ਹਰਜੋਤ ਸਿੰਘ ਅਰੋੜਾ, ਲੁਧਿਆਣਾ : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਜਾ ਰਹੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਦਾ ਉਦਘਾਟਨੀ ਸਮਾਗਮ ਬੇਹੱਦ ਲਾਜਵਾਬ ਹੋ ਨਿੱਬੜਿਆ। ਵੱਖ-ਵੱਖ ਸਕੂਲਾਂ ਦੇ ਮਾਰਚ ਪਾਸਟ ਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਉਦਘਾਟਨੀ ਸਮਾਗਮ ਨੂੰ ਬਹੁਤ ਸ਼ਾਨਦਾਰ ਬਣਾਇਆ।

ਗੁੱਡ ਅਰਥ ਕਾਨਵੈਂਟ ਸਕੂਲ ਸਿਆੜ੍ਹ, ਕਲਗੀਧਰ ਅਕੈਡਮੀ ਦੁੱਗਰੀ, ਭੁੱਟਾ ਇੰਜੀਨੀਅਰਿੰਗ ਕਾਲਜ ਤੇ ਹੋਰ ਇਲਾਕੇ ਦੇ ਸਕੂਲੀ ਬੱਚਿਆਂ ਤੇ ਵੱਖ-ਵੱਖ ਟੀਮਾਂ ਵੱਲੋਂ ਕੀਤੇ ਮਾਰਚ ਪਾਸਟ 'ਤੇ ਅੱਜ ਮੁੱਖ ਮਹਿਮਾਨ ਵਨੀਤ ਸ਼ਰਮਾ ਜੀਐੱਮ ਕੋਕਾ ਕੋਲਾ, ਹਰਚਰਨ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ ਵਿਜੀਲੈਂਸ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਸੰਗਤ ਮਾਤਾ ਸਾਹਿਬ ਕੌਰ ਤੇ ਹੋਰ ਮਹਿਮਾਨਾਂ ਨੇ ਸਲਾਮੀ ਲਈ।

ਇਸ ਮੌਕੇ ਖਿਡਾਰੀਆਂ ਵੱਲੋਂ ਕਰਨਵੀਰ ਕੌਰ ਸਿਆੜ੍ਹ ਤੇ ਕੋਚਾਂ ਵੱਲੋਂ ਕਬੱਡੀ ਕੋਚ ਜਸਵੰਤ ਸਿੰਘ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਤੇ ਓਲੰਪਿਕ ਮਸ਼ਾਲ ਨੂੰ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰੀਤੂ ਰਾਣੀ ਤੇ ਅੰਤਰਰਾਸ਼ਟਰੀ ਖਿਡਾਰਨਾਂ ਸੁਖਮਨੀ, ਨਰਿੰਦਰ ਕੌਰ ਤੇ ਹਰਦੀਪ ਕੌਰ ਨੇ ਜਗਾਇਆ।

ਖੇਡਾਂ ਦੀ ਸ਼ੁਰੂਆਤ ਸ਼ਬਦ ਗਾ ਕੇ ਹੋਈ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸੰਜੇ ਓਬਰਾਏ ਮੈਨੇਜਰ ਐੱਸਪੀਐੱਸ ਹਸਪਤਾਲ ਲੁਧਿਆਣਾ, ਅਲੋਕ ਮੁਖਰਜੀ ਕੋਕਾ-ਕੋਲਾ, ਦਲਜੀਤ ਸਿੰਘ ਭੱਟੀ ਮਾਰਕਿਟ ਮੈਨੇਜਰ ਕੋਕਾ-ਕੋਲਾ, ਅਜਮੇਰ ਕੌਰ ਗਰੇਵਾਲ ਯੂਕੇ, ਗੁਰਮੀਤ ਕੌਰ ਗਰੇਵਾਲ ਧਰਮਨਪਤਨੀ ਮੋਹਿੰਦਰਪ੍ਰਤਾਪ ਗਰੇਵਾਲ, ਸੰਦੀਪ ਕੁਮਾਰ ਐੱਸਪੀ ਪੰਜਾਬ ਪੁਲਿਸ, ਅਥਲੀਟ ਹਰਭਜਨ ਸਿੰਘ ਗਰੇਵਾਲ, ਇੰਸਪੈਕਟਰ ਬਲਬੀਰ ਸਿੰਘ ਗਰੇਵਾਲ, ਯਾਦਵਿੰਦਰ ਸਿੰਘ ਤੂਰ ਆਦਿ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

ਉਦਘਾਟਨੀ ਸਮਾਗਮ ਮੌਕੇ ਸਿੱਖਿਆ ਤੇ ਖੇਡਾਂ 'ਚ ਵਧੀਆ ਮੱਲਾਂ ਮਾਰਨ ਵਾਲੇ ਜਗਜੀਤ ਸਿੰਘ, ਕਮਲਪ੍ਰੀਤ ਕੌਰ, ਇਮਰਾਨਦੀਪ ਸਿੰਘ ਸਿਆੜ੍ਹ, ਅਮਨਦੀਪ ਕੌਰ ਆਦਿ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਖੇਡੇ ਗਏ ਕਬੱਡੀ ਨਿਰੋਲ ਇਕ ਪਿੰਡ ਓਪਨ ਯਾਦਗਾਰੀ ਕਬੱਡੀ ਕੱਪ ਦੇੇ ਮੈਚਾਂ 'ਚ ਬੱਸੀਆਂ ਨੇ ਕਨੇਚ ਨੂੰ, ਕੰਗਨਵਾਲ ਨੇ ਜੱਸੋਵਾਲ ਸੂਦਾਂ ਨੂੰ, ਚੱਕ ਭਾਈਕਾ ਨੇ ਕੈਂਡ ਨੂੰ, ਛਪਾਰ ਨੇ ਬਰਕਤਪੁਰਾ ਨੂੰ, ਤਲਵੰਡੀ ਰਾਇ ਨੇ ਕਟ੍ਹਾਰੀ ਨੂੰ, ਕਰਪਾਲ ਸਰ ਮਹੋਲੀ ਨੇ ਕਨੇਚ ਨੂੰ, ਬਨਭੌਰਾ ਨੇ ਸਰੀਂਹ ਨੂੰ ਹਰਾਇਆ। ਅਮਰਜੀਤ ਗਰੇਵਾਲ ਵਾਲੀਬਾਲ ਕੱਪ ਸ਼ੂਟਿੰਗ 'ਚ ਗੰਢੂਆਂ ਨੇ ਗਿੱਲਾਂ ਨੂੰ ਹਰਾਇਆ।