ਤਹਿਰਾਨ (ਏਐੱਫਪੀ) : ਇਰਾਨੀ ਮਹਿਲਾਵਾਂ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਵੀਰਵਾਰ ਨੂੰ ਕਿਸੇ ਫੁੱਟਬਾਲ ਸਟੇਡੀਅਮ ਵਿਚ ਮੁਕਾਬਲਾ ਦੇਖਣ ਪੁੱਜਣਗੀਆਂ ਜਿਸ ਦੇ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੋਕ ਦਾ ਅੰਤ ਹੋ ਜਾਵੇਗਾ। ਈਰਾਨ ਨੇ ਲਗਭਗ 40 ਸਾਲਾਂ ਤੋਂ ਆਪਣੇ ਇੱਥੇ ਕਿਸੇ ਫੁੱਟਬਾਲ ਜਾਂ ਦੂਜੇ ਸਟੇਡੀਅਮਾਂ ਵਿਚ ਮਹਿਲਾਵਾਂ ਦੇ ਆਉਣ 'ਤੇ ਰੋਕ ਲਾ ਰੱਖੀ ਹੈ ਪਰ ਪਿਛਲੇ ਦਿਨੀਂ ਫੁੱਟਬਾਲ ਦੀ ਚੋਟੀ ਦੀ ਸੰਸਥਾ ਫੀਫਾ ਨੇ ਉਸ ਨੂੰ ਇੱਥੇ ਦੇ ਸਟੇਡੀਅਮਾਂ ਵਿਚ ਮਹਿਲਾਵਾਂ ਦੇ ਆਉਣ 'ਤੇ ਲੱਗੀ ਰੋਕ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਮੁਅੱਤਲੀ ਤੋਂ ਡਰ ਕੇ ਇਰਾਨੀ ਫੁੱਟਬਾਲ ਸੰਘ ਨੇ ਫੀਫਾ ਨੂੰ ਭਰੋਸਾ ਦਿੱਤਾ ਸੀ ਕਿ ਉਹ ਮਹਿਲਾਵਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਦੇਵੇਗਾ। 2022 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਵਿਚ ਵੀਰਾਵਰ ਨੂੰ ਈਰਾਨ ਦੀ ਰਾਸ਼ਟਰੀ ਟੀਮ ਕੰਬੋਡੀਆ ਖ਼ਿਲਾਫ਼ ਤਹਿਰਾਨ ਦੇ ਆਜ਼ਾਦੀ ਸਟੇਡੀਅਮ ਵਿਚ ਉਤਰੇਗੀ ਜਿਸ ਲਈ ਮਹਿਲਾ ਪ੍ਰਸ਼ੰਸਕਾਂ 'ਚ ਟਿਕਟ ਲੈਣ ਦਾ ਉਤਸ਼ਾਹ ਦਿਖਾਈ ਦਿੱਤਾ। ਰਿਪੋਰਟ ਮੁਤਾਬਕ ਮਹਿਲਾਵਾਂ ਲਈ ਰਾਖਵੀਆਂ ਟਿਕਟਾਂ ਇਕ ਘੰਟੇ ਤੋਂ ਘੱਟ ਸਮੇਂ ਵਿਚ ਵਿਕ ਗਈਆਂ। ਆਜ਼ਾਦੀ ਸਟੇਡੀਅਮ ਵਿਚ ਦਰਸ਼ਕਾਂ ਦੇ ਬੈਠਣ ਦੀ ਯੋਗਤਾ ਲਗਭਗ ਇਕ ਲੱਖ ਹੈ। ਲਗਭਗ 3500 ਰਾਖਵੀਆਂ ਮਹਿਲਾ ਸੀਟਾਂ ਵਿਚੋਂ ਇਕ ਟਿਕਟ ਰਾਹਾ ਪੂਰਬਖ਼ਸ਼ ਨੂੰ ਵੀ ਮਿਲੀ ਹੈ ਜੋ ਪੇਸ਼ੇ ਤੋਂ ਇਕ ਫੁੱਟਬਾਲ ਪੱਤਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਇਹ ਹੋਣ ਜਾ ਰਿਹਾ ਹੈ ਕਿਉਂਕਿ ਹੁਣ ਤਕ ਫੀਲਡ ਵਿਚ ਕੰਮ ਕਰਨ ਦੇ ਬਾਵਜੂਦ ਮੈਨੂੰ ਟੀਵੀ 'ਤੇ ਸਭ ਕੁਝ ਦੇਖਣਾ ਪੈਂਦਾ ਸੀ। ਹੁਣ ਮੈਨੂੰ ਸਭ ਕੁਝ ਸਾਹਮਣੇ ਦੇਖਣ ਨੂੰ ਮਿਲੇਗਾ। ਇਸ ਮੁਕਾਬਲੇ ਲਈ 150 ਤੋਂ ਜ਼ਿਆਦਾ ਮਹਿਲਾ ਪੁਲਿਸ ਅਧਿਕਾਰੀਆਂ ਦੀ ਵੀ ਸਟੇਡੀਅਮ ਵਿਚ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਲਈ ਵੀ ਇਕ ਨਵਾਂ ਤਜਰਬਾ ਹੋਵੇਗਾ।

'ਬਲੂ ਗਰਲ' ਹਾਦਸੇ ਤੋਂ ਬਾਅਦ ਬਣਾਇਆ ਦਬਾਅ :

ਦਰਅਸਲ ਇਹ ਸਾਰੀ ਘਟਨਾ ਬਲੂ ਗਰਲ ਦੇ ਨਾਂ ਨਾਲ ਮਸ਼ਹੂਰ ਇਕ ਇਰਾਨੀ ਫੁਟੱਬਾਲ ਪ੍ਰਸ਼ੰਸਕ ਦੀ ਪਿਛਲੇ ਦਿਨੀਂ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ। ਉਸ ਮਹਿਲਾ ਪ੍ਰਸ਼ੰਸਕ ਨੂੰ ਸੁਰੱਖਿਆ ਅਧਿਕਾਰੀਆਂ ਨੇ ਉਸ ਸਮੇਂ ਫੜ ਲਿਆ ਸੀ ਜਦ ਉਹ ਮਰਦ ਦੇ ਰੂਪ 'ਚ ਇਕ ਮੈਚ ਦੇਖਣ ਲਈ ਸਟੇਡੀਅਮ ਵਿਚ ਵੜਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੇ ਜੇਲ੍ਹ ਜਾਣ ਦੇ ਡਰ ਤੋਂ ਖ਼ੁਦ ਨੂੰ ਅੱਗ ਲਾ ਲਈ ਜਿਸ ਤੋਂ ਬਾਅਦ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਉਸ ਘਟਨਾ ਤੋਂ ਬਾਅਦ ਫੀਫਾ ਨੇ ਇਰਾਨ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ।