ਵਿਸ਼ਵ ਤੈਰਾਕੀ ਦੇ ਬੇਤਾਜ ਬਾਦਸ਼ਾਹ ਅਮਰੀਕੀ ਤੈਰਾਕ ਫੈਲਪਸ ਨੇ ਰੀਓ ’ਚ ਸੋਨੇ ਦੇ ਪੰਜ ਤੇ ਇਕ ਚਾਂਦੀ ਦਾ ਮੈਡਲ ਜਿੱਤਣ ਤੋਂ ਬਾਅਦ ਆਪਣੇ 16 ਸਾਲਾ ਓਲੰਪਿਕ ਕਰੀਅਰ ’ਚ ਜਿੱਤੇ ਮੈਡਲਾਂ ਦੀ ਗਿਣਤੀ 28 ਹੋ ਗਈ ਹੈ, ਜਿਨ੍ਹਾਂ ’ਚ 23 ਗੋਲਡ, 3 ਚਾਂਦੀ ਅਤੇ 2 ਤਾਂਬੇ ਦੇ ਮੈਡਲ ਸ਼ਾਮਲ ਹਨ। ਆਪਣੇ ਕਰੀਅਰ ਦਾ ਪੰਜਵਾਂ ਓਲੰਪਿਕ ਖੇਡ ਰਹੇ ਫੈਲਪਸ ਨੇ ਰੀਓ ਖੇਡ ਪਿੰਡ ਪਹੁੰਚਣ ਤੋਂ ਪਹਿਲਾਂ ਆਪਣੇ ਖਾਤੇ ’ਚ ਕੁੱਲ 22 ਮੈਡਲ ਜਮ੍ਹਾਂ ਕੀਤੇ ਹੋਏ ਸਨ, ਜਿਨ੍ਹਾਂ ’ਚ ਸੋਨੇ ਦੇ 18, ਚਾਂਦੀ ਦੇ 2 ਅਤੇ 2 ਤਾਂਬੇ ਦੇ ਮੈਡਲ ਸ਼ਾਮਲ ਸਨ। ਸਿਡਨੀ-2000 ਓਲੰਪਿਕ ’ਚ 15 ਸਾਲ ਦੀ ਉਮਰ ’ਚ ਫੈਲਪਸ ਜਦੋਂ ਪਹਿਲੀ ਵਾਰ ਓਲੰਪਿਕ ਖੇਡਾਂ ’ਚ ਤਾਰੀਆਂ ਲਾਉਣ ਲਈ ਪੂਲ ’ਚ ਨਿੱਤਰਿਆ ਸੀ ਤਾਂ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਸੀ ਅਤੇ ਉਹ ਬਿਨਾਂ ਕੋਈ ਮੈਡਲ ਜਿੱਤੇ ਬੇਰੰਗ ਵਤਨ ਪਰਤਿਆ ਸੀ। ਏਥਨਜ਼-2004 ਓਲੰਪਿਕ ਟੂਰਨਾਮੈਂਟ ’ਚ ਮਾਈਕਲ ਫੈਲਪਸ ਨੇ ਅੱਠ ਤੈਰਾਕੀ ਈਵੈਂਟਸ ’ਚ ਹਿੱਸਾ ਲਿਆ। ਉਸ ਨੇ 8 ਖੇਡ ਵੰਨਗੀਆਂ ’ਚ ਸੋਨੇ ਦੇ 6 ਅਤੇ ਤਾਂਬੇ ਦੇ ਦੋ ਮੈਡਲ ਜਿੱਤ ਕੇ ਓਲੰਪਿਕ ਖੇਡਾਂ ਦੇ ਹਲਕਿਆਂ ’ਚ ਤਹਿਲਕਾ ਮਚਾ ਦਿੱਤਾ। ਬੀਜਿੰਗ-2008 ਓਲੰਪਿਕ ’ਚ ਫੈਲਪਸ ਨੇ ਸਵਿਮਿੰਗ ਪੂਲ ’ਚ ਭੂਚਾਲ ਲਿਆਉਂਦਿਆਂ ਏਥਨਜ਼ ’ਚ ਜਿੱਤੇ ਤਾਂਬੇ ਦੇ ਦੋ ਤਗਮਿਆਂ ਦਾ ਰੰਗ ਵੀ ਪੀਲਾ ਕਰ ਦਿੱਤਾ ਗਿਆ ਯਾਨੀ ਉਸ ਨੇ 8 ਗੋਲਡ ਮੈਡਲ ਜਿੱਤਣ ’ਚ ਕਾਮਯਾਬੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਫੈਲਪਸ ਨੇ ਆਪਣੇ ਹੀ ਦੇਸ਼ ਦੇ ਤੈਰਾਕ ਮਾਰਕ ਸਪੀਟਜ਼ ਵੱਲੋਂ 32 ਸਾਲ ਪਹਿਲਾਂ ਲਾਸ ਏਂਜਲਸ-1984 ਓਲੰਪਿਕ ’ਚ ਜਿੱਤੇ 7 ਸੋਨੇ ਦੇ ਮੈਡਲਾਂ ਦੇ ਸਿਰਜੇ ਰਿਕਾਰਡ ਨੂੰ ਮਾਤ ਦਿੰਦਿਆਂ ਸੋਨੇ ਦੇ 8 ਮੈਡਲ ਜਿੱਤਣ ਦਾ ਰਿਕਾਰਡ ਆਪਣੇ ਨਾਂ ਕੀਤਾ, ਜਿਸ ’ਤੇ ਅਜੇ ਤਕ 12 ਸਾਲ ਬਾਅਦ ਵੀ ਫੈਲਪਸ ਦੇ ਨਾਮ ਦੀ ਮੋਹਰ ਲੱਗੀ ਹੋਈ ਹੈ। ਲੰਡਨ-2012 ਓਲੰਪਿਕ ’ਚ ਫੈਲਪਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ 4 ਗੋਲਡ ਤੇ 2 ਸਿਲਵਰ ਮੈਡਲ ਜਿੱਤ ਕੇ ਓਲੰਪਿਕਸ ਮੈਡਲਾਂ ਦੀ ਗਿਣਤੀ 22 ਕੀਤੀ, ਜਿਸ ’ਚ 18 ਗੋਲਡ 2 ਸਿਲਵਰ ਤੇ 2 ਕਾਂਸੇ ਦੇ ਮੈਡਲ ਸ਼ਾਮਲ ਹਨ। ਲੰਡਨ ਓਲੰਪਿਕ ’ਚ ਫੈਲਪਸ ਨੇ ਰੂਸ ਦੀ ਜਿਮਨਾਸਟਰ ਲਾਰੀਸਾ ਲਾਤਿਆਨੀਨਾ ਵੱਲੋਂ ਤਿੰਨ ਓਲੰਪਿਕ ਮੁਕਾਬਲਿਆਂ ’ਚ ਹਾਸਲ ਕੀਤੇ 18 ਮੈਡਲਾਂ. ਜਿਸ ’ਚ 9 ਸੋਨੇ, 5 ਚਾਂਦੀ ਤੇ 4 ਕਾਂਸੇ ਮੈਡਲ ਸ਼ਾਮਲ ਹਨ, ਦੇ ਰਿਕਾਰਡ ਨੂੰ ਤੋੜਿਆ ਸੀ।। ਲੰਡਨ ’ਚ 22 ਓਲੰਪਿਕ ਮੈਡਲਾਂ ਨਾਲ ਇਤਿਹਾਸ ਸਿਰਜਣ ਵਾਲੇ ਮਾਈਕਲ ਫੈਲਪਸ ਨੇ ਕੌਮਾਤਰੀ ਤੈਰਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਦੇਸ਼ ਤੇ ਵਿਸ਼ਵ ਦੇ ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਸ ਨੇ ਮੁੜ ਰੀਓ ਓਲੰਪਿਕ ਦੇ ਪੂਲ ’ਚ ਨਿੱਤਰਨ ਦਾ ਫ਼ੈਸਲਾ ਕੀਤਾ ਸੀ। ਰੀਓ-2016 ਓਲੰਪਿਕ ਮੁਕਾਬਲੇ ’ਚ ਮਾਈਕਲ ਫੈਲਪਸ ਨੇ ਤੈਰਾਕੀ ਦੇ ਕੁੱਲ ਪੰਜ ਈਵੈਂਟਸ ’ਚ ਹਿੱਸਾ ਲਿਆ ਸੀ। ਰੀਓ ਓਲੰਪਿਕ ’ਚ ਵੀ ਫੈਲਪਸ ਨੇ ਆਪਣੇ ਖੇਡ ਰਿਕਾਰਡ ’ਚ ਨਵਾਂ ਅਧਿਆਏ ਜੋੜਨ ਦਾ ਸਿਲਸਿਲਾ ਜਾਰੀ ਰੱਖਿਆ। ਉਹ ਵਿਸ਼ਵ ਦਾ ਪਹਿਲਾ ਓਲੰਪੀਅਨ ਹੈ, ਜਿਸ ਨੂੰ ਲਗਾਤਾਰ ਚਾਰ ਐਡੀਸ਼ਨਾਂ ’ਚ ਗੋਲਡਨ ਹੈਟ੍ਰਿਕਾਂ ਲਾਉਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਸ ਨੇ ਲਗਾਤਾਰ ਚਾਰ ਓਲੰਪਿਕ ਮੁਕਾਬਲਿਆਂ ’ਚ ਚਾਰ ਜਾਂ ਚਾਰ ਤੋਂ ਵੱਧ ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਵੀ ਆਪਣੇ ਨਾਂ ਕੀਤਾ ਹੈ। ਫੈਲਪਸ ਅਨੁਸਾਰ ਰੀਓ ’ਚ ਉਨ੍ਹਾਂ ਦੀ ਵੱਡੀ ਪ੍ਰਾਪਤੀ 200 ਮੀਟਰ ਬਟਰਫਲਾਈ ’ਚ ਗੋਲਡ ਮੈਡਲ ਜਿੱਤਣਾ ਰਹੀ।। ਇਹ ਫੈਲਪਸ ਦਾ ਪਸੰਦੀਦਾ ਤੈਰਾਕੀ ਇਵੈਂਟ ਹੈ, ਜਿਸ ’ਚ ਉਸ ਨੇ ਏਥਨਜ਼-2004 ਤੇ ਬੀਜਿੰਗ-2008 ਓਲੰਪਿਕ ਟੂਰਨਾਮੈਂਟਾਂ ’ਚ ਗੋਲਡ ਮੈਡਲ ਜਿੱਤੇ ਸਨ ਪਰ ਲੰਡਨ ਓਲੰਪਿਕ ’ਚ ਦੱਖਣੀ ਅਫਰੀਕਾ ਦੇ ਕਲੋਸ ਦੇ ਓਲੰਪਿਕ ਚੈਂਪੀਅਨ ਬਣਨ ’ਤੇ ਫੈਲਪਸ ਨੂੰ ਦੋ ਸੌ ਮੀਟਰ ਬਟਰਫਲਾਈ ’ਚ ਚਾਂਦੀ ਦੇ ਮੈਡਲ ਨਾਲ ਸਬਰ ਕਰਨਾ ਪਿਆ ਸੀ। ਇਹ ਰੇਸ ਹਾਰਨ ਦਾ ਦਰਦ ਫੈਲਪਸ ਨੂੰ ਚਾਰ ਸਾਲ ਤੋਂ ਸਤਾ ਰਿਹਾ ਸੀ ਪਰ ਰੀਓ ਓਲੰਪਿਕ ’ਚ 200 ਮੀਟਰ ਬਟਰਫਲਾਈ ’ਚ ਮੁੜ ਚੈਂਪੀਅਨ ਬਣਨ ’ਤੇ ਫੈਲਪਸ ਨੇ ਰਾਹਤ ਮਹਿਸੂਸ ਕਰਦਿਆਂ ਕਿਹਾ ਕਿ ਅਫਰੀਕੀ ਤੈਰਾਕ ਕਲੋਸ ਤੋਂ ਬਦਲਾ ਲੈਣ ਨਾਲ ਹੁਣ ਉਸ ਦਾ ਇਹ ਮਿਸ਼ਨ ਵੀ ਪੂਰਾ ਹੋ ਗਿਆ ਹੈ।

ਕਰੋਸ਼ੀਆ ਦੀ ਸੰਦਰਾ ਦਾ ਕਮਾਲ

ਡਿਸਕਸ ਸੁੱਟਣ ’ਚ ਕਰੋਸ਼ੀਆ ਦੀ ਸੰਦਰਾ ਪੇਰਕੋਵਿਕ ਨੇ ਰੀਓ ’ਚ ਓਲੰਪਿਕ ਚੈਂਪੀਅਨ ਬਣਨ ਸਦਕਾ ਡਬਲ ਗੋਲਡ ਮੈਡਲਾਂ ਦਾ ਡਬਲ ਵੀ ਪੂਰਾ ਕੀਤਾ। ਰੀਓ ਓਲੰਪਿਕ ਤੋਂ ਪਹਿਲਾਂ ਸੁਟਾਵੀ ਸੰਦਰਾ ਨੂੰ ਲੰਡਨ-2012 ਓਲੰਪਿਕ ’ਚ ਵੀ ਲੋਹ ਪਾਥੀ ’ਚ ਗੋਲਡ ਮੈਡਲ ਜਿੱਤਣ ਦਾ ਮਾਣ ਪ੍ਰਾਪਤ ਹੈ। ਰੀਓ ’ਚ ਆਪਣੀ ਜਿੱਤ ਦਾ ਡੰਕਾ ਵਜਾਉਣ ਵਾਲੀ 26 ਸਾਲਾ ਸੰਦਰਾ ਨੇ ਓਲੰਪਿਕ ਖ਼ਿਤਾਬ ਜਿੱਤਣ ਲਈ 69.21 ਮੀਟਰ ਦੀ ਦੂਰੀ ਨਾਪਣ ’ਚ ਕਾਮਯਾਬੀ ਹਾਸਲ ਕੀਤੀ। ਟੋਕੀਓ ਓਲੰਪਿਕ ’ਚ 31 ਸਾਲਾ ਸੰਦਰਾ ਤੀਜੀ ਵਾਰ ਓਲੰਪਿਕ ਚੈਂਪੀਅਨ ਬਣਨ ਲਈ ਹੰਭਲਾ ਮਾਰੇਗੀ।

ਬ੍ਰਾਜ਼ੀਲ ਦਾ ਪਲੇਠਾ ਚੈਂਪੀਅਨ ਮੁੱਕੇਬਾਜ਼ ਕੋਨਸੀਕਾਓ

ਰੀਓ ’ਚ ਮੇਜ਼ਬਾਨ ਬਾਕਸਰ ਰਾਬਸਨ ਕੋਨਸੀਕਾਓ ਨੇ 60 ਕਿੱਲੋ ਭਾਰ ਵਰਗ ’ਚ ਗੋਲਡ ੈਮੈਡਲ ਜਿੱਤ ਕੇ ਨਵਾਂ ਇਤਿਹਾਸ ਲਿਖਿਆ ਸੀ। 27 ਸਾਲਾ ਰਾਬਸਨ ਦੇਸ਼ ਦੇ ਪਹਿਲੇ ਮੁੱਕੇਬਾਜ਼ ਹਨ ਜਿਨ੍ਹਾਂ ਨੂੰ ਓਲੰਪਿਕ ਖੇਡਾਂ ’ਚ ਮੈਡਲ ਜਿੱਤਣ ਦਾ ਮਾਣ ਹਾਸਲ ਹੋਇਆ। 32 ਸਾਲਾ ਰੋਬਸਨ ਟੋਕੀਓ ਓਲੰਪਿਕ ਦੇ ਰਿੰਗ ’ਚ ਹਾਜ਼ਰੀ ਨਹੀਂ ਭਰੇਗਾ।

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ : 94171-82993

Posted By: Jatinder Singh