ਆਲਮੀ ਕੱਪ ਦਾ ਪਹਿਲਾ (ਚੀਨ-1991) ਆਡੀਸ਼ਨ ਖੇਡਣ ਵਾਲੀ ਨਾਈਜੀਰੀਆ ਦੀ ਟੀਮ ਦੀ ਔਸਤ ਉਮਰ 18 ਸਾਲ 8 ਮਹੀਨੇ ਹੋਣ ਸਦਕਾ ਫੀਫਾ ਦੇ ਇਤਿਹਾਸ 'ਚ ਸਭ ਨੌਜਵਾਨ ਟੀਮ ਮੰਨੀ ਗਈ ਹੈ ਜਦਕਿ ਕੈਨੇਡਾ–2015 ਵਿਸ਼ਵ ਕੱਪ ਖੇਡਣ ਵਾਲੀ ਅਮਰੀਕੀ ਟੀਮ ਔਸਤ 29 ਸਾਲ 5 ਮਹੀਨੇ ਨਾਲ ਸਭ ਤੋਂ ਉਮਰਦਰਾਜ਼ ਟੀਮ ਮੰਨੀ ਗਈ।

- ਮਹਿਲਾ ਫੀਫਾ ਕੱਪ ਦੇ 3 ਟੂਰਨਾਮੈਂਟ ਖੇਡਣ ਵਾਲੀ ਚੀਨ ਦੀ ਡਿਫੈਂਡਰ ਸੁੰਨ ਵੇਨ ਦੇ ਨਾਂ ਵਿਸ਼ਵ ਕੱਪ ਦੇ 16 ਮੈਚਾਂ ਦੀ ਕਪਤਾਨੀ ਕਰਨ ਦਾ ਰਿਕਾਰਡ ਦਰਜ ਹੈ।

- ਵਿਸ਼ਵ ਫੁੱਟਬਾਲ ਕੱਪ ਦੇ 3 ਆਲਮੀ ਮੁਕਾਬਲਿਆਂ ਦੀ ਕਪਤਾਨੀ ਕਰਨ ਦਾ ਇਤਿਹਾਸ ਨਾਈਜ਼ੀਰੀਆ ਦੀ ਹਾਫ ਬੈਕ ਫਲੋਰੈਂਸ ਓਮਗਬੇਮੀ ਨੇ ਰਚਿਆ।

- ਨਾਇਜ਼ੀਰੀਆ ਦੀ ਨਕਿਰੂ ਓਕੋਸਾਈਮ ਨੂੰ ਫੀਫਾ ਕੱਪ 'ਚ ਸਭ ਤੋਂ ਛੋਟੀ ਉਮਰ 'ਚ ਕਪਤਾਨੀ ਕਰਨ ਮਾਣ ਹਾਸਲ ਹੈ। 11 ਨਵੰਬਰ 1991 ਨੂੰ ਜਰਮਨੀ ਵਿਰੁੱਧ ਮੈਚ ਖੇਡਣ ਸਮੇਂ ਨਕਿਰੂ ਦੀ ਉਮਰ ਸਿਰਫ਼ 19 ਸਾਲ 261 ਦਿਨ ਸੀ। ਸਭ ਤੋਂ ਉਮਰਦਰਾਜ ਫਰਾਂਸੀਸੀ ਟੀਮ ਦੀ ਕਪਤਾਨ ਸੈਂਡਰਾਈਨ ਸੌਬੇ ਹੈ। 16 ਜੁਲਾਈ 2011 ਨੂੰ ਸੌਬੇ ਦੀ ਕਪਤਾਨੀ 'ਚ ਫਰਾਂਸ ਨੇ ਜਦੋਂ ਸਵੀਡਨ ਨਾਲ ਮੈਚ ਖੇਡਿਆ ਤਾਂ ਉਸ ਦੀ ਉਮਰ 37 ਸਾਲ 334 ਦਿਨ ਸੀ।

- ਜਰਮਨ ਖਿਡਾਰਨ ਬ੍ਰਿਜਟ ਪ੍ਰਿੰਜ਼ ਫੀਫਾ ਕੱਪ ਦਾ ਫਾਈਨਲ ਖੇਡਣ ਵਾਲੀ ਦੁਨੀਆ ਦੀ ਸਭ ਤੋਂ ਨੌਜਵਾਨ ਖਿਡਾਰਨ ਹੈ। 18 ਜੂਨ 1995 ਨੂੰ ਨਾਰਵੇ ਵਿਰੁੱਧ ਖ਼ਿਤਾਬੀ ਮੈਚ ਖੇਡਣ ਸਮੇਂ ਪ੍ਰਿੰਜ਼ ਦੀ ਉਮਰ 17 ਸਾਲ 236 ਦਿਨ ਸੀ। ਇਸ ਤੋਂ ਉਲਟ ਵਡੇਰੀ ਉਮਰ 'ਚ ਫੀਫਾ ਕੱਪ ਦਾ ਫਾਈਨਲ ਖੇਡਣ ਦਾ ਕ੍ਰਿਸ਼ਮਾ ਅਮਰੀਕੀ ਖਿਡਾਰਨ ਕ੍ਰਿਸਟੀ ਰੈਮਪੋਂਨ ਨੇ ਕੀਤਾ। 5 ਜੁਲਾਈ 2015 ਨੂੰ ਜਾਪਾਨ ਵਿਰੁੱਧ ਫੀਫਾ ਦਾ ਫਾਈਨਲ ਖੇਡਣ ਸਮੇਂ ਉਸ ਦੀ ਉਮਰ 40 ਸਾਲ 11 ਦਿਨ ਸੀ।

- ਮਹਿਲਾ ਫੀਫਾ ਕੱਪ ਦੇ ਇਤਿਹਾਸ 'ਚ ਫਾਈਨਲ ਵਿਚ ਸਭ ਤੋਂ ਜ਼ਿਆਦਾ 5 ਗੋਲ ਕਰਨ ਰਿਕਾਰਡ ਅਮਰੀਕੀ ਖਿਡਾਰਨਾਂ ਵੱਲੋਂ ਜਾਪਾਨੀ ਟੀਮ ਵਿਰੁੱਧ ਕੈਨੇਡਾ-2015 ਆਲਮੀ ਕੱਪ 'ਚ ਆਪਣੇ ਨਾਂ ਦਰਜ ਕੀਤਾ ਗਿਆ।

- ਮਹਿਲਾ ਵਿਸ਼ਵ ਫੁੱਟਬਾਲ ਕੱਪ ਦੇ ਇਤਿਹਾਸ ਵਿਚ ਇਕ ਟੂਰਨਾਮੈਂਟ 'ਚ ਬਰਾਬਰ 25 ਗੋਲ ਕਰਨ ਦਾ ਸਾਂਝਾ ਰਿਕਾਰਡ ਅਮਰੀਕਾ ਤੇ ਜਰਮਨੀ ਦੀਆਂ ਖਿਡਾਰਨਾਂ ਦੇ ਨਾਂ ਦਰਜ ਹੈ। ਅਮਰੀਕੀ ਟੀਮ ਨੇ ਚੀਨ-1991 ਤੇ ਜਰਮਨ ਟੀਮ ਨੇ ਅਮਰੀਕਾ-2003 ਦੇ ਆਲਮੀ ਫੁੱਟਬਾਲ ਟੂਰਨਾਮੈਂਟਾਂ 'ਚ ਇਹ ਇਤਿਹਾਸ ਸਿਰਜਿਆ।

- ਮਹਿਲਾ ਆਲਮੀ ਕੱਪ ਦੇ ਖੇਡੇ ਗਏ 7 ਆਡੀਸ਼ਨਾਂ 'ਚ ਸਭ ਤੋਂ ਵੱਧ 146 ਗੋਲ ਵੱਖ-ਵੱਖ ਟੀਮਾਂ ਵਲੋਂ ਕੈਨੇਡਾ-2015 ਦੇ ਮੁਕਾਬਲੇ 'ਚ ਕੀਤੇ ਗਏ। ਇਸ ਦੇ ਉਲਟ ਸਭ ਤੋਂ ਘੱਟ 86 ਗੋਲ ਜਰਮਨੀ-2011 ਫੀਫਾ ਕੱਪ 'ਚ ਹੋਏ।

- ਮਹਿਲਾ ਫੀਫਾ ਕੱਪ ਦੇ ਇਤਿਹਾਸ ਵਿਚ ਇਕ ਮੈਚ 'ਚ ਇਕ ਖਿਡਾਰਨ ਵੱਲੋਂ ਆਪਣੀ ਹੀ ਟੀਮ 'ਤੇ ਸਭ ਤੋਂ ਵੱਧ 2 ਆਤਮਘਾਤੀ ਜਾਂ ਸੈਲਫ ਗੋਲ ਕਰਨ ਦਾ ਖਿਲਵਾੜ ਇਕੁਆਡੋਰ ਦੀ ਐਂਜੀ ਪੌਂਕ ਵੱਲੋਂ ਕੈਨੇਡਾ-2015 ਦੇ ਆਲਮੀ ਕੱਪ 'ਚ ਸਵਿਟਜ਼ਰਲੈਂਡ ਨਾਲ ਖੇਡੇ ਗਏ

ਮੈਚ ਵਿਚ ਕੀਤਾ।

- ਮਹਿਲਾ ਵਿਸ਼ਵ ਫੁੱਟਬਾਲ ਕੱਪ ਦੇ ਹੁਣ ਤਕ ਖੇਡੇ ਗਏ 7 ਫਾਈਨਲ ਮੈਚਾਂ 'ਚੋਂ ਦੋਵਾਂ ਟੀਮਾਂ ਵੱਲੋਂ ਸਭ ਤੋਂ ਵੱਧ 7 ਗੋਲ ਕੈਨੇਡਾ-2015 ਦੇ ਆਲਮੀ ਕੱਪ 'ਚ ਖ਼ਿਤਾਬ ਜੇਤੂ ਅਮਰੀਕੀ ਟੀਮ ਵੱਲੋਂ 5 ਅਤੇ ਉਪ ਜੇਤੂ ਜਾਪਾਨ ਵੱਲੋਂ 2 ਗੋਲ ਸਕੋਰ ਕੀਤੇ ਗਏ।

- ਜਰਮਨੀ-2011 ਦੇ ਆਲਮੀ ਕੱਪ ਮੁਕਾਬਲੇ 'ਚ ਬ੍ਰਾਜ਼ੀਲ ਵਿਰੁੱਧ ਕਿੱਕਆਫ ਤੋਂ ਬਾਅਦ 122 ਮਿੰਟ 'ਚ 'ਲੇਟੈਸਟ ਗੋਲ' ਕਰਨ ਦਾ ਕਾਰਨਾਮਾ ਅਮਰੀਕਾ ਦੀ ਅਬੇ ਵੈਮਬਾਖ ਨੇ ਆਪਣੇ ਨਾਂ ਕੀਤਾ ਹੈ।

- ਕੈਨੇਡਾ-2015 'ਚ 7ਵੇਂ ਫੀਫਾ ਫੁੱਟਬਾਲ ਮੁਕਾਬਲੇ ਦੇ ਇਕ ਮੈਚ 'ਚ ਦੋਵਾਂ ਟੀਮਾਂ ਵੱਲੋਂ ਸਭ ਤੋਂ ਵੱਧ 11 ਗੋਲ ਸਕੋਰ ਕੀਤੇ ਗਏ। ਰਿਕਾਰਡ ਬੁੱਕ 'ਚ ਦਰਜ ਇਸ ਮੈਚ 'ਚ ਸਵਿਟਜ਼ਰਲੈਂਡ ਵੱਲੋਂ 10 ਤੇ ਵਿਰੋਧੀ ਇਕੁਆਡੋਰ ਵੱਲੋਂ ਇਕ ਗੋਲ ਸਕੋਰ ਕੀਤਾ ਗਿਆ।

- ਚੀਨ ਵਿਚ 2007 'ਚ ਖੇਡੇ ਗਏ ਪੰਜਵੇਂ ਆਲਮੀ ਕੱਪ 'ਚ ਜਰਮਨ ਟੀਮ ਵੱਲੋਂ ਅਰਜਨਟੀਨਾ 'ਤੇ ਰਿਕਾਰਡ 11-0 ਗੋਲਾਂ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਗਈ।

- ਕੈਨੇਡਾ-2015 ਦੇ ਫੀਫਾ ਟੂਰਨਾਮੈਂਟ 'ਚ ਸਵੀਡਨ ਤੇ ਨਾਈਜ਼ੀਰੀਆ ਦੀਆਂ ਖਿਡਾਰਨਾਂ ਦਰਮਿਆਨ ਸਭ ਤੋਂ ਵੱਧ 3-3 ਗੋਲਾਂ ਨਾਲ ਡਰਾਅ ਮੈਚ ਖੇਡਿਆ ਗਿਆ।

- ਮਹਿਲਾ ਫੁੱਟਬਾਲ ਕੱਪ ਦੇ ਇਤਿਹਾਸ 'ਚ ਸਭ ਟੀਮਾਂ ਤੋਂ ਵੱਧ 43 ਮੈਚ ਖੇਡਣ ਦਾ ਆਲਮੀ ਰਿਕਾਰਡ ਅਮਰੀਕਾ ਦੀਆਂ ਖਿਡਾਰਨਾਂ ਦੇ ਨਾਂ ਹੈ।

ਨਾਇਜੀਰੀਆ ਦੀ ਖਿਡਾਰਨ ਲਫੇਈ ਚੀਜਿਨੀ ਜਦੋਂ ਅਮਰੀਕਾ-1999 ਵਿਸ਼ਵ ਕੱਪ ਖੇਡਣ ਦੱਖਣੀ ਕੋਰੀਆ ਵਿਰੁੱਧ ਮੈਦਾਨ 'ਚ ਨਿੱਤਰੀ ਤਾਂ 16 ਸਾਲ 34 ਦਿਨ ਦੀ ਉਮਰ ਨਾਲ 'ਯੰਗੈਸਟ ਪਲੇਅਰ' ਨਾਮਜ਼ਦ ਕੀਤੀ ਗਈ ਇਸ ਦੇ ਉਲਟ ਕੈਨੇਡਾ-2015 ਦਾ ਆਲਮੀ ਕੱਪ ਖੇਡਣ ਵਾਲੀ ਕ੍ਰਿਸਟੀ ਰੈਮਪੋਨ ਜਦੋਂ ਜਾਪਾਨ ਵਿਰੁੱਧ ਖੇਡੀ ਤਾਂ ਸਭ ਉਮਰਦਰਾਜ ਆਂਕੀ ਗਈ। ਉਸ ਦੀ ਉਮਰ 40 ਸਾਲ 11 ਦਿਨ ਸੀ।

ਆਲਮੀ ਫੀਫਾ ਕੱਪ ਮੁਕਾਬਲੇ ਦੇ ਇਕ ਮੈਚ 'ਚ ਇਕੁਆਡੋਰ ਵਿਰੁੱਧ 11 ਗੋਲ ਸਕੋਰ ਕਰਨ ਦਾ ਰਿਕਾਰਡ ਸਵਿਟਜ਼ਰਲੈਂਡ ਦੇ ਨਾਂ ਦਰਜ ਹੈ। ਸਵਿਸ ਟੀਮ ਨੇ ਇਹ ਕਾਰਨਾਮਾ ਕੈਨੇਡਾ-2015 ਵਿਸ਼ਵ ਕੱਪ 'ਚ ਕੀਤਾ।

Posted By: Harjinder Sodhi