ਪੈਰਿਸ : ਇਟਲੀ ਦੀ ਫੁੱਟਬਾਲ ਟੀਮ ਯੂਰੋ 2020 ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਯੂਰੋ ਕੁਆਲੀਫਾਇਰ ਵਿਚ ਇਟਲੀ ਨੇ ਯੂਨਾਨ ਨੂੰ 2-0 ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਇਸ ਟੂਰਨਾਮੈਂਟ ਦੀ ਟਿਕਟ ਹਾਸਲ ਕੀਤੀ। ਇਟਲੀ ਦੀ ਟੀਮ ਆਪਣੇ ਫੁੱਟਬਾਲ ਇਤਿਹਾਸ ਵਿਚ ਦੂਜੀ ਵਾਰ ਹਰੇ ਰੰਗ ਦੀ ਜਰਸੀ ਵਿਚ ਉਤਰੀ।

ਸਪੇਨ ਦੀ ਵਧੀ ਉਡੀਕ

ਪੈਰਿਸ : ਤਿੰਨ ਵਾਰ ਦੇ ਚੈਂਪੀਅਨ ਸਪੇਨ ਨੂੰ ਨਾਰਵੇ ਖ਼ਿਲਾਫ਼ ਇੰਜਰੀ ਟਾਈਮ ਵਿਚ ਗੋਲ ਖਾਣ ਕਾਰਨ ਯੂਰੋ 2020 ਲਈ ਕੁਆਲੀਫਾਈ ਕਰਨ ਲਈ ਉਡੀਕ ਕਰਨੀ ਪਵੇਗੀ। ਗਰੁੱਪ ਐੱਫ ਵਿਚ ਸਪੇਨ ਨੂੰ ਨਾਰਵੇ ਖ਼ਿਲਾਫ਼ 1-1 ਨਾਲ ਡਰਾਅ ਖੇਡਣਾ ਪਿਆ ਜਿੱਥੇ ਜੋਸ਼ੁਆ ਕਿੰਗ ਨੇ ਇੰਜਰੀ ਟਾਈਮ ਵਿਚ ਪੈਨਲਟੀ ਕਿੱਕ ਰਾਹੀਂ ਗੋਲ ਕਰ ਕੇ ਨਾਰਵੇ ਨੂੰ ਹਾਰ ਤੋਂ ਬਚਾਇਆ। ਸਾਲ ਨਿਗਊਜ ਨੇ ਸਪੇਨ ਲਈ ਗੋਲ ਕੀਤਾ।

ਅਗਲੇ ਮਹੀਨੇ ਰਾਸ਼ਟਰੀ ਟੀਮ 'ਚ ਵਾਪਸੀ ਕਰਨਗੇ ਮੈਸੀ

ਲੀਡਸ : ਅਰਜਨਟੀਨਾ ਦੇ ਕੋਚ ਲਿਓਨ ਸਕਾਲਨੀ ਨੇ ਕਿਹਾ ਹੈ ਕਿ ਉਸ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਆਪਣੀ ਮੁਅੱਤਲੀ ਤੋਂ ਬਾਅਦ ਅਗਲੇ ਮਹੀਨੇ ਰਾਸ਼ਟਰੀ ਟੀਮ ਵਿਚ ਵਾਪਸੀ ਕਰਨਗੇ। ਮੈਸੀ ਨੇ ਦੱਖਣੀ ਅਮਰੀਕੀ ਫੁੱਟਬਾਲ ਸੰਘ 'ਤੇ ਕੋਪਾ ਅਮਰੀਕਾ ਦੌਰਾਨ ਭਿ੍ਸ਼ਟਾਚਾਰ ਦੇ ਦੋਸ਼ ਲਾਏ ਸਨ ਜਿਸ ਕਾਰਨ ਮੈਸੀ ਨੂੰ ਅਗਸਤ ਵਿਚ ਤਿੰਨ ਮਹੀਨੇ ਲਈ ਅੰਤਰਰਾਸ਼ਟਰੀ ਫੁਟੱਬਾਲ ਤੋਂ ਮੁਅੱਤਲ ਕੀਤਾ ਗਿਆ ਸੀ।

ਕੋਲਕਾਤਾ ਪੁੱਜੀ ਭਾਰਤੀ ਟੀਮ

ਕੋਲਕਾਤਾ : ਕੋਚ ਇਗੋਰ ਸਟੀਮਕ ਦੀ ਦੇਖਰੇਖ ਵਿਚ 23 ਮੈਂਬਰੀ ਭਾਰਤੀ ਫੁੱਟਬਾਲ ਟੀਮ ਸ਼ਨਿਚਰਵਾਰ ਨੂੰ ਕੋਲਕਾਤਾ ਪੁੱਜੀ। ਇੱਥੇ ਭਾਰਤੀ ਟੀਮ ਨੂੰ ਮੰਗਲਵਾਰ ਨੂੰ ਸਾਲਟ ਲੇਕ ਸਟੇਡੀਅਮ ਵਿਚ ਬੰਗਲਾਦੇਸ਼ ਖ਼ਿਲਾਫ਼ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦਾ ਅਹਿਮ ਮੁਕਾਬਲਾ ਖੇਡਣਾ ਹੈ। 2011 ਤੋਂ ਬਾਅਦ ਪਹਿਲੀ ਵਾਰ ਭਾਰਤੀ ਟੀਮ ਕੋਲਕਾਤਾ ਵਿਚ ਕੋਈ ਮੁਕਾਬਲਾ ਖੇਡਣ ਪੁੱਜੀ ਹੈ।