ਰੀਓ ਓਲੰਪਿਕ ਖੇਡਾਂ 'ਚ ਆਸਟ੍ਰੇਲੀਅਨ ਤੈਰਾਕ ਭੈਣਾਂ ਬਰੋਂਟ ਕੈਂਪਬੈਲ ਅਤੇ ਕੈਂਪਬੈਲ ਕੇਟ ਨੂੰ (4×100) ਮੀਟਰ ਰੀਲੇਅ ਰੇਸ 'ਚ ਇਕੱਠਿਆਂ ਸੋਨ ਮੈਡਲ ਜਿੱਤਣ ਕਰਕੇ ਮੀਡੀਆ ਦੀਆਂ ਖੂਬ ਸੁਰਖੀਆਂ ਨਸੀਬ ਹੋਈਆਂ ਸਨ। ਛੇ ਫੁੱਟ ਇਕ ਇੰਚ ਲੰਬੀ 29 ਸਾਲਾ ਕੇਟ ਕੈਂਪਬੈਲ ਨੇ ਰੀਓ 'ਚ ਸੋਨੇ ਦੇ ਤਮਗੇ ਤੋਂ ਇਲਾਵਾ ਇਕ ਸਿਲਵਰ ਮੈਡਲ ਵੀ ਹਾਸਲ ਕੀਤਾ ਸੀ ਜਦਕਿ ਇਸ ਤੋਂ ਪਹਿਲਾਂ ਕੇਟ ਕੈਂਪਬੈਲ ਨੇ ਲੰਡਨ-2012 ਓਲੰਪਿਕ 'ਚ ਇਕ ਗੋਲਡ ਮੈਡਲ ਤੇ ਬੀਜਿੰਗ-2008 ਓਲੰਪਿਕ 'ਚ ਦੋ ਤਾਂਬੇ ਦੇ ਤਮਗੇ ਜਿੱਤਣ 'ਚ ਸਫਲਤਾ ਹਾਸਲ ਕੀਤੀ ਸੀ। ਰੀਓ ਓਲੰਪਿਕ ਖੇਡਣ ਤੋਂ ਪਹਿਲਾਂ 27 ਸਾਲਾ ਬਰੋਂਟ ਕੈਂਪਬੈਲ ਲੰਡਨ ਓਲੰਪਿਕ 'ਚ 50 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ 'ਚ ਨਿੱਤਰ ਚੁੱਕੀ ਸੀ। ਟੋਕੀਓ ਓਲੰਪਿਕ 'ਚ ਕੈਂਪਬੈਲ ਭੈਣਾਂ ਕੇਟ ਤੇ ਬਰੋਂਟ ਇਕ ਵਾਰ ਫਿਰ ਤੈਰਾਕੀ ਦੀ ਸਿੰਗਲ ਤੇ ਰੀਲੇਅ ਰੇਸ 'ਚ ਤਮਗੇ ਜਿੱਤਣ ਦਾ ਕ੍ਰਿਸ਼ਮਾ ਕਰਨ ਦੀ ਕੋਸ਼ਿਸ਼ ਕਰਨਗੀਆਂ।

ਮੈਡਲਾਂ ਨੂੰ ਦੰਦਾਂ ਨਾਲ ਕਿਉਂ ਕੱਟਦੇ ਹਨ ਖਿਡਾਰੀ :

ਸੋਨੇ ਨੂੰ ਦੰਦਾਂ ਨਾਲ ਕੱਟਣ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾ ਸੋਨੇ ਦੇ ਸਿੱਕਿਆਂ ਦਾ। ਕਰੀਬ 2600 ਸਾਲ ਪਹਿਲਾਂ ਸੋਨੇ ਦੇ ਸਿੱਕੇ ਹੋਂਦ 'ਚ ਆਏ ਸਨ। ਉਦੋਂ ਇਹ ਸਿੱਕੇ ਸ਼ੁੱਧ ਸੋਨੇ ਤੋਂ ਤਿਆਰ ਕੀਤੇ ਜਾਂਦੇ ਸਨ। ਕਿਉਂਕਿ ਸ਼ੁੱਧ ਸੋਨੇ ਦੇ ਸਿੱਕੇ ਕਿਸੇ ਹੋਰ ਧਾਤ ਦੇ ਸਿੱਕਿਆਂ ਦੀ ਤੁਲਨਾ 'ਚ ਬਹੁਤ ਨਰਮ ਹੁੰਦੇ ਹਨ, ਤਾਂ ਇਸ ਦੀ ਸ਼ੁੱਧਤਾ ਪਰਖਣ ਲਈ ਪੁਰਾਣੇ ਸਮਿਆਂ 'ਚ ਲੋਕ ਸਿੱਕਿਆਂ ਨੂੰ ਦੰਦਾਂ ਹੇਠ ਦਬਾਅ ਕੇ ਵੇਖਿਆ ਕਰਦੇ ਸਨ। ਇਸ ਤਰ੍ਹਾਂ ਕਰਨ ਨਾਲ ਸ਼ੁੱਧ ਸੋਨੇ ਦੇ ਸਿੱਕਿਆਂ 'ਤੇ ਦੰਦਾਂ ਦੇ ਨਿਸ਼ਾਨ ਬਣ ਜਾਂਦੇ ਸਨ ਜਦਕਿ ਮਿਲਾਵਟੀ ਸਿੱਕਿਆਂ ਦੇ ਸਖ਼ਤ ਹੋਣ ਕਰਕੇ ਉਨ੍ਹਾਂ 'ਤੇ ਦੰਦਾਂ ਦੇ ਨਿਸ਼ਾਨ ਨਹੀਂ ਉਕਰਦੇ ਸਨ। ਪੁਰਾਣੇ ਸਮਿਆਂ 'ਚ ਜੇਤੂਆਂ ਨੂੰ ਇਨਾਮ ਵਜੋਂ ਸ਼ੁੱਧ ਸੋਨੇ ਦੇ ਸਿੱਕੇ ਦਿੱਤੇ ਜਾਂਦੇ ਸਨ। ਇਸੇ ਰਵਾਇਤ ਦੀ ਨਕਲ ਸਦਕਾ ਜੇਤੂਆਂ ਵਲੋਂ ਇਨ੍ਹਾਂ ਤਮਗਿਆਂ ਨੂੰ ਦੰਦਾਂ ਨਾਲ ਦਬਾਉਣ ਦਾ ਰੁਝਾਨ ਜਾਰੀ ਹੈ।

ਨਿਰਾਸ਼ ਹੋ ਕੇ ਮਹਿਲਾ ਪੋਲ ਵਾਲਟਰ ਨੇ ਲਿਆ ਸੰਨਿਆਸ :

ਦੋ ਵਾਰ ਏਥਨਜ਼ ਤੇ ਬੀਜਿੰਗ ਓਲੰਪਿਕ 'ਚ ਗੋਲਡ ਮੈਡਲ ਤੇ ਲੰਡਨ 'ਚ ਤਾਂਬੇ ਦਾ ਤਮਗਾ ਆਪਣੀ ਝੋਲੀ 'ਚ ਪਾਉਣ ਵਾਲੀ ਯੇਲੇਨਾ ਇਸਨਬਾਯੇਵਾ ਨੇ ਰੀਓ ਓਲੰਪਿਕ ਦੌਰਾਨ ਜੰਪ ਲਾਉਣ ਵਾਲਾ ਆਪਣਾ ਪੋਲ ਪਾਸੇ ਰੱਖਣ ਦਾ ਫ਼ੈਸਲਾ ਕਰ ਲਿਆ ਸੀ। ਓਲੰਪਿਕ ਕਮੇਟੀ ਦੇ ਪ੍ਰਬੰਧਕਾਂ ਵਲੋਂ ਰੂਸ ਦੇ ਖਿਡਾਰੀਆਂ 'ਤੇ ਰੀਓ ਓਲੰਪਿਕ ਖੇਡਾਂ 'ਚ ਹਿੱਸਾ ਨਾ ਲੈ ਸਕਣ ਦੀ ਪਾਬੰਦੀ ਕਾਰਨ ਮਹਿਲਾ ਪੋਲ ਵਾਲਟਰ ਇਸਨਬਾਯੇਵਾ ਗੋਲਡ ਮੈਡਲਾਂ ਦੀ ਹੈਟਿ੍ਕ ਲਾਉਣ ਤੋਂ ਵਾਂਝੀ ਰਹਿ ਗਈ ਸੀ। ਹਾਲਾਂਕਿ ਰੀਓ 'ਚ ਕਰੀਅਰ ਦੇ ਚੌਥੇ ਓਲੰਪਿਕ 'ਚ ਯੇਲੇਨਾ ਲਗਾਤਾਰ ਤੀਜਾ ਸੋਨ ਤਮਗਾ ਜਿੱਤਣ ਲਈ ਪ੍ਰਮੁੱਖ ਦਾਅਵੇਦਾਰਾਂ 'ਚ ਸ਼ੁਮਾਰ ਸੀ ਪਰ ਓਲੰਪਿਕ ਪ੍ਰਬੰਧਕਾਂ ਦੀ ਮਨਮਾਨੀ ਤੋਂ ਮਾਯੂਸ ਹੋਈ ਰੂਸ ਦੀ ਪੋਲ ਵਾਲਟਰ ਨੇ ਅਗਾਂਹ ਤੋਂ ਉਚੀਆਂ ਉਡਾਰੀਆਂ ਨਾ ਭਰਨ ਦਾ ਫੈਸਲਾ ਕਰ ਕੇ ਆਪਣਾ ਖੇਡ ਕਰੀਅਰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਸੀ। ਯੇਲੇਨਾ ਨੇ ਨਾਲ ਹੀ ਖ਼ੁਲਾਸਾ ਕੀਤਾ ਸੀ ਕਿ ਉਹ ਕੇਵਲ ਆਪਣੇ ਮਹਿਬੂਬ ਖੇਡ ਇਵੈਂਟ ਪੋਲ ਵਾਲਟ ਨੂੰ ਅਲਵਿਦਾ ਕਹਿ ਰਹੀ ਹੈ ਪਰ ਜੰਪ ਦੀ ਬਿਹਤਰੀ ਲਈ ਉਹ ਭਵਿੱਖ 'ਚ ਲਗਾਤਾਰ ਕੰਮ ਕਰਦੀ ਰਹੇਗੀ।

ਰੀਓ 'ਚ ਗ੍ਰੇਗੋਰੀਓ ਦਾ ਓਲੰਪਿਕ ਰਿਕਾਰਡ:

ਰੀਓ ਓਲੰਪਿਕ 'ਚ ਇਟਲੀ ਦੇ ਮੌਜੂਦਾ ਵਿਸ਼ਵ ਚੈਂਪੀਅਨ 21 ਸਾਲਾ ਤੈਰਾਕ ਗ੍ਰੇਗੋਰੀਓ ਪਲਟਰਿਨੇਰੀ ਨੇ ਪੰਦਰਾਂ ਸੌ ਮੀਟਰ ਫ੍ਰੀਸਟਾਈਲ 'ਚ ਸੋਨ ਤਮਗਾ ਜਿੱਤਣ 'ਚ ਸਫਲਤਾ ਹਾਸਲ ਕੀਤੀ। ਲੰਡਨ-2012 ਓਲੰਪਿਕ ਤੋਂ ਕਰੀਅਰ ਦਾ ਆਗਾਜ਼ ਕਰਨ ਵਾਲੇ ਇਟਾਲੀਅਨ ਤੈਰਾਕ ਨੇ ਰੀਓ 'ਚ ਸੋਨ ਤਮਗੇ ਦੀ ਜਿੱਤ ਦੇ ਨਾਲ 14.34.57 ਸਕਿੰਟ ਸਮੇਂ ਨਾਲ ਨਵਾਂ ਓਲੰਪਿਕ ਰਿਕਾਰਡ ਵੀ ਸਿਰਜਿਆ। ਟੋਕੀਓ 'ਚ ਕਰੀਅਰ ਦੇ ਤੀਜੇ ਓਲੰਪਿਕ 'ਚ ਗ੍ਰੇਗੋਰੀਓ ਤਿੰਨ ਤੈਰਾਕੀ ਦੇ ਇਵੈਂਟਾਂ 'ਚ ਤਮਗੇ ਜਿੱਤਣ ਲਈ ਜ਼ੋਰ-ਅਜ਼ਮਾਈ ਕਰੇਗਾ।

-ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993