ਅਹਿਮ ਕਬੱਡੀ ਮੁਕਾਬਲੇ

ਉਕਤ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਮਾਓ ਸਾਹਿਬ, ਡੱਲੇਵਾਲ, ਪੁਆਦੜਾ, ਅਕਲਪੁਰ, ਫਰਾਲਾ, ਬੜਾਪਿੰਡ, ਚੱਕ ਕਲਾਂ, ਸਹਾਰਨ ਮਾਜਰਾ ਆਦਿ ਵੱਡੇ ਕਬੱਡੀ ਕੱਪ ਵੀ ਪੰਜਾਬ ਦੀ ਕਬੱਡੀ ਨੂੰ ਨੇੜਲੇ ਭਵਿੱਖ ਵਿਚ ਹੁਲਾਰਾ ਦੇਣਗੇ। ਇਨ੍ਹਾਂ ਸਾਰੇ ਕਬੱਡੀ ਟੂਰਨਾਮੈਂਟਾਂ 'ਤੇ ਕਰੋੜਾਂ ਰੁਪਏ ਖ਼ਰਚ ਹੋਣੇ ਹਨ ਪ੍ਰੰਤੂ ਸਮਾਂ ਮੰਗ ਕਰਦਾ ਹੈ ਕਿ ਕਬੱਡੀ ਨੂੰ ਉਸ ਦੇ ਮੰਜ਼ਿਲ-ਏ-ਮਕਸੂਦ ਤਕ ਪਹੁੰਚਾਉਣ ਲਈ ਠੋਸ ਨਿਯਮਾਵਲੀ ਅਪਣਾਈ ਜਾਵੇ।

Posted By: Harjinder Sodhi