ਦੋਹਾ (ਏਐੱਫਪੀ) : ਸਪੇਨ ਦੇ ਦਿੱਗਜ ਖਿਡਾਰੀ ਜਾਬੀ ਆਪਣੇ ਸਾਬਕਾ ਕਲੱਬ ਬਾਰਸੀਲੋਨਾ ਦੇ ਮੈਨੇਜਰ ਦੀ ਨੌਕਰੀ ਲਈ ਗੱਲਬਾਤ ਕਰ ਰਹੇ ਹਨ। ਇਸ ਦੀ ਜਾਣਕਾਰੀ ਜਾਬੀ ਦੇ ਮੌਜੂਦਾ ਕਤਰੀ ਕਲੱਬ ਅਲ ਸਾਦ ਨੇ ਦਿੱਤੀ। ਸਪੈਨਿਸ਼ ਮੀਡੀਆ ਨੇ ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਬਾਰਸੀਲੋਨਾ ਨੇ ਦਬਾਅ ਵਿਚ ਚੱਲ ਰਹੇ ਆਪਣੇ ਮੌਜੂਦਾ ਮੈਨੇਜਰ ਇਰਨੇਸਟੋ ਵਾਲਵਰਡੇ ਦੀ ਥਾਂ ਲੈਣ ਲਈ ਜਾਬੀ ਨਾਲ ਸੰਪਰਕ ਕੀਤਾ ਸੀ।

ਅਲ ਸਾਦ ਦੇ ਖੇਡ ਡਾਇਰੈਕਟਰ ਮੁਹੰਮਦ ਗੁਲਾਮ ਅਲ ਬਾਲੁਸ਼ੀ ਨੇ ਕਿਹਾ ਹੈ ਕਿ ਮੈਂ ਇਸ ਤੋਂ ਇਨਕਾਰ ਨਹੀਂ ਕਰਾਂਗਾ। ਜਾਬੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਤੇ ਸਾਰੇ ਉਸ ਬਾਰੇ ਚਰਚਾ ਕਰ ਰਹੇ ਹਨ ਪਰ ਮੈਂ ਕਹਿ ਸਕਦਾ ਹਾਂ ਕਿ ਅਜੇ ਜਾਬੀ ਅਲ ਸਾਦ ਵਿਚ ਹਨ। ਅਲ ਸਾਦ ਤੇ ਬਾਰਸੀਲੋਨਾ ਦੀ ਟੀਮ ਮੈਨੇਜਮੈਂਟ ਤੋਂ ਇਲਾਵਾ ਮੈਨੇਜਰ ਨੇ ਇਸ 'ਤੇ ਆਖ਼ਰੀ ਫ਼ੈਸਲਾ ਕਰਨਾ ਹੈ। ਹਾਲਾਂਕਿ ਜਾਬੀ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਪਰ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਬਾਰਸੀਲੋਨਾ ਦੇ ਫੁੱਟਬਾਲ ਡਾਇਰੈਕਟਰ ਏਰਿਕ ਅਬਦੀਦਲ ਨਾਲ ਕਤਰ ਵਿਚ ਮੁਲਾਕਾਤ ਹੋਈ ਸੀ। ਹਾਲਾਂਕਿ ਜਾਬੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਬਾਰਸੀਲੋਨਾ ਦਾ ਮੈਨੇਜਰ ਬਣਨਾ ਉਨ੍ਹਾਂ ਦਾ ਸੁਪਨਾ ਹੈ।