ਮਿਲਾਨ (ਏਐੱਫਪੀ) : ਕ੍ਰਿਸਟੀਆਨੋ ਰੋਨਾਲਡੋ ਦੀ ਥਾਂ ਬਦਲਵੇਂ ਖਿਡਾਰੀ ਵਜੋਂ ਖੇਡਣ ਉਤਰੇ ਪਾਉਲੋ ਡਾਇਬਾਲਾ ਦੇ ਇਕਲੌਤੇ ਗੋਲ ਦੀ ਬਦੌਲਤ ਜੁਵੈਂਟਸ ਨੇ ਏਸੀ ਮਿਲਾਨ ਨੂੰ 1-0 ਨਾਲ ਹਰਾ ਕੇ ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ਵਿਚ ਚੋਟੀ ਦੇ ਸਥਾਨ 'ਤੇ ਕਬਜ਼ਾ ਕੀਤਾ। ਉਥੇ ਲਾਜੀਓ ਤੇ ਕੈਗਲੀਅਰੀ ਚੈਂਪੀਅਨਜ਼ ਲੀਗ ਵਿਚ ਥਾਂ ਬਣਾਉਣ ਵੱਲ ਅੱਗੇ ਵਧੇ। ਲਾਜੀਓ ਨੇ ਲੀਸ ਨੂੰ 4-2 ਅਤੇ ਕੈਗਲੀਅਰੀ ਨੇ ਫਿਓਰੇਂਟੀਨਾ ਨੂੰ 5-2 ਨਾਲ ਮਾਤ ਦਿੱਤੀ। ਏਲੀਆਂਜ ਸਟੇਡੀਅਮ ਵਿਚ ਏਸੀ ਮਿਲਾਨ ਖ਼ਿਲਾਫ਼ ਮੁਕਾਬਲੇ ਦਾ ਇਕਲੌਤਾ ਗੋਲ ਜੁਵੈਂਟਸ ਦੇ ਅਰਜਨਟੀਨੀ ਸਟਾਰ ਡਾਇਬਾਲਾ ਨੇ ਖੇਡ ਦੇ 77ਵੇਂ ਮਿੰਟ ਵਿਚ ਕੀਤਾ। ਉਹ ਖੇਡ ਦੇ 55ਵੇਂ ਮਿੰਟ ਵਿਚ ਰੋਨਾਲਡੋ ਦੀ ਥਾਂ ਖੇਡਣ ਉਤਰੇ ਤੇ ਗੋਲ ਕਰ ਕੇ ਜੁਵੈਂਟਸ ਨੂੰ ਚੋਟੀ 'ਤੇ ਪਹੁੰਚਾ ਦਿੱਤਾ। ਪਿਛਲੀ ਵਾਰ ਦਾ ਚੈਂਪੀਅਨ ਜੁਵੈਂਟਸ 32 ਅੰਕਾਂ ਨਾਲ ਚੋਟੀ 'ਤੇ ਹੈ ਤੇ ਉਸ ਨੇ ਦੂਜੇ ਸਥਾਨ 'ਤੇ ਕਾਬਜ ਏਂਟੋਨੀ ਕੋਂਟੇ ਦੀ ਟੀਮ ਇੰਟਰ ਮਿਲਾਨ 'ਤੇ ਇਕ ਅੰਕ ਦੀ ਬੜ੍ਹਤ ਬਣਾਈ ਰੱਖੀ ਹੈ। ਮਿਲਾਨ ਨੇ ਸ਼ਨਿਚਰਵਾਰ ਨੂੰ ਵੇਰੋਨਾ ਨੂੰ 2-1 ਨਾਲਹਰਾਇਆ ਸੀ। ਓਧਰ 12 ਮੁਕਾਬਲਿਆਂ ਵਿਚ ਸੱਤਵੀਂ ਹਾਰ ਤੋਂ ਬਾਅਦ ਏਸੀ ਮਿਲਾਨ 14ਵੇਂ ਸਥਾਨ 'ਤੇ ਆ ਗਿਆ ਹੈ।

ਰੋਨਾਲਡੋ ਨੇ ਛੱਡਿਆ ਮੈਦਾਨ :

ਪੰਜ ਵਾਰ ਦੇ ਬੈਲਨ ਡੀਓਰ ਦੇ ਜੇਤੂ ਰੋਨਾਲਡੋ ਏਸੀ ਮਿਲਾਨ ਖ਼ਿਲਾਫ਼ ਮੁਕਾਬਲੇ ਦੇ ਸਮਾਪਤ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਛੱਡ ਕੇ ਚਲੇ ਗਏ। 55ਵੇਂ ਮਿੰਟ ਵਿਚ ਉਨ੍ਹਾਂ ਦੀ ਥਾਂ ਡਾਇਬਾਲਾ ਉਤਰੇ ਜਿਨ੍ਹਾਂ ਨੇ ਮੈਦਾਨ 'ਤੇ ਉਤਰਨ ਦੇ 22 ਮਿੰਟ ਬਾਅਦ ਗੋਲ ਕਰ ਕੇ ਆਪਣੀ ਟੀਮ ਨੂੰ ਫ਼ੈਸਲਾਕੁਨ ਬੜ੍ਹਤ ਦਿਵਾਈ। 34 ਸਾਲਾ ਰੋਨਾਲਡੋ ਖ਼ੁਦ ਨੂੰ ਬਦਲਵਾਂ ਖਿਡਾਰੀ ਕੀਤੇ ਜਾਣ ਤੋਂ ਥੋੜ੍ਹਾ ਨਾਰਾਜ਼ ਦਿਖਾਈ ਦਿੱਤੇ ਤੇ ਡਰੈਸਿੰਗ ਰੂਮ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਜੁਵੈਂਟਸ ਦੇ ਮੈਨੇਜਰ ਮਾਰੀਜੀਓ ਸਾਰੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ।

ਕ੍ਰਿਸਟੀਆਨੋ ਨਾਲ ਕੋਈ ਮੁਸ਼ਕਲ ਨਹੀਂ : ਸਾਰੀ

ਰੋਨਾਲਡੋ ਦੇ ਜਲਦੀ ਸਟੇਡੀਅਮ ਛੱਡਣ ਦੀ ਗੱਲ 'ਤੇ ਸਾਰੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਪਰ ਜੇ ਇਹ ਸਹੀ ਹੈ ਤਾਂ ਇਹ ਇਕ ਮੁਸ਼ਕਲ ਹੈ ਤੇ ਇਸ ਦਾ ਨਿਪਟਾਰਾ ਟੀਮ ਦੇ ਅੰਦਰ ਹੀ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਰੋਨਾਲਡੋ ਨਾਲ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਨੂੰ ਕਿਸਮਤਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਚੰਗੀ ਸਥਿਤੀ ਵਿਚ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਖ਼ੁਦ ਇਸ ਮੁਕਾਬਲੇ ਲਈ ਉਪਲਬਧ ਦੱਸਿਆ ਸੀ। ਇਸ ਤੋਂ ਪਹਿਲਾਂ ਰੋਨਾਲਡੋ ਨੂੰ ਚੈਂਪੀਅਨਜ਼ ਲੀਗ ਵਿਚ ਲੋਕੋਮੋਟਿਵ ਮਾਸਕੋ ਖ਼ਿਲਾਫ਼ ਮੁਕਾਬਲੇ ਦੇ ਵਿਚਾਲਿਓਂ ਹਟਣਾ ਪਿਆ ਸੀ।

ਲਿਓਨ ਦੀ ਬੱਸ 'ਤੇ ਹਮਲਾ :

ਪੈਰਿਸ (ਏਐੱਫਪੀ) : ਫਰੈਂਚ ਫੁੱਟਬਾਲ ਲੀਗ-1 ਵਿਚ 10 ਖਿਡਾਰੀਆਂ ਨਾਲ ਖੇਡ ਰਹੀ ਮਾਰਸੇਲੀ ਦੀ ਟੀਮ ਨੇ ਆਪਣੇ ਧੁਰ ਵਿਰੋਧੀ ਲਿਓਨ ਨੂੰ 2-1 ਨਾਲ ਹਰਾ ਦਿੱਤਾ ਪਰ ਇਸ ਤੋਂ ਪਹਿਲਾਂ ਲਿਓਨ ਦੀ ਬੱਸ 'ਤੇ ਘਰੇਲੂ ਪ੍ਰਸ਼ੰਸਕਾਂ ਵੱਲੋਂ ਹਮਲਾ ਕੀਤੇ ਜਾਣ ਦੀ ਘਟਨਾ ਦੇਖਣ ਨੂੰ ਮਿਲੀ। ਮਾਰਸੇਲੀ ਦੇ ਸਾਬਕਾ ਮੈਨੇਜਰ ਰੂਡੀ ਗਾਰਸੀਆ ਲਿਓਨ ਦੇ ਮੈਨਜਰ ਵਜੋਂ ਇਸ ਮੁਕਾਬਲੇ ਲਈ ਪੁੱਜੇ ਜਿਨ੍ਹਾਂ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ। ਲਿਓਨ ਦੀ ਬੱਸ 'ਤੇ ਘਰੇਲੂ ਸਮਰਥਕਾਂ ਨੇ ਪੱਥਰਾਂ ਤੇ ਬੋਤਲਾਂ ਨਾਲ ਹਮਲਾ ਕੀਤਾ। ਨਾਲ ਹੀ ਮੁਕਾਬਲੇ ਦੌਰਾਨ ਵੀ ਮਹਿਮਾਨ ਟੀਮ ਨੂੰ ਦਰਸ਼ਕਾਂ ਨੇ ਪਰੇਸ਼ਾਨ ਕੀਤਾ।