ਜੇਐੱਨਐੱਨ, ਉਦੈਪੁਰ : ਕੌਮਾਂਤਰੀ ਤੀਰਅੰਦਾਜ਼ ਤੇ ਰਾਜਸਥਾਨ ਦੇ ਡੂੰਗਰਪੁਰ ਦੇ ਜ਼ਿਲ੍ਹਾ ਖੇਡ ਅਧਿਕਾਰੀ ਜੈਅੰਤੀਲਾਲ ਨਨੋਮਾ ਦੀ ਐਤਵਾਰ ਦੇਰ ਰਾਹ ਸੜਕ ਹਾਦਸੇ 'ਚ ਮੌਤ ਹੋ ਗਈ। ਡੂੰਗਪੁਰ ਜ਼ਿਲ੍ਹੇ ਦੇ ਵਰਦਾ ਪਿੰਡ ਨੇੜੇ ਉਹ ਆਪਣੇ ਕਾਰ ਤੋਂ ਕੰਟਰੋਲ ਗੁਆ ਬੈਠੇ ਤੇ ਕਾਰ ਪਲਟ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਨਨੋਮਾ ਨੂੰ ਤੜਕੇ ਸਾਢੇ ਤਿੰਨ ਵਜੇ ਉਦੈਪੁਰ ਤੇ ਐੱਮਬੀ ਹਸਪਤਾਲ ਲਿਆਂਦਾ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਗਈ। ਨਨੋਮਾ ਦੀ ਮੌਤ ਨਾਲ ਖੇਡ ਜਗਤ 'ਚ ਸੋਗ ਦੀ ਲਹਿਰ ਛਾ ਗਈ। ਕਾਬਿਲੇਗੌਰ ਹੈ ਕਿ ਨਨੋਮਾ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਛੇ ਗੋਲਡ ਮੈਡਲਾਂ ਸਮੇਤ ਕਈ ਮੈਡਲ ਜਿੱਤੇ ਸਨ। ਪੋਸਟਮਾਰਟਮ ਤੋਂ ਬਾਅਦ ਸੋਮਵਾਰ ਸਵੇਰੇ ਨਨੋਮਾ ਦੀ ਲਾਸ਼ ਨੂੰ ਡੂੰਗਰਪੁਰ ਤੋਂ ਤਿੰਨ ਕਿਲੋਮੀਟਰ ਦੂਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਿਲੜੀ ਲਿਆਂਦਾ ਗਿਆ ਜਿੱਥੇ ਉਨ੍ਹਾਂ ਅੰਤਿਮ ਸੰਸਕਾਰ ਕਰ ਦਿੱਤਾ।

ਨਨੋਮਾ ਦੀਆਂ ਪ੍ਰਰਾਪਤੀਆਂ

-2009 'ਚ ਉਨ੍ਹਾਂ ਕੌਮਾਂਤਰੀ ਮੁਕਾਬਲਿਆਂ 'ਚ 6 ਗੋਲਡ ਮੈਡਲ ਜਿੱਤੇ।

-2010 'ਚ ਕੌਮਾਂਤਰੀ ਪੱਧਰ ਦੇ ਮੁਕਾਬਲੇ 'ਚ ਇਕ ਗੋਲਡ ਤੇ ਦੋ ਸਿਲਵਰ ਮੈਡਲ ਜਿੱਤੇ।

-ਉਹ ਰਾਜਸਥਾਨ ਸਪੋਰਟਸ ਕੌਂਸਲ ਸਵਾਏ ਮਾਨ ਸਿੰਘ ਸਟੇਡੀਅਮ, ਜੈਪੁਰ 'ਚ ਵੀ ਤੀਰਅੰਦਾਜ਼ੀ ਕਰ ਚੁੱਕੇ ਹਨ।

-ਉਨ੍ਹਾਂ ਨੂੰ ਮਹਾਰਾਣਾ ਪ੍ਰਤਾਪ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।

-2017 'ਚ ਉਨ੍ਹਾਂ ਨੂੰ ਗੁਰ ਸੀਨੀਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

-2013 'ਚ ਉਹ ਪਹਿਲੀ ਵਾਰ ਭਾਰਤੀ ਟੀਮ ਦੇ ਕੋਚ ਬਣੇ। ਉਹ ਤਿੰਨ ਵਾਰ ਕੋਚ ਰਹਿ ਚੁੱਕੇ ਹਨ।

-2019 'ਚ ਉਨ੍ਹਾਂ ਨੂੰ ਮੁੜ ਤੋਂ ਕੋਚ ਬਣਾਇਆ ਗਿਆ ਸੀ ਪਰ ਮੁਕਾਬਲੇ ਮੁਲਤਵੀ ਹੋਣ ਕਾਰਨ ਉਹ ਕੋਚਿੰਗ ਨਹੀਂ ਦੇ ਸਕੇ।