ਵਿਸ਼ਵ ਹਾਕੀ ਦੀਆਂ ਸਿਖ਼ਰਲੀਆਂ 9 ਟੀਮਾਂ ਵਿਚਾਲੇ ਕਰੀਬ ਛੇ ਮਹੀਨੇ ਚੱਲਣ ਵਾਲੀ ਪ੍ਰੋ ਹਾਕੀ ਲੀਗ ਦੀ ਸ਼ੁਰੂਆਤ 18 ਜਨਵਰੀ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਖੇ ਹੋਈ। 18 ਤੇ 19 ਜਨਵਰੀ ਨੂੰ ਮੇਜ਼ਬਾਨ ਭਾਰਤ ਤੇ ਵਿਸ਼ਵ ਕੱਪ ਦੀ ਸੈਮੀ ਫਾਈਨਲਿਸਟ ਤੇ ਤੀਜੇ ਰੈਂਕ ਦੀ ਟੀਮ ਹਾਲੈਂਡ ਵਿਚਾਲੇ ਖੇਡੇ ਗਏ ਦੋ ਮੈਚਾਂ ਵਿਚ ਜਿੱਤ ਹਾਸਲ ਕਰ ਕੇ ਭਾਰਤ ਨੇ ਧਮਾਕੇਦਾਰ ਆਗਾਜ਼ ਕੀਤਾ। ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਖੇਡੀ ਜਾਣ ਵਾਲੀ ਪ੍ਰੋ ਹਾਕੀ ਲੀਗ ਦਾ ਬਿਹਤਰ ਪ੍ਰਦਰਸ਼ਨ ਭਾਰਤ ਲਈ ਬਹੁਤ ਲਾਹੇਵੰਦ ਹੋਵੇਗਾ। ਵਿਸ਼ਵ ਹਾਕੀ ਦੀ ਧਾਕੜ ਟੀਮ ਹਾਲੈਂਡ ਖ਼ਿਲਾਫ਼ ਭਾਰਤ ਦੀਆਂ ਲਗਾਤਾਰ ਦੋ ਜਿੱਤਾਂ ਹਾਕੀ ਹਲਕਿਆਂ ਵਿਚ ਵੱਡੀਆਂ ਉਲਟਫੇਰ ਮੰਨੀਆਂ ਗਈਆਂ।

ਪਹਿਲੇ ਮੈਚ ਵਿਚ ਭਾਰਤ ਨੇ ਡੱਚਾਂ ਨੂੰ 5-2 ਨਾਲ ਹਰਾਇਆ। ਹਾਲੈਂਡ ਖ਼ਿਲਾਫ਼ ਤਿੰਨ ਗੋਲਾਂ ਦੇ ਫ਼ਰਕ ਨਾਲ ਵੱਡੀ ਜਿੱਤ ਭਾਰਤ ਨੂੰ 36 ਸਾਲਾਂ ਦੇ ਵਕਫ਼ੇ ਉਪਰੰਤ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਤੋਂ ਬਾਅਦ ਨਸੀਬ ਹੋਈ ਹੈ। ਦੂਜੇ ਮੈਚ ਵਿਚ ਭਾਰਤ ਨੇ ਹਾਲੈਂਡ ਖ਼ਿਲਾਫ਼ 1-3 ਨਾਲ ਪੱਛੜਨ ਤੋਂ ਬਾਅਦ ਆਖ਼ਰੀ ਪਲਾਂ 'ਚ ਉੱਤੋੜੁੱਤੀ ਦੋ ਗੋਲ ਕਰ ਕੇ 3-3 ਨਾਲ ਬਰਾਬਰੀ ਕੀਤੀ। ਇਸ ਤੋਂ ਬਾਅਦ ਸ਼ੂਟ-ਆਊਟ ਵਿਚ ਭਾਰਤ ਨੇ 3-1 ਨਾਲ ਮੈਚ ਆਪਣੀ ਝੋਲੀ ਪਾ ਲਿਆ। ਹਾਕੀ ਪ੍ਰੇਮੀਆਂ ਨੂੰ ਇਹ ਸਦਾ ਗਿਲਾ ਰਿਹਾ ਹੈ ਕਿ ਭਾਰਤੀ ਟੀਮ ਅਕਸਰ ਵੱਡੀਆਂ ਟੀਮਾਂ ਖ਼ਿਲਾਫ਼ ਲੀਡ ਹਾਸਲ ਕਰਨ ਤੋਂ ਬਾਅਦ ਅੰਤਲੇ ਪਲਾਂ 'ਚ ਹਾਰ ਜਾਂਦੀ ਹੈ ਪ੍ਰੰਤੂ ਇਸ ਵਾਰ ਹਾਕੀ ਪ੍ਰੇਮੀਆਂ ਦੇ ਸੀਨੇ ਠੰਢ ਪਈ ਹੋਵੇਗੀ ਕਿ ਇਸ ਵਾਰ ਭਾਰਤੀ ਟੀਮ ਆਪਣੇ ਤੋਂ ਤਕੜੀ ਟੀਮ ਹਾਲੈਂਡ ਖ਼ਿਲਾਫ਼ ਪੱਛੜਨ ਤੋਂ ਬਾਅਦ ਜਿੱਤਣ 'ਚ ਸਫਲ ਰਹੀ। ਭਾਰਤ ਨੇ ਦੋ ਮੈਚਾਂ ਵਿਚ ਜਿੱਤ ਹਾਸਲ ਕਰ ਕੇ 5 ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਕਬਜ਼ਾ ਜਮਾ ਲਿਆ। ਹਾਲੈਂਡ ਨੂੰ ਸਿਰਫ਼ ਇਕ ਅੰਕ ਮਿਲਿਆ। ਭਾਰਤੀ ਟੀਮ ਨੂੰ ਪਹਿਲੇ ਮੈਚ 'ਚ ਨਿਰਧਾਰਤ ਸਮੇਂ ਵਿਚ ਮਿਲੀ ਜਿੱਤ ਕਾਰਨ ਸਿੱਧੇ 3 ਅੰਕ ਮਿਲੇ ਜਦਕਿ ਦੂਜੇ ਮੈਚ ਵਿਚ ਸ਼ੂਟ-ਆਊਟ ਰਾਹੀਂ ਜਿੱਤਣ ਕਰਕੇ ਭਾਰਤ ਨੂੰ 2 ਅੰਕ ਮਿਲੇ ਤੇ ਇਕ ਅੰਕ ਹਾਲੈਂਡ ਨੂੰ ਮਿਲਿਆ।

ਪੰਜਾਬੀ ਖਿਡਾਰੀ ਚਮਕੇ

18 ਮੈਂਬਰੀ ਭਾਰਤੀ ਹਾਕੀ ਟੀਮ ਵਿਚ ਕਪਤਾਨ ਮਨਪ੍ਰੀਤ ਸਿੰਘ ਕੋਰੀਅਨ ਸਣੇ ਪੰਜਾਬ ਦੇ ਅੱਠ ਖਿਡਾਰੀ ਹਨ। ਹਾਲੈਂਡ ਖ਼ਿਲਾਫ਼ ਲਗਾਤਾਰ ਦੋ ਜਿੱਤਾਂ ਵਿਚ ਵੀ ਪੰਜਾਬ ਦੇ ਖਿਡਾਰੀਆਂ ਦਾ ਅਹਿਮ ਯੋਗਦਾਨ ਰਿਹਾ। ਕਪਤਾਨ ਮਨਪ੍ਰੀਤ ਸਿੰਘ ਜਿੱਥੇ ਮਿਲਫੀਲਡ ਵਿਚ ਟੀਮ ਦਾ ਧੁਰਾ ਰਿਹਾ ਉੱਥੇ ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਦੀ ਪੰਜਾਬੀ ਤਿੱਕੜੀ ਨੇ ਭਾਰਤ ਦੀ ਫਾਰਵਰਡ ਪੰਕਤੀ ਦੀ ਅਗਵਾਈ ਕੀਤੀ। ਡਿਫੈਂਸ ਵਿਚ ਰੁਪਿੰਦਰਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਵਿਰੋਧੀਆਂ ਲਈ ਚੀਨ ਦੀ ਦੀਵਾਰ ਬਣ ਕੇ ਖੜ੍ਹ ਗਏ।

ਭਾਰਤ ਨੇ ਦੋ ਮੈਚਾਂ ਵਿਚ ਕੁੱਲ 8 ਗੋਲ ਕੀਤੇ, ਜਿਨ੍ਹਾਂ ਵਿੱਚੋਂ 6 ਗੋਲ ਪੰਜਾਬੀ ਖਿਡਾਰੀਆਂ ਦੇ ਹਿੱਸੇ ਆਏ। ਰੁਪਿੰਦਰਪਾਲ ਸਿੰਘ ਨੇ ਤਿੰਨ, ਮਨਦੀਪ ਸਿੰਘ ਨੇ ਦੋ ਤੇ ਗੁਰਜੰਟ ਸਿੰਘ ਨੇ ਇਕ ਗੋਲ ਕੀਤਾ। ਪੈਨਲਟੀ ਸ਼ੂਟ-ਆਊਟ ਵਿਚ ਵੀ ਭਾਰਤ ਵੱਲੋਂ ਕੀਤੇ ਤਿੰਨ ਗੋਲਾਂ 'ਚੋਂ ਦੋ ਗੋਲ ਪੰਜਾਬ ਦੇ ਗੁਰਜੰਟ ਸਿੰਘ ਤੇ ਅਕਾਸ਼ਦੀਪ ਸਿੰਘ ਨੇ ਕੀਤੇ। ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਰੁਪਿੰਦਰਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਚੋਟੀ ਦੇ ਡਰੈਗ ਫਲਿੱਕਰ ਹੋਣ ਕਰਕੇ ਪੈਨਲਟੀ ਕਾਰਨਰ ਮੌਕੇ ਵੀ ਭਾਰਤ ਦੀ ਤਾਕਤ ਵਧੀ ਹੈ। ਰੁਪਿੰਦਰਪਾਲ ਸਿੰਘ ਨੇ ਭਾਰਤ ਵੱਲੋਂ 202 ਕੌਮਾਂਤਰੀ ਮੈਚ ਖੇਡ ਕੇ ਕੁੱਲ 82 ਗੋਲ ਕੀਤੇ ਹਨ। 29 ਵਰ੍ਹਿਆ ਦਾ ਇਹ ਫਰੀਦਕੋਟ ਦਾ ਸਵਾ ਛੇ ਫੁੱਟ ਕੱਦ ਵਾਲਾ ਖਿਡਾਰੀ ਡਿਫੈਂਸ ਵਿਚ ਵੀ ਭਾਰਤ ਦੀ ਮੁੱਖ ਤਾਕਤ ਹੈ।

ਲੀਗ ਦਾ ਫਾਰਮੈਟ ਤੇ ਭਾਰਤੀ ਮੈਚ

ਪ੍ਰੋ ਹਾਕੀ ਲੀਗ ਪਿਛਲੇ ਸਾਲ 2019 ਵਿਚ ਸ਼ੁਰੂ ਹੋਈ ਸੀ, ਜਿਸ ਵਿਚ 9 ਟੀਮਾਂ ਹਿੱਸਾ ਲੈਂਦੀਆਂ ਹਨ। ਪਿਛਲੇ ਐਡੀਸ਼ਨ ਵਿਚ ਭਾਰਤੀ ਟੀਮ ਹਿੱਸਾ ਨਹੀਂ ਲੈ ਸਕੀ। ਇਸ ਵਾਰ ਪ੍ਰੋ ਹਾਕੀ ਲੀਗ ਦਾ ਦੂਜਾ ਐਡੀਸ਼ਨ 18 ਜਨਵਰੀ ਤੋਂ 28 ਜੂਨ 2020 ਤਕ ਖੇਡਿਆ ਜਾਣਾ ਹੈ, ਜਿਸ ਵਿਚ ਵਿਸ਼ਵ ਹਾਕੀ ਦੀਆਂ 9 ਚੋਟੀ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿਚ ਆਸਟ੍ਰੇਲੀਆ, ਬੈਲਜੀਅਮ, ਹਾਲੈਂਡ, ਅਰਜਨਟੀਨਾ, ਭਾਰਤ, ਜਰਮਨੀ, ਬਰਤਾਨੀਆ, ਸਪੇਨ ਤੇ ਨਿਊਜ਼ੀਲੈਂਡ ਸ਼ਾਮਲ ਹਨ। ਹਰ ਟੀਮ ਦੂਜੀ ਟੀਮ ਨਾਲ ਰਾਊਂਡ ਰੌਬਿਨ ਲੀਗ ਦੇ ਆਧਾਰ 'ਤੇ ਦੋ-ਦੋ ਮੈਚ ਖੇਡੇਗੀ। ਇਸ ਤਰ੍ਹਾਂ ਹਰ ਟੀਮ ਕੁੱਲ 16 ਮੈਚ ਖੇਡੇਗੀ। ਹਰ ਮੈਚ ਦਾ ਫ਼ੈਸਲਾ ਜ਼ਰੂਰ ਕੱਢਿਆ ਜਾਵੇਗਾ। ਤੈਅ ਸਮੇਂ ਵਿਚ ਜਿੱਤਣ ਵਾਲੀ ਟੀਮ ਨੂੰ 3 ਅੰਕ ਮਿਲਣਗੇ ਜਦਕਿ ਸ਼ੂਟਆਊਟ ਵਿਚ ਫ਼ੈਸਲਾ ਹੋਣ 'ਤੇ ਜੇਤੂ ਟੀਮ ਨੂੰ 2 ਅਤੇ ਹਾਰਨ ਵਾਲੀ ਟੀਮ ਨੂੰ 1 ਅੰਕ ਮਿਲੇਗਾ। ਟੋਕੀਓ ਓਲੰਪਿਕ ਤੋਂ ਪਹਿਲਾਂ ਹਰ ਟੀਮ ਨੂੰ ਇਸ ਲੀਗ ਜ਼ਰੀਏ ਆਪਣੀ ਤਿਆਰੀ ਦੀ ਪਰਖ ਕਰਨ ਦਾ ਵਧੀਆ ਮੌਕਾ ਮਿਲੇਗਾ। ਭਾਰਤੀ ਟੀਮ ਚਾਰ ਟੀਮਾਂ ਖ਼ਿਲਾਫ਼ ਆਪਣੇ ਘਰੇਲੂ ਮੈਦਾਨ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ ਖੇਡੇਗੀ ਜਦਕਿ ਚਾਰ ਟੀਮਾਂ ਵਿਰੁੱਧ ਸਬੰਧਤ ਦੇਸ਼ ਜਾ ਕੇ ਖੇਡੇਗੀ।

ਹਾਲੈਂਡ ਖ਼ਿਲਾਫ਼ ਦੋ ਮੈਚ ਖੇਡਣ ਤੋਂ ਬਾਅਦ ਹੁਣ ਭਾਰਤੀ ਟੀਮ 8 ਤੇ 9 ਫਰਵਰੀ ਨੂੰ ਬੈਲਜੀਅਮ, 21 ਤੇ 22 ਫਰਵਰੀ ਨੂੰ ਆਸਟ੍ਰੇਲੀਆ ਅਤੇ 23-24 ਮਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਭੁਵਨੇਸ਼ਵਰ ਵਿਖੇ ਮੈਚ ਖੇਡੇਗੀ। ਇਸ ਤੋਂ ਇਲਾਵਾ 25-26 ਫਰਵਰੀ ਨੂੰ ਜਰਮਨੀ, 2 ਤੇ 3 ਮਈ ਨੂੰ ਬਰਤਾਨੀਆ, 5 ਤੇ 6 ਜੂਨ ਨੂੰ ਅਰਜਨਟੀਨਾ ਅਤੇ 13-14 ਜੂਨ ਨੂੰ ਸਪੇਨ ਖ਼ਿਲਾਫ਼ ਸਬੰਧਤ ਟੀਮ ਦੇ ਮੁਲਕ ਜਾ ਕੇ ਮੈਚ ਖੇਡੇਗੀ।

ਖੇਡ ਦੇ ਹਰ ਪਹਿਲੂ 'ਚ ਮੋਹਰੀ ਰਿਹਾ ਭਾਰਤ

ਹਾਲੈਂਡ ਖ਼ਿਲਾਫ਼ ਭਾਰਤੀ ਟੀਮ ਆਸਟ੍ਰੇਲੀਅਨ ਕੋਚ ਗ੍ਰਾਹਮ ਰੀਡ ਦੀ ਅਗਵਾਈ ਹੇਠ ਮੈਦਾਨ 'ਚ ਉਤਰੀ। ਭਾਰਤੀ ਟੀਮ ਨੇ ਖੇਡ ਦੇ ਹਰ ਪਹਿਲੂ ਵਿਚ ਮੋਹਰੀ ਰੋਲ ਨਿਭਾਇਆ। ਪਹਿਲੇ ਮੈਚ ਵਿਚ ਭਾਰਤ ਵੱਲੋਂ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੇ 12ਵੇਂ ਤੇ 46ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਗੁਰਜੰਟ ਸਿੰਘ ਨੇ ਪਹਿਲੇ ਮੈਚ 'ਚ ਫੀਲਡ ਗੋਲ ਕਰ ਕੇ ਸ਼ੁਰੂਆਤੀ ਪਲਾਂ ਵਿਚ ਡੱਚਾਂ ਨੂੰ ਝਟਕਾ ਦਿੱਤਾ। ਮਨਦੀਪ ਸਿੰਘ ਨੇ 34ਵੇਂ ਤੇ ਲਲਿਤ ਉਪਾਧਿਆ ਨੇ 36ਵੇਂ ਮਿੰਟ ਵਿਚ ਫੀਲਡ ਗੋਲ ਕੀਤੇ। ਭਾਰਤੀ ਟੀਮ ਨੇ ਜਿੱਥੇ ਹਮਲਾਵਰ ਖੇਡ ਵਿਖਾਉਂਦਿਆਂ ਵਿਰੋਧੀਆਂ ਨੂੰ ਭਾਜੜਾਂ ਪਾਈਆਂ ਉੱਥੇ ਭਾਰਤ ਦਾ ਡਿਫੈਂਸ ਵੀ ਬਹੁਤ ਮਜ਼ਬੂਤ ਰਿਹਾ। ਵੀਡਿਓ ਰੈਫਰਲ ਵੀ ਬਹੁਤ ਸਟੀਕ ਰਹੇ। ਦੂਜੇ ਮੈਚ 'ਚ ਹਾਲੈਂਡ ਨੇ ਅੱਧੇ ਸਮੇਂ ਤਕ 3-1 ਦੀ ਲੀਡ ਲੈ ਲਈ ਸੀ। ਇਸ ਤੋਂ ਬਾਅਦ ਆਖ਼ਰੀ ਕੁਆਰਟਰ ਦੇ ਆਖ਼ਰੀ 10 ਮਿੰਟਾਂ ਵਿਚ ਭਾਰਤ ਨੇ ਮਨਦੀਪ ਸਿੰਘ (51ਵਾਂ ਮਿੰਟ) ਤੇ ਰੁਪਿੰਦਰਪਾਲ ਸਿੰਘ (55ਵਾਂ ਮਿੰਟ) ਦੇ ਗੋਲਾਂ ਬਦੌਲਤ ਜਿੱਤ ਹਾਸਲ ਕਰ ਕੇ ਹਾਲੈਂਡ ਦੇ ਜਿੱਤ ਦੇ ਸੁਪਨੇ ਚਕਨਾਚੂਰ ਕੀਤੇ। ਸ਼ੂਟ-ਆਊਟ ਵਿਚ ਗੋਲਚੀ ਸ੍ਰੀਜੇਸ਼ ਨੇ ਆਪਣੇ ਤਜਰਬੇ ਸਦਕਾ ਸਿਰਫ਼ ਇਕ ਗੋਲ ਹੀ ਕਰਵਾਇਆ ਜਦਕਿ ਭਾਰਤ ਨੇ ਵਿਵੇਕ, ਗੁਰਜੰਟ ਤੇ ਅਕਾਸ਼ਦੀਪ ਦੇ ਗੋਲਾਂ ਸਦਕਾ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।

ਨਵਦੀਪ ਸਿੰਘ ਗਿੱਲ

97800-36216

Posted By: Harjinder Sodhi