ਰੋਮ (ਏਪੀ) : ਦਮਦਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੇ ਫੈਡਰਿਕੋ ਬੇਰਨਾਰਡੇਸਕੀ ਦੇ ਗੋਲ ਦੇ ਦਮ 'ਤੇ ਜੁਵੈਂਟਸ ਨੇ ਐਤਵਾਰ ਨੂੰ ਸੈਂਪਡੋਰੀਆ ਖ਼ਿਲਾਫ਼ 2-0 ਦੀ ਜਿੱਤ ਨਾਲ ਲਗਾਤਾਰ ਨੌਵੀਂ ਵਾਰ ਇਟਲੀ ਦੀ ਫੁੱਟਬਾਲ ਲੀਗ ਸੀਰੀ-ਏ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।

ਰੋਨਾਲਡੋ ਨੇ ਪਹਿਲੇ ਹਾਫ ਤੋਂ ਪਹਿਲਾਂ ਜੁਵੈਂਟਸ ਦਾ ਖਾਤਾ ਖੋਲ੍ਹਿਆ ਜਦੋਂਕਿ ਬੇਰਨਾਰਡੇਸਕੀ ਨੇ ਮੈਚ ਦੇ 67ਵੇਂ ਮਿੰਟ 'ਚ ਟੀਮ ਦੀ ਲੀਡ ਨੂੰ 2-0 ਕਰ ਦਿੱਤਾ ਜੋ ਕਿ ਫ਼ੈਸਲਾਕੁੰਨ ਸਕੋਰ ਸਾਬਤ ਹੋਇਆ। ਹਾਲਾਂਕਿ ਟੀਮ ਨੇ ਅਜੇ ਦੋ ਮੈਚ ਹੋਰ ਖੇਡਣੇ ਹਨ ਤੇ ਰਿਕਾਰਡ ਨੌਵਾਂ ਖ਼ਿਤਾਬ ਪੱਕਾ ਕਰਨ 'ਚ ਰੋਨਾਲਡੋ ਨੇ ਅਹਿਮ ਭੂਮਿਕਾ ਨਿਭਾਈ। ਜੁਵੈਂਟਸ ਦੀ ਟੀਮ ਦੂਜੇ ਸਥਾਨ 'ਤੇ ਕਾਬਜ਼ ਇੰਟਰ ਮਿਲਾਨ ਤੋਂ ਚਾਰ ਅੰਕ ਅੱਗੇ ਸੀ ਤੇ ਉਸ ਨੂੰ ਖ਼ਿਤਾਬ ਜਿੱਤਣ ਲਈ ਇਕ ਜਿੱਤ ਦੀ ਲੋੜ ਸੀ। ਇਸ ਜਿੱਤ ਤੋਂ ਬਾਅਦ ਜੁਵੈਂਟਸ ਦੀ ਟੀਮ 36 ਮੈਚਾਂ 'ਚ 26 ਜਿੱਤਾਂ ਨਾਲ 83 ਅੰਕ ਲੈ ਕੇ ਚੋਟੀ 'ਤੇ ਹੈ। ਦੂਜੇ ਨੰਬਰ 'ਤੇ ਮੌਜੂਦ ਇੰਟਰ ਮਿਲਾਨ ਦੇ 36 ਮੈਚਾਂ 'ਚ 76 ਅੰਕ ਹਨ।

ਇਮੋਬਾਇਲ ਦੀ ਹੈਟਿ੍ਕ ਨਾਲ ਲਾਜਿਓ ਜਿੱਤਿਆ : ਕਾਇਰੋ ਇਮੋਬਾਇਲ ਦੀ ਹੈਟਿ੍ਕ ਦੀ ਬਦੌਲਤ ਲਾਜਿਓ ਨੇ ਸੀਰੀ-ਏ 'ਚ ਹੇਲਾਸ ਵੇਰੋਨਾ ਨੂੰ 5-1 ਨਾਲ ਹਰਾ ਦਿੱਤਾ। ਇਮੋਬਾਇਲ ਨੇ ਪੈਨਾਲਟੀ 'ਤੇ ਦੋ ਗੋਲ ਕਰਨ ਤੋਂ ਇਲਾਵਾ ਇਕ ਹੋਰ ਗੋਲ ਕੀਤਾ। ਬਾਕੀ ਮੈਚਾਂ 'ਚ ਰੋਮਾ ਨੇ ਜੋਰਡਨ ਵੇਰੇਟਾਊਟ ਦੇ ਪੈਨਾਲਟੀ 'ਤੇ ਦਾਗ਼ੇ ਦੋ ਗੋਲਾਂ ਦੀ ਬਦੌਲਤ ਫਾਇਰੇਨਟਿਨਾ ਨੂੰ 2-1 ਨਾਲ ਹਰਾ ਕੇ ਪੰਜਵੇਂ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਓਡਿਨੇਸੇ ਨੇ ਕੈਗਲਿਆਨਰੀ ਨੂੰ 1-0 ਨਾਲ ਹਰਾ ਕੇ ਲਗਾਤਾਰ 26ਵੇਂ ਸੈਸ਼ਨ 'ਚ ਚੋਟੀ ਦੀ ਇਸ ਲੀਗ 'ਚ ਖੇਡਣਾ ਪੱਕਾ ਕੀਤਾ।

ਈਪੀਐੱਲ ਦੇ ਸਭ ਤੋਂ ਲੰਬੇ ਸੈਸ਼ਨ ਦਾ ਅੰਤ

ਲੰਡਨ (ਏਪੀ) : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦਾ ਸਭ ਤੋਂ ਲੰਬਾ ਸੈਸ਼ਨ ਸ਼ੁਰੂਆਤ ਦੇ 352 ਦਿਨਾਂ ਬਾਅਦ ਜਦੋਂ ਖ਼ਤਮ ਹੋਇਆ ਤਾਂ ਕਈ ਲੋਕਾਂ ਨੇ ਸੁੱਖ ਦਾ ਸਾਹ ਲਿਆ ਜਦੋਂਕਿ ਡੀਨ ਸਮਿਥ ਦੁਖੀ ਹਨ ਕਿ ਇਸ ਦੌਰਾਨ ਉਨ੍ਹਾਂ ਦੇ ਪਿਤਾ ਰੋਨ ਸਮਿਥ ਦਾ ਦੇਹਾਂਤ ਹੋ ਗਿਆ।

ਏਸਟਨ ਵਿਲਾ ਦੀ ਟੀਮ ਮਹਾਮਾਰੀ ਤੋਂ ਪ੍ਰਭਾਵਿਤ ਸੈਸ਼ਨ ਦੇ ਆਖ਼ਰੀ ਦਿਨ ਲੀਗ ਤੋਂ ਬਾਹਰ ਹੋਣ ਤੋਂ ਬਚਣ 'ਚ ਸਫਲ ਰਹੀ ਪਰ ਟੀਮ ਦੇ ਮੈਨੇਜਰ ਸਮਿਥ ਨੂੰ ਦੁੱਖ ਸੀ ਕਿਉਂਕਿ ਇਸ ਪ੍ਰਾਪਤੀ ਨੂੰ ਸਾਂਝਾ ਕਰਨ ਲਈ ਉਨ੍ਹਾਂ ਦੇ ਪਿਤਾ ਜ਼ਿੰਦਾ ਨਹੀਂ ਹਨ। ਲੀਗ ਦੁਬਾਰਾ ਸ਼ੁਰੂ ਹੋਣ 'ਤੇ ਸਿਰਫ 300 ਲੋਕਾਂ ਨੂੰ ਸਟੇਡੀਅਮ 'ਚ ਐਂਟਰੀ ਦੀ ਇਜਾਜ਼ਤ ਸੀ ਤੇ ਅਜਿਹੇ 'ਚ ਲੀਵਰਪੂਲ ਨੇ 30 ਸਾਲ ਬਾਅਦ ਇੰਗਲੈਂਡ ਦਾ ਚੈਂਪੀਅਨ ਬਣਨ ਦਾ ਜਸ਼ਨ ਐੱਨਫੀਲਡ ਦੇ ਖ਼ਾਲੀ ਸਟੇਡੀਅਮ 'ਚ ਮਨਾਇਆ।

ਜੈਮੀ ਵਾਰਡੀ ਨੇ ਜਿੱਤਿਆ ਪ੍ਰੀਮੀਅਰ ਲੀਗ ਗੋਲਡਨ ਬੂਟ ਪੁਰਸਕਾਰ : ਲਿਸੇਸਟਰ ਸਿਟੀ ਦੇ ਸਟ੍ਰਾਈਕਰ ਜੈਮੀ ਵਾਰਡੀ ਨੇ ਈਪੀਐੱਲ ਦੇ 2019-20 ਸੈਸ਼ਨ ਦਾ ਗੋਲਡਨ ਬੂਟ ਪੁਰਸਕਾਰ ਆਪਣੇ ਨਾਂ ਕੀਤਾ। ਵਾਰਡੀ ਨੇ ਇਸ ਸੈਸ਼ਨ 'ਚ ਆਪਣੀ ਟੀਮ ਲਈ 23 ਗੋਲ ਕੀਤੇ। ਵਾਰਡੀ ਇਸ ਪੁਰਸਕਾਰ ਨੂੰ ਜਿੱਤਣ ਵਾਲੇ ਲਿਸੇਸਟਰ ਸਿਟੀ ਦੇ ਪਹਿਲੇ ਖਿਡਾਰੀ ਹਨ। ਦੂਜੇ ਪਾਸੇ ਮਾਨਚੈਸਟਰ ਸਿਟੀ ਦੇ ਗੋਲਕੀਪਰ ਬ੍ਰਾਜ਼ੀਲ ਦੇ ਐਡਰਸਨ ਨੇ ਗੋਲਡਨ ਗਲਵਸ ਦਾ ਪੁਰਸਕਾਰ ਆਪਣੇ ਨਾਂ ਕੀਤਾ। ਉਹ ਇਸ ਸੈਸ਼ਨ 'ਚ 16 ਕਲੀਨਸ਼ੀਟ ਰੱਖਣ 'ਚ ਕਾਮਯਾਬ ਰਹੇ।