ਰੋਮ (ਏਪੀ) : ਕ੍ਰਿਸਟੀਆਨੋ ਰੋਨਾਲਡੋ ਨੇ ਲੈਅ 'ਚ ਵਾਪਸੀ ਕਰਦੇ ਹੋਏ ਦੋ ਗੋਲ ਕਰਨ ਵਿਚ ਮਦਦ ਤੋਂ ਇਲਾਵਾ ਇਕ ਪੈਨਲਟੀ ਨੂੰ ਗੋਲ ਵਿਚ ਤਬਦੀਲ ਕੀਤਾ ਜਿਸ ਨਾਲ ਜੁਵੈਂਟਸ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਇਟਲੀ ਦੀ ਫੁੱਟਬਾਲ ਲੀਗ ਸੀਰੀ-ਏ ਵਿਚ 10 ਖਿਡਾਰੀਆਂ ਦੀ ਲੇਸੀ ਟੀਮ ਨੂੰ 4-0 ਨਾਲ ਮਾਤ ਦਿੱਤੀ। ਇਸ ਤਰ੍ਹਾਂ ਜੁਵੈਂਟਸ ਨੇ ਲਗਾਤਾਰ ਨੌਵੇਂ ਰਿਕਾਰਡ ਖ਼ਿਤਾਬ ਦੀ ਉਮੀਦ ਵੀ ਵਧਾ ਦਿੱਤੀ। ਇਟਲੀ ਵਿਚ ਫੁੱਟਬਾਲ ਦੀ ਬਹਾਲੀ ਤੋਂ ਬਾਅਦ ਤੋਂ ਰੋਨਾਲਡੋ ਲੈਅ ਹਾਸਲ ਕਰਨ ਲਈ ਜੂਝ ਰਹੇ ਸਨ ਪਰ ਉਨ੍ਹਾਂ ਦੀ ਵਾਪਸੀ ਨਾਲ ਜੁਵੈਂਟਸ ਦੀ ਟੀਮ ਦੂਜੇ ਸਥਾਨ 'ਤੇ ਚੱਲ ਰਹੀ ਲਾਜੀਓ ਤੋਂ ਸੱਤ ਅੰਕ ਦੀ ਬੜ੍ਹਤ ਬਣਾਉਣ ਵਿਚ ਕਾਮਯਾਬ ਰਹੀ। ਇਸ ਸੈਸ਼ਨ ਵਿਚ 25 ਅੰਕ ਲੈਣ ਵਾਲੀ ਲੇਸੀ ਟੀਮ ਨੇ ਪਹਿਲੇ ਅੱਧ ਵਿਚ ਜੁਵੈਂਟਸ ਨੂੰ ਗੋਲ ਕਰਨ ਨਹੀਂ ਕਰਨ ਦਿੱਤਾ ਪਰ 31ਵੇਂ ਮਿੰਟ ਵਿਚ ਉਹ 10 ਖਿਡਾਰੀਆਂ ਦੀ ਰਹਿ ਗਈ। ਰਾਡਰੀਗੋ ਬੇਂਟਾਕੁਰ ਨੂੰ ਟੈਕਲ ਕਰਨ ਕਾਰਨ ਫਾਬੀਓ ਲੁਸੀਓਨਿਵਾਸ ਨੂੰ ਰੈੱਡ ਕਾਰਡ ਦਿਖਾ ਦਿੱਤਾ ਗਿਆ। ਡਾਇਬਾਲਾ ਨੇ ਦੂਜੇ ਅੱਧ ਦੇ ਅੱਠਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਵਿਚ ਰੋਨਾਲਡੋ ਨੇ ਉਨ੍ਹਾਂ ਦੀ ਮਦਦ ਕੀਤੀ। 62ਵੇਂ ਮਿੰਟ ਵਿਚ ਰੋਨਾਲਡੋ ਨੇ ਪੈਨਲਟੀ 'ਤੇ ਗੋਲ ਕਰ ਕੇ ਸਕੋਰ 2-0 ਕਰ ਦਿੱਤਾ। 83ਵੇਂ ਮਿੰਟ ਵਿਚ ਰੋਨਾਲਡੋ ਨੇ ਇਕ ਹੋਰ ਮੌਕਾ ਬਣਾਉਂਦੇ ਹੋਏ ਗੇਂਦ ਹਿਗੂਏਨ ਨੂੰ ਦਿੱਤੀ ਜਿਨ੍ਹਾਂ ਨੇ ਗੋਲ ਕਰਨ ਦਾ ਮੌਕਾ ਨਹੀਂ ਛੱਡਿਆ। ਦੋ ਮਿੰਟ ਬਾਅਦ ਡੀ ਲਾਈਟ ਨੇ ਡਗਲਸ ਕੋਸਟਾ ਦੀ ਮਦਦ ਨਾਲ ਜੁਵੈਂਟਸ ਲਈ ਚੌਥਾ ਗੋਲ ਕਰ ਦਿੱਤਾ।