ਲੰਡਨ (ਏਐੱਫਪੀ) : ਇਰਲੈਂਡ ਫੁੱਟਬਾਲ ਦੇ ਮੈਨੇਜਰ ਮਿਕ ਮੈਕਾਰਥੀ ਨੇ ਕੋਰੋਨਾ ਵਾਇਰਸ ਕਾਰਨ ਖ਼ੁਦ ਨੂੰ ਸਭ ਤੋਂ ਵੱਖ ਕਰ ਲਿਆ ਹੈ। ਆਇਰਲੈਂਡ ਫੁੱਟਬਾਲ ਸੰਘ ਦੀ ਵੈੱਬਸਾਈਟ 'ਤੇ ਉਨ੍ਹਾਂ ਨੇ ਕਿਹਾ ਕਿ ਹਾਲਾਤ ਬਹੁਤ ਖ਼ਤਰਨਾਕ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਗੁਆਂਢੀ ਕੋਰੋਨਾ ਵਾਇਰਸ ਟੈਸਟ ਵਿਚ ਪੌਜ਼ੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਤਨੀ ਫਿਓਨਾ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ। ਬਰਤਾਨੀਆ ਨੇ ਸੋਮਵਾਰ ਤੋਂ ਤਿੰਨ ਹਫਤੇ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ। ਬਰਤਾਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 335 ਪੁੱਜ ਗਈ ਹੈ। ਮੈਕਾਰਥੀ ਨੇ ਕਿਹਾ ਕਿ ਅਸੀਂ ਨਿਯਮਾਂ ਦਾ ਪਾਲਨ ਕਰ ਕੇ ਆਪਣੇ ਘਰ ਵਿਚ ਹਾਂ। ਅਸੀਂ ਆਪਣੇ ਬੱਚਿਆਂ ਜਾਂ ਪੋਤੇ ਪੋਤੀਆਂ ਨੂੰ ਵੀ ਨਹੀਂ ਮਿਲ ਪਾ ਰਹੇ ਹਾਂ। ਇਹ ਕਾਫੀ ਅੌਖਾ ਸਮਾਂ ਹੈ।