ਪਲੇਠੇ ਓਲੰਪਿਕ ਟੂਰਨਾਮੈਂਟ 'ਚ ਪੰਜ ਤਮਗੇ ਹਾਸਲ ਕਰਨ ਵਾਲੀ ਚਾਰ ਫੁੱਟ ਅੱਠ ਇੰਚ ਕੱਦ ਵਾਲੀ ਜਿਮਨਾਸਟਿਕ ਖਿਡਾਰਨ ਦਾ ਪੂਰਾ ਨਾਂ ਸਿਮੋਨ ਬਾਈਲਜ਼ ਹੈ। ਰੀਓ ਓਲੰਪਿਕ 'ਚ ਰਬੜ ਡੌਲ ਵਜੋਂ ਪ੍ਰਸਿੱਧ ਹੋਈ 19 ਸਾਲਾ ਸਿਮੋਨ ਨੇ ਚਾਰ ਗੋਲਡ ਤੇ ਇਕ ਤਾਂਬੇ ਦਾ ਮੈਡਲ ਜਿੱਤਣ ਦੀ ਬੇਮਿਸਾਲ ਪ੍ਰਰਾਪਤੀ ਦਰਜ ਕੀਤੀ ਸੀ। ਸ਼ਰਾਬ ਦੇ ਨਸ਼ੇ 'ਚ ਡੁੱਬੀ ਰਹਿਣ ਕਰਕੇ ਮਾਂ ਸ਼ਨੋਨ ਤੋਂ ਬਾਅਦ ਪਿਤਾ ਕੇਲਵਿਨ ਨੇ ਵੀ ਆਪਣੀਆਂ ਚਾਰੇ ਧੀਆਂ ਨੂੰ ਰੱਬ ਦੇ ਆਸਰੇ ਹੀ ਛੱਡ ਦਿੱਤਾ ਸੀ। ਮਾਤਾ-ਪਿਤਾ ਵੱਲੋਂ ਤਿਆਗਣ ਤੋਂ ਬਾਅਦ ਨਾਨਾ ਰੋਨ -ਨਾਨੀ ਨੇਲੀ ਨੇ ਦੋ ਦੋਹਤੀਆਂ ਸਿਮੋਨ ਤੇ ਅਦਰਿਆ ਨੂੰ ਗੋਦ ਲੈ ਲਿਆ। ਓਲੰਪੀਅਨ ਸਿਮੋਨ ਬਾਈਲਜ਼ ਆਪਣੇ ਕਰੀਅਰ 'ਚ ਹੁਣ ਤਕ ਵਿਸ਼ਵ ਐਥਲੈਟਿਕਸ ਟੂਰਨਾਮੈਂਟਾਂ, ਓਲੰਪਿਕ ਖੇਡਾਂ, ਪੈਸੇਫਿਕ ਰਿਮ ਚੈਂਪੀਅਨਸ਼ਿਪ ਤੇ ਅਮਰੀਕਨ ਕੱਪ ਮੁਕਾਬਲਿਆਂ 'ਚ 27 ਗੋਲਡ, ਚਾਰ ਸਿਲਵਰ ਤੇ ਚਾਰ ਤਾਂਬੇ ਦੇ ਤਮਗੇ ਹਾਸਲ ਕਰ ਚੁੱਕੀ ਹੈ। ਸਿਮੋਨ ਸੰਸਾਰ ਦੀ ਛੇਵੀਂ ਨਿਰਾਲੀ ਖਿਡਾਰਨ ਹੈ, ਜਿਸ ਨੂੰ ਓਲੰਪਿਕ ਤੇ ਆਲਮੀ ਐਥਲੈਟਿਕਸ ਚੈਂਪੀਅਨਸ਼ਿਪ ਦੋਹਾਂ 'ਚ ਜਿਮਨਾਸਟਿਕ ਦੇ ਆਲਰਾਊਂਡ ਟਾਈਟਲਜ਼ ਜਿੱਤਣ ਦਾ ਹੱਕ ਹਾਸਲ ਹੋਇਆ। ਓਲੰਪੀਅਨ ਸ਼ਾਨੋਨ ਮਿੱਲਰ ਨੂੰ ਬਾਰਸੀਲੋਨਾ-1992 ਤੇ ਐਟਲਾਂਟਾ-1996 ਓਲੰਪਿਕ 'ਚ ਸੱਤ ਮੈਡਲ, ਜਿਨ੍ਹਾਂ 'ਚ ਦੋ ਗੋਲਡ, ਦੋ ਚਾਂਦੀ ਤੇ ਤਿੰਨ ਤਾਂਬੇ ਦੇ ਤਮਗੇ ਜਿੱਤਣ ਸਦਕਾ ਅਮਰੀਕਾ ਦੀ ਪਹਿਲੀ ਨੈਸ਼ਨਲ ਜਿਮਨਾਸਟ ਬਣਨ ਦਾ ਰੁਤਬਾ ਹਾਸਲ ਹੋਇਆ ਪਰ ਰੀਓ 'ਚ ਚਾਰ ਸੋਨ ਤਗਮਿਆਂ ਨਾਲ ਨਵਾਂ ਅਮਰੀਕੀ ਨੈਸ਼ਨਲ ਰਿਕਾਰਡ ਸੈੱਟ ਕਰ ਕੇ ਸਿਮੋਨ ਨੇ ਸ਼ਾਨੋਨ ਮਿੱਲਰ ਨੂੰ ਪਛਾੜ ਦਿੱਤਾ ਹੈ। 24 ਬਸੰਤ ਹੰਢਾਅ ਚੁੱਕੀ ਸਿਮੋਨ ਕੁੱਲ ਆਲਮ ਦੀ ਪਲੇਠੀ ਸਿਰਮੌਰ ਜਿਮਨਾਸਟ ਹੈ ਜਿਸ ਨੂੰ ਸਿੰਗਲ ਓਲੰਪਿਕ 'ਚ ਚਾਰ ਸੋਨ ਤਮਗੇ ਜਿੱਤਣ ਦਾ ਮਾਣ ਨਸੀਬ ਹੋਇਆ। ਰੂਸ ਦੀ ਤਿੰਨ ਓਲੰਪਿਕ ਮੁਕਾਬਲੇ ਖੇਡਣ ਵਾਲੀ ਜਿਮਨਾਸਟ ਲਾਰਿਸਾ ਲਾਤਿਆਨੀਨਾ ਮੈਡਲਾਂ ਦੀ ਗਿਣਤੀ ਪੱਖੋਂ ਸਭ ਤੋਂ ਜ਼ਿਆਦਾ ਕੁੱਲ 18 ਮੈਡਲ, ਜਿਨ੍ਹਾਂ 'ਚ ਨੌਂ ਗੋਲਡ, ਪੰਜ ਸਿਲਵਰ ਤੇ ਚਾਰ ਤਾਂਬੇ ਦੇ ਤਮਗੇ ਜਿੱਤਣ ਸਦਕਾ ਅਜੇ ਵੀ ਪਹਿਲੇ ਸਥਾਨ 'ਤੇ ਮੌਜੂਦ ਹੈ। ਛੋਟੇ ਕਰੀਅਰ 'ਚ 35 ਤਮਗੇ ਆਪਣੀ ਝੋਲੀ ਪਾ ਚੁੱਕੀ ਸਿਮੋਨ ਬਾਈਲਜ਼ ਟੋਕੀਓ ਓਲੰਪਿਕ 'ਚ ਤਮਗਿਆਂ ਦਾ ਪੰਜਾ ਮਾਰਨ ਲਈ ਜ਼ੋਰਾਂ-ਸ਼ੋਰਾਂ ਨਾਲ ਅਭਿਆਸ ਕਰ ਰਹੀ ਹੈ।

ਨਵੀਂ ਓਲੰਪਿਕ ਚੈਂਪੀਅਨ ਥਿਯਾਮ:

ਰੀਓ ਓਲੰਪਿਕ ਦੇ ਹੈਪਟਾਥਲਾਨ ਖੇਡ ਇਵੈਂਟ 'ਚ ਬੈਲਜੀਅਮ ਦੀ ਮਹਿਲਾ ਐਥਲੀਟ ਨਫੀ ਥਿਆਮ ਨੇ ਲੰਡਨ-2012 ਓਲੰਪਿਕ ਦੀ ਚੈਂਪੀਅਨ ਐਥਲੀਟ ਜੈਸਿਕਾ ਐਲਿਸ ਹਿੱਲ ਨੂੰ ਸਿਲਵਰ ਮੈਡਲ ਜਿੱਤਣ ਲਈ ਮਜਬੂਰ ਕਰਦਿਆਂ ਸੋਨ ਤਮਗਾ ਆਪਣੇ ਨਾਂ ਕੀਤਾ। 2016 'ਚ 'ਰਾਈਜ਼ਿੰਗ ਸਟਾਰ ਆਫ ਯੂਰਪੀਅਨ ਮਹਿਲਾ ਐਥਲੀਟ' ਦਾ ਖ਼ਿਤਾਬ ਹਾਸਲ ਕਰਨ ਵਾਲੀ 26 ਸਾਲਾ ਥਿਆਮ ਟੋਕੀਓ 'ਚ ਦੂਜੀ ਵਾਰ ਓਲੰਪਿਕ ਸੋਨ ਤਮਗਾ ਜਿੱਤਣ ਦਾ ਉਪਰਾਲਾ ਕਰੇਗੀ।

ਬ੍ਰਾਜ਼ੀਲ ਫੁੱਟਬਾਲ 'ਚ ਪਹਿਲੀ ਵਾਰ ਬਣਿਆ ਓਲੰਪਿਕ ਚੈਂਪੀਅਨ :

ਬ੍ਰਾਜ਼ੀਲ ਦੇ ਲੋਕਾਂ 'ਤੇ ਫੱੁਟਬਾਲ ਦਾ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ। ਪਰ ਇਸ ਦੇ ਬਾਵਜੂਦ ਚਾਰ ਵਾਰ ਵਿਸ਼ਵ ਚੈਂਪੀਅਨ ਦੀ ਪੌੜੀ ਚੜ੍ਹ ਚੁੱਕੀ ਬ੍ਰਾਜ਼ੀਲੀ ਫੱੁਟਬਾਲ ਟੀਮ ਕਦੇ ਵੀ ਓਲੰਪਿਕ ਖੇਡਾਂ 'ਚ ਗੋਲਡ ਮੈਡਲ ਨਹੀਂ ਜਿੱਤ ਸਕੀ ਸੀ ਪਰ ਰੀਓ ਓਲੰਪਿਕ 'ਚ ਘਰੇਲੂ ਮੈਦਾਨ 'ਤੇ ਪਲੇਠਾ ਸੋਨ ਤਮਗਾ ਜਿੱਤ ਕੇ ਬ੍ਰਾਜ਼ੀਲੀ ਖਿਡਾਰੀਆਂ ਨੇ ਦੇਸ਼ ਵਾਸੀਆਂ ਨੂੰ ਖ਼ੁਸ਼ ਕਰ ਦਿੱਤਾ। ਇਸ ਜਿੱਤ 'ਚ ਬ੍ਰਾਜ਼ੀਲੀ ਕਪਤਾਨ ਨੇਮਾਰ ਦੀ ਅਹਿਮ ਭੂਮਿਕਾ ਰਹੀ ਜਿਸ ਦੀ ਗੋਲਡਨ ਕਿੱਕ ਨਾਲ ਬ੍ਰਾਜ਼ੀਲੀ ਫੁੱਟਬਾਲ ਪ੍ਰਰੇਮੀਆਂ ਦੀ ਜਿੱਤ ਦਾ ਸੁਪਨਾ ਸਾਕਾਰ ਹੋਇਆ। ਨੇਮਾਰ ਨੇ ਕਿਹਾ ਕਿ ਖ਼ਿਤਾਬੀ ਮੈਚ ਦੌਰਾਨ ਮਾਰਕਾਨਾ ਸਟੇਡੀਅਮ 'ਚ ਜਿੱਤ ਦੀ ਉਮੀਦ ਲਾਈ ਬੈਠੇ 78,000 ਘਰੇਲੂ ਫੱੁਟਬਾਲ ਪ੍ਰਰੇਮੀਆਂ ਦੀ ਹੌਸਲਾ-ਅਫਜ਼ਾਈ ਸਾਡਾ ਲਗਾਤਾਰ ਮਾਰਗ ਦਰਸ਼ਨ ਕਰਦੀ ਰਹੀ। ਬ੍ਰਾਜ਼ੀਲ ਨੇ ਵਿਸ਼ਵ ਫੁੱਟਬਾਲ 'ਚ ਦਿੱਗਜ ਖਿਡਾਰੀ ਪੇਲੇ, ਗਰਿੰਚਾ, ਐਡੀਮੇਰ, ਰੋਨਾਲਡੋ, ਰੋਮਾਰਿਉ, ਜੀਟੋ, ਬਬੀਤੋ, ਕਾਫੂ, ਰਿਵਾਲਡੋ, ਕਾਰਲੋਸ, ਰੋਨਾਲਡੀਨ੍ਹੋ, ਗੀਗਾ ਆਦਿ ਪੈਦਾ ਕੀਤੇ ਹਨ ਪਰ ਇਹ ਸਾਰੇ ਆਪਣੇ ਕਰੀਅਰ 'ਚ ਓਲੰਪਿਕ ਗੋਲਡ ਮੈਡਲ ਨਹੀਂ ਜਿੱਤ ਸਕੇ ਸਨ।

ਹੰਗਰੀ ਦੀ ਆਇਰਨ ਲੇਡੀ ਹੋਸਜੂ :

ਰੀਓ ਓਲੰਪਿਕ 'ਚ ਤੈਰਾਕੀ 'ਚ ਸੋਨ ਤਗਮਿਆਂ ਦੀ ਤਿਕੜੀ ਜਮਾਉਣ ਵਾਲੀ ਹੰਗਰੀ ਦੀ 32 ਸਾਲਾ ਤੈਰਾਕ ਕੈਟਿਨਕਾ ਹੋਸਜੂ ਦੀ ਕੁੱਲ ਆਲਮ ਦੇ ਖੇਡ ਹਲਕਿਆਂ 'ਚ ਪੂਰੀ ਚੜ੍ਹ ਮਚੀ ਹੋਈ ਸੀ, ਜਿਸ ਕਰਕੇ ਉਸ ਨੂੰ ਖੇਡ ਮੀਡੀਆ ਦੀਆਂ ਖੂਬ ਸੁਰਖੀਆਂ ਨਸੀਬ ਹੋਈਆਂ ਸਨ। 200 ਮੀਟਰ ਨਿੱਜੀ ਮੈਡਲੇ 'ਚ 6.58 ਸਕਿੰਟ ਨਾਲ ਨਵਾਂ ਓਲੰਪਿਕ ਰਿਕਾਰਡ ਸਿਰਜ ਕੇ ਸੋਨੇ ਦਾ ਮੈਡਲ ਜਿੱਤਣ ਵਾਲੀ ਕੈਟਿਨਕਾ ਹੋਸਜੂ ਨੂੰ ਇਸ ਤੋਂ ਪਹਿਲਾਂ ਰੀਓ ਓਲੰਪਿਕ 'ਚ ਕ੍ਮਵਾਰ 400 ਮੀਟਰ ਮੈਡਲੇ ਅਤੇ 100 ਮੀਟਰ ਬੈਕਸਟ੍ਰੋਕ 'ਚ ਸੋਨ ਤਮਗੇ ਜਿੱਤਣ ਦਾ ਮਾਣ ਨਸੀਬ ਹੋਇਆ ਸੀ। ਤਿੰਨ ਸੋਨ ਤਮਗਿਆਂ ਤੋਂ ਇਲਾਵਾ ਕੈਟਿਨਕਾ ਨੇ ਰੀਓ 'ਚ 100 ਮੀਟਰ ਫ੍ਰੀ ਸਟਾਇਲ 'ਚ ਸਿਲਵਰ ਜਿੱਤ ਕੇ ਮੈਡਲਾਂ ਦਾ ਚੌਕਾ ਲਗਾਇਆ ਸੀ। ਟੋਕੀਓ ਓਲੰਪਿਕ 'ਚ ਹੰਗਰੀ ਦੀ ਨਾਮਵਰ ਮਹਿਲਾ ਤੈਰਾਕ ਕੈਟਿਨਕਾ ਹੋਸਜੂ ਤਮਗੇ ਜਿੱਤਣ ਦੀ ਭੁੱਖ ਮਿਟਾਉਣ ਲਈ ਪੂਲ 'ਚ ਵਿਰੋਧਣਾਂ ਨਾਲ ਦੋ-ਦੋ ਹੱਥ ਕਰੇਗੀ।

-ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993