ਲੁਸਾਨੇ (ਪੀਟੀਆਈ) : ਭਾਰਤੀ ਫਾਰਵਰਡ ਲਾਲਰੇਮਸਿਆਮੀ ਨੂੰ 2019 ਦੀ ਐੱਫਆਈਐੱਚ ਦੀ ਸਰਬੋਤਮ ਉੱਭਰਦੀ ਹੋਈ ਮਹਿਲਾ ਖਿਡਾਰਨ ਚੁਣਿਆ ਗਿਆ ਹੈ। ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਭਾਰਤ ਦੀ 19 ਸਾਲ ਦੀ ਸਟ੍ਰਾਈਕਰ ਨੇ ਅਰਜਨਟੀਨਾ ਦੀ ਜੂਲੀਏਟਾ ਜਾਂਕੁਨਾਸ ਤੇ ਨੀਦਰਲੈਂਡ ਦੀ ਫਰੇਡਰਿਕ ਮਾਟਲਾ ਨੂੰ ਹਰਾਇਆ ਜੋ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ। ਮਿਜ਼ੋਰਮ ਦੀ ਇਸ ਖਿਡਾਰਨ ਨੂੰ 40 ਫ਼ੀਸਦੀ ਵੋਟ ਮਿਲੇ। ਉਨ੍ਹਾਂ ਨੂੰ ਰਾਸ਼ਟਰੀ ਸੰਘਾਂ ਤੋਂ 47.7 ਫ਼ੀਸਦੀ, ਮੀਡੀਆ ਤੋਂ 28.4 ਫ਼ੀਸਦੀ ਤੇ ਪ੍ਰਸ਼ੰਸਕਾਂ ਤੇ ਖਿਡਾਰੀਆਂ ਤੋਂ 36.4 ਫ਼ੀਸਦੀ ਵੋਟ ਮਿਲੇ। ਬੇਲਾਰੂਸ ਖ਼ਿਲਾਫ਼ 2017 ਵਿਚ ਸ਼ੁਰੂਆਤ ਕਰਨ ਤੋਂ ਬਾਅਦ ਲਾਲਰੇਮਸਿਆਮੀ ਭਾਰਤੀ ਟੀਮ ਦੀ ਅਹਿਮ ਮੈਂਬਰ ਹੈ। ਉਹ 2017 ਵਿਚ ਕੋਰੀਆ ਤੇ 2019 ਵਿਚ ਸਪੇਨ ਖ਼ਿਲਾਫ਼ ਸੀਰੀਜ਼ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੀ ਖਿਡਾਰਨ ਸੀ। ਹਿਰੋਸ਼ੀਮਾ ਵਿਚ ਐੱਫਆਈਐੱਚ ਸੀਰੀਜ਼ ਫਾਈਨਲਜ਼ ਵਿਚ ਭਾਰਤ ਨੇ ਓਲੰਪਿਕ ਕੁਆਲੀਫਾਇਰਜ਼ ਵਿਚ ਥਾਂ ਬਣਾਉਣ ਦੀ ਦੌੜ ਵਿਚ ਸ਼ਾਮਲ ਅੱਠ ਦੂਜੀਆਂ ਟੀਮਾਂ ਨੂੰ ਹਰਾਇਆ ਸੀ ਤੇ ਅਮਰੀਕਾ ਨੂੰ ਮਾਤ ਦੇ ਕੇ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ ਸੀ। ਟੂਰਨਾਮੈਂਟ ਦੌਰਾਨ ਲਾਲਰੇਮਸਿਆਮੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਪਰ ਇਸ ਦੁੱਖ ਦੇ ਬਾਵਜੂਦ ਉਨ੍ਹਾਂ ਨੇ ਖੇਡਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਬਾਅਦ ਵਿਚ ਕਿਹਾ ਸੀ ਕਿ ਮੈਂ ਚਾਹੁੰਦੀ ਸੀ ਕਿ ਮੇਰੇ ਪਿਤਾ ਨੂੰ ਮੇਰੇ 'ਤੇ ਮਾਣ ਹੋਵੇ। ਇਸ ਲਈ ਮੈਂ ਰੁਕਣ ਤੇ ਖੇਡਣ ਦਾ ਫ਼ੈਸਲਾ ਕੀਤਾ।

ਹਾਕੀ ਇੰਡੀਆ ਨੇ ਦਿੱਤੀ ਪੁਰਸਕਾਰ ਲਈ ਵਧਾਈ

ਹਾਕੀ ਇੰਡੀਆ ਨੇ ਲਾਲੇਮਸਿਆਮੀ ਨੂੰ ਇਸ ਪੁਰਸਕਾਰ ਲਈ ਵਧਾਈ ਦਿੱਤੀ ਹੈ। ਮਿਜ਼ੋਰਮ ਦੇ ਛੋਟੇ ਜਿਹੇ ਪਿੰਡ ਦੀ ਲਾਲਰੇਮਸਿਆਮੀ ਨੇ ਕਿਹਾ ਕਿ ਮੇਰੇ ਪਿੰਡ ਵਿਚ ਹਾਕੀ ਕਾਫੀ ਮਸ਼ਹੂਰ ਨਹੀਂ ਹੈ। ਇਸ ਨੂੰ ਬਹੁਤ ਘੱਟ ਲੋਕ ਖੇਡਦੇ ਹਨ ਪਰ ਮੇਰੀ ਹਮੇਸ਼ਾ ਹਾਕੀ ਵਿਚ ਦਿਲਚਸਪੀ ਸੀ। ਇਹੀ ਕਾਰਨ ਹੈ ਕਿ ਮੈਂ ਥੇਂਜਾਲ ਜਾਣ ਦਾ ਫ਼ੈਸਲਾ ਕੀਤਾ ਜੋ ਮੇਰੇ ਪਿੰਡ ਤੋਂ ਕਾਫੀ ਦੂਰ ਸੀ। ਮੈਨੂੰ ਸ਼ੁਰੂਆਤੀ ਸਾਲ ਹਾਸਟਲ ਵਿਚ ਬਿਤਾਉਣੇ ਪਏ।