ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਮਹਿਲਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਮੁਕਾਬਲਾ ਕਰਨ ਨਾਲ ਚਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਜਾਵੇਗੀ। ਰੋਹਨ ਬੋਪੰਨਾ ਨਾਲ ਜੋੜੀ ਬਣਾ ਕੇ ਖੇਡਣ ਵਾਲੀ ਮਿਰਜ਼ਾ ਨੂੰ ਰੀਓ 2016 ਵਿਚ ਮਿਕਸਡ ਡਬਲਜ਼ ਮੁਕਾਬਲੇ ਵਿਚ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ। ਸਾਨੀਆ ਨੇ ਕਿਹਾ ਕਿ ਉਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਲ਼ਾਂ ਵਿਚੋਂ ਇਕ ਸੀ ਕਿ ਮੈਂ ਮੈਡਲ ਜਿੱਤਣ ਦੇ ਨੇੜੇ ਪੁੱਜੀ ਪਰ ਉਸ ਨੂੰ ਹਾਸਲ ਨਹੀਂ ਕਰ ਸਕੀ। ਓਲੰਪਿਕ ਵਿਚ ਦੇਸ਼ ਲਈ ਖੇਡਣਾ ਸਾਰੇ ਐਥਲੀਟਾਂ ਲਈ ਬੜੇ ਮਾਣ ਦੀ ਗੱਲ ਹੈ। ਮੈਨੂੰ ਕਿਹਾ ਗਿਆ ਹੈ ਕਿ ਜੇ ਮੈਂ ਟੋਕੀਓ ਵਿਚ ਖੇਡਦੀ ਹਾਂ ਤਾਂ ਮੈਂ ਕਿਸੇ ਵੀ ਮਹਿਲਾ ਵੱਲੋਂ ਕਿਸ ੇਹੋਰ ਨਾਲ ਮਿਲ ਕੇ ਸਭ ਤੋਂ ਵੱਧ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਖਿਡਾਰਨ ਬਣ ਸਕਦੀ ਹਾਂ। ਮੈਂ ਇੱਥੇ ਰਹਿਣ ਲਈ ਹਮੇਸ਼ਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਪਣੇ ਅਗਲੇ ਓਲੰਪਿਕ ਲਈ ਉਤਸ਼ਾਹਤ ਹਾਂ।

ਟਾਪ 100 'ਚ ਹੈ ਮਿਰਜ਼ਾ ਦੀ ਸਾਥੀ ਖਿਡਾਰਨ ਰੈਨਾ : ਸਾਨੀਆ ਮਿਰਜ਼ਾ ਵਿਸ਼ਵ ਰੈਂਕਿੰਗ ਨੌਂ ਨਾਲ ਓਲੰਪਿਕ ਵਿਚ ਉਤਰੇਗੀ। ਹਾਲਾਂਕਿ ਇਹ ਪਹਿਲੀ ਵਾਰ ਹੈ ਕਿ ਮਹਿਲਾ ਡਬਲਜ਼ ਮੁਕਾਬਲੇ ਵਿਚ ਉਨ੍ਹਾਂ ਦੀ ਸਾਥੀ ਖਿਡਾਰਨ ਵੀ ਟਾਪ-100 ਵਿਚ ਸ਼ਾਮਲ ਹੈ। ਉਹ ਅੰਕਿਤਾ ਰੈਨਾ (95) ਨਾਲ ਜੋੜੀ ਬਣਾਏਗੀ।