ਰੋਮ (ਆਈਏਐੱਨਐੱਸ) : ਇਟਲੀ ਲੀਗ ਦੀ ਮੌਜੂਦਾ ਚੈਂਪੀਅਨ ਟੀਮ ਜੁਵੈਂਟਸ ਨੂੰ ਸੀਰੀ-ਏ ਲੀਗ ਵਿਚ ਕੈਗਲਿਆਰੀ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਇਕ ਹੋਰ ਮੈਚ ਵਿਚ ਏਸੀ ਮਿਲਾਨ ਨੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸੈਂਪਡੋਰੀਆ ਨੂੰ 4-1 ਨਾਲ ਕਰਾਰੀ ਮਾਤ ਦਿੱਤੀ। ਐਤਵਾਰ ਨੂੰ ਹੀ ਆਪਣਾ ਲਗਾਤਾਰ ਨੌਵਾਂ ਸੀਰੀ-ਏ ਲੀਗ ਖ਼ਿਤਾਬ ਜਿੱਤਣ ਤੋਂ ਬਾਅਦ ਜੁਵੈਂਟਸ ਦੇ ਮੈਨੇਜਰ ਮਾਰੀਜੀਓ ਸਾਰੀ ਇਸ ਮੈਚ ਵਿਚ ਕਈ ਤਬਦੀਲੀਆਂ ਨਾਲ ਉਤਰੇ ਸਨ। ਕੈਗਲਿਆਰੀ ਨੇ ਮੈਚ ਵਿਚ ਹਮਲਾਵਰ ਸ਼ੁਰੂਆਤ ਕੀਤੀ ਤੇ ਅੱਠਵੇਂ ਮਿੰਟ ਵਿਚ ਹੀ ਲੁਕਾ ਗਾਗਲੀਆਨੋ ਦੇ ਗੋਲ ਦੀ ਮਦਦ ਨਾਲ 1-0 ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਜਿਓਵੰਨੀ ਸ਼ਿਮੋਨ ਨੇ ਅੱਧੇ ਸਮੇਂ ਤੋਂ ਪਹਿਲਾਂ ਇੰਜਰੀ ਟਾਈਮ ਵਿਚ ਗੋਲ ਕਰ ਕੇ ਕੈਗਲਿਆਰੀ ਨੂੰ 2-0 ਨਾਲ ਅੱਗੇ ਕਰ ਦਿੱਤਾ ਤੇ ਇਹੀ ਸਕੋਰ ਫ਼ੈਸਲਾਕੁਨ ਸਾਬਤ ਹੋਇਆ। ਇਕ ਹੋਰ ਮੈਚ ਵਿਚ ਏਸੀ ਮਿਲਾਨ ਨੇ ਸੈਂਪਡੋਰੀਆ ਨੂੰ ਕਰਾਰੀ ਮਾਤ ਦਿੱਤੀ। ਮਿਲਾਨ ਲਈ ਜਲਾਟਨ ਇਬ੍ਰਾਹਿਮੋਵਿਕ ਨੇ ਚੌਥੇ ਤੇ 58ਵੇਂ ਮਿੰਟ ਵਿਚ, ਹਕਾਨ ਕਾਲਹਾਗੋਗਲੂ ਨੇ 52ਵੇਂ ਰਾਫੇਲ ਲਿਏਗੋ ਨੇ ਇੰਜਰੀ ਟਾਈਮ ਵਿਚ ਗੋਲ ਕੀਤੇ। ਉਥੇ ਸੈਂਪਡੋਰੀਆ ਵੱਲੋਂ ਕ੍ਰਿਸਟੋਫਰ ਏਸਕਿਦਸੇਨ ਨੇ 87ਵੇਂ ਮਿੰਟ ਵਿਚ ਗੋਲ ਕੀਤਾ।

ਇਬ੍ਰਾਹਿਮੋਵਿਕ ਨੇ ਪੂਰੇ ਕੀਤੇ 50 ਗੋਲ

ਇਬ੍ਰਾਹਿਮੋਵਿਕ ਪਹਿਲੇ ਅਜਿਹੇ ਫੁੱਟਬਾਲਰ ਬਣ ਗਏ ਹਨ ਜਿਨ੍ਹਾਂ ਨੇ ਮਿਲਾਨ ਦੇ ਦੋਵਾਂ ਕਲੱਬਾਂ-ਏਸੀ ਮਿਲਾਨ ਤੇ ਇੰਟਰ ਮਿਲਾਨ ਲਈ 50 ਗੋਲ ਕੀਤੇ ਹਨ। ਆਪਣੇ ਇਸ ਗੋਲ ਦੀ ਮਦਦ ਨਾਲ ਇਬ੍ਰਾਹਿਮੋਵਿਕ ਨੇ ਕਲੱਬ ਦੇ ਨਾਲ 50 ਗੋਲ ਪੂਰੇ ਕਰ ਲਏ ਹਨ। ਇਸ ਤੋਂ ਪਹਿਲਾਂ ਉਹ 2011-12 ਸੈਸ਼ਨ ਵਿਚ ਵੀ ਕਲੱਬ ਨਾਲ ਸਨ। ਉਨ੍ਹਾਂ ਨੇ ਇਸ ਤੋਂ ਪਹਿਲਾਂ 2006-09 ਦੌਰਾਨ ਇੰਟਰ ਮਿਲਾਨ ਲਈ ਵੀ 50 ਗੋਲ ਕੀਤੇ ਸਨ। 38 ਸਾਲ ਦੇ ਇਬ੍ਰਾਹਿਮੋਵਿਕ ਨੇ ਕਿਹਾ ਕਿ ਮੈਂ ਬੇਂਜਾਮਿਨ ਬਟਨ ਵਰਗਾ ਹਾਂ। ਮੈਂ ਹਮੇਸ਼ਾ ਜਵਾਨ ਰਿਹਾ ਹਾਂ। ਕਦੀ ਬੁੱਢਾ ਨਹੀਂ ਹੋਇਆ। ਪਿਛਲੇ ਕੁਝ ਸਮੇਂ ਤੋਂ ਇਬ੍ਰਾਹਿਮੋਵਿਕ ਦੇ ਭਵਿੱਖ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ ਕਿਉਂਕਿ ਇਸ ਸੈਸ਼ਨ ਤੋਂ ਬਾਅਦ ਮਿਲਾਨ ਦੇ ਨਾਲ ਉਨ੍ਹਾਂ ਦਾ ਕਰਾਰ ਸਮਾਪਤ ਹੋ ਰਿਹਾ ਹੈ ਪਰ ਪਿਛਲੇ ਦਿਨੀਂ ਏਸੀ ਮਿਲਾਨ ਲਈ ਆਪਣੇ 100 ਮੈਚ ਪੂਰੇ ਕਰਨ ਤੋਂ ਬਾਅਦ ਸਟਾਰ ਇਬ੍ਰਾਹਿਮੋਵਿਕ ਨੇ ਸੰਕੇਤ ਦਿੱਤੇ ਸਨ ਕਿਉਹ ਕਲੱਬ ਦੇ ਨਾਲ ਆਪਣੇ ਕਰਾਰ ਨੂੰ ਅੱਗੇ ਵਧਾ ਸਕਦੇ ਹਨ।