ਮਿਲਾਨ (ਏਪੀ) : ਸੱਟਾਂ ਦੀ ਮੁਸ਼ਕਲ ਨਾਲ ਜੂਝ ਰਹੇ ਇਟਲੀ ਦੇ ਕਲੱਬ ਜੁਵੈਂਟਸ ਨੂੰ ਹੇਲਾਸ ਵੇਰੋਨਾ ਨੇ 1-1 ਨਾਲ ਬਰਾਬਰੀ 'ਤੇ ਰੋਕਿਆ ਜਿਸ ਨਾਲ ਟੀਮ ਦੀਆਂ ਲਗਾਤਾਰ 10ਵਾਂ ਸੀਰੀ-ਏ ਫੁੱਟਬਾਲ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਜੁਵੈਂਟਸ ਦੇ ਮੈਨੇਜਰ ਆਂਦਰੇ ਪਿਰਲੋ ਹਾਲਾਂਕਿ ਆਪਣੀ ਨਵੀਂ ਟੀਮ ਲੈ ਕੇ ਵੇਰੋਨਾ ਦੇ ਘਰ ਪੁੱਜੇ ਸਨ।

ਕਈ ਸੀਨੀਅਰ ਖਿਡਾਰੀਆਂ ਦੀ ਗ਼ੈਰਮੌਜੂਦਗੀ ਵਿਚ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਸੀ। ਦੂਜੇ ਅੱਧ ਦੀ ਸ਼ੁਰੂਆਤ ਵਿਚ ਕ੍ਰਿਸਟੀਆਨੋ ਰੋਨਾਲ਼ਡੋ (49ਵੇਂ ਮਿੰਟ) ਨੇ ਜੁਵੈਂਟਸ ਨੂੰ ਬੜ੍ਹਤ ਦਿਵਾਈ ਪਰ ਏਂਟੋਨਿਨ ਬਰਾਕ (77ਵੇਂ ਮਿੰਟ) ਨੇ ਵੇਰੋਨਾ ਨੂੰ ਬਰਾਬਰੀ ਦਿਵਾ ਦਿੱਤੀ।

ਵੇਰੋਨਾ ਦੀ ਟੀਮ ਬਦਕਿਸਮਤ ਵੀ ਰਹੀ ਕਿਉਂਕਿ ਦੋ ਵਾਰ ਉਸ ਦੇ ਖਿਡਾਰੀਆਂ ਦੇ ਸ਼ਾਟ ਗੋਲ ਪੋਸਟ ਨਾਲ ਟਕਰਾਅ ਗਏ। ਇਸ ਡਰਾਅ ਨਾਲ ਤੀਜੇ ਸਥਾਨ 'ਤੇ ਚੱਲ ਰਹੀ ਜੁਵੈਂਟਸ ਦੀ ਟੀਮ ਨੇ ਚੋਟੀ ਦੀਆਂ ਦੋ ਟੀਮਾਂ ਤੇ ਆਪਣੇ ਵਿਚਾਲੇ ਅੰਕਾਂ ਦੇ ਫ਼ਰਕ ਨੂੰ ਘੱਟ ਕਰਨ ਦਾ ਮੌਕਾ ਗੁਆ ਦਿੱਤਾ। ਜੁਵੈਂਟਸ ਦੇ 46 ਅੰਕ ਹਨ ਤੇ ਟੀਮ ਚੋਟੀ 'ਤੇ ਚੱਲ ਰਹੇ ਇੰਟਰ ਮਿਲਾਨ ਤੋਂ ਸੱਤ ਜਦਕਿ ਏਸੀ ਮਿਲਾਨ ਤੋਂ ਤਿੰਨ ਅੰਕ ਪਿੱਛੇ ਹੈ। ਵੇਰੋਨਾ ਦੀ ਟੀਮ ਨੌਂਵੇਂ ਸਥਾਨ 'ਤੇ ਚੱਲ ਰਹੀ ਹੈ।

ਲਾਜੀਓ ਦੀ ਟੀਮ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ : ਹੋਰ ਮੈਚਾਂ ਵਿਚ ਲਾਜੀਓ ਨੂੰ ਬਲੋਗਨਾ ਖ਼ਿਲਾਫ਼ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪਾਰਮਾ ਨੂੰ 2-0 ਨਾਲ ਬੜ੍ਹਤ ਬਣਾਉਣ ਦੇ ਬਾਵਜੂਦ ਸਪੇਜੀਆ ਖ਼ਿਲਾਫ਼ 2-2 ਨਾਲ ਡਰਾਅ ਨਾਲ ਸਬਰ ਕਰਨਾ ਪਿਆ।