ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਸਾਰੇ ਮੈਚਾਂ ਦੀ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 3 ਦਸੰਬਰ 2019 ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਸਟੇਡੀਅਮ 'ਚ ਪਹਿਲਾ ਮੁਕਾਬਲਾ ਭਾਰਤ ਤੇ ਇੰਗਲੈਂਡ ਵਿਚਕਾਰ ਤੇ ਦੂਜਾ ਕੈਨੇਡਾ ਤੇ ਅਮਰੀਕਾ ਵਿਚਕਾਰ ਹੋਵੇਗਾ।

ਇਸੇ ਤਰ੍ਹਾਂ 4 ਦਸੰਬਰ ਨੂੰ ਗੁਰੂ ਰਾਮ ਦਾਸ ਸਪੋਰਟਸ ਸਟੇਡੀਅਮ ਗੁਰੂ ਹਰਸਹਾਏ (ਫਿਰੋਜ਼ਪੁਰ) ਵਿਖੇ ਪਹਿਲਾ ਮੈਚ ਭਾਰਤ ਤੇ ਸ੍ਰੀਲੰਕਾ ਵਿਚਕਾਰ, ਦੂਜਾ ਮੈਚ ਇੰਗਲੈਂਡ ਤੇ ਆਸਟਰੇਲੀਆ ਤੇ ਤੀਜਾ ਮੈਚ ਕੈਨੇਡਾ ਤੇ ਨਿਊਜ਼ੀਲੈਂਡ ਦਰਮਿਆਨ ਹੋਵੇਗਾ। 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਪਹਿਲਾ ਮੈਚ ਭਾਰਤ ਤੇ ਅਸਟਰੇਲੀਆ ਤੇ ਦੂਜਾ ਅਮਰੀਕਾ ਤੇ ਕੀਨੀਆ 'ਚ ਹੋਵੇਗਾ।

ਇਸੇ ਤਰ੍ਹਾਂ 6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ ਵਿਖੇ ਪਹਿਲਾ ਮੁਕਾਬਲਾ ਸ੍ਰੀਲੰਕਾ ਤੇ ਅਸਟਰੇਲੀਆ ਤੇ ਦੂਜਾ ਮੁਕਾਬਲਾ ਨਿਊਜ਼ੀਲੈਂਡ ਤੇ ਕੀਨੀਆ 'ਚ ਹੋਵੇਗਾ।

ਸੈਮੀਫਾਈਨਲ ਮੈਚ ਚਰਨਗੰਗਾ ਸਪੋਰਟਸ ਸਟੇਡੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ। ਇਸ 'ਚ ਪਹਿਲਾ ਮੁਕਾਬਲਾ ਪੂਲ 'ਏ' ਦੇ ਜੇਤੂ ਦਾ ਪੂਲ 'ਬੀ' ਦੇ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ ਜਦਕਿ ਦੂਜਾ ਮੈਚ ਗਰੁੱਪ 'ਬੀ' ਦੇ ਜੇਤੂ ਦਾ ਗਰੁੱਪ 'ਏ' ਦੇ ਦੂਜੇ ਨੰਬਰ ਦੀ ਆਈ ਟੀਮ ਨਾਲ ਹੋਵੇਗਾ।

ਟੂਰਨਾਮੈਂਟ ਦੇ ਆਖਰੀ ਦਿਨ ਫਾਈਨਲ ਮੁਕਾਬਲੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਹੋਣਗੇ। ਇਸ ਵਿਚ ਪਹਿਲਾ ਮੁਕਾਬਲਾ ਤੀਜੇ ਤੇ ਚੌਥੇ ਸਥਾਨ ਲਈ ਹੋਵੇਗਾ ਤੇ ਉਸ ਤੋਂ ਬਾਅਦ ਫਾਈਨਲ ਮੁਕਾਬਲਾ ਹੋਵੇਗਾ। ਮੈਚ ਰੋਜ਼ਾਨਾ ਸਵੇਰੇ 11 ਵਜੇ ਸ਼ੁਰੂ ਹੋਇਆ ਕਰਨਗੇ ਤੇ ਸਮਾਪਤ ਹੋਣ ਤਕ ਚੱਲਣਗੇ।