ਤਾਸ਼ਕੰਦ (ਪੀਟੀਆਈ) : ਭਾਰਤ ਦੀ ਝਿਲੀ ਡਾਲਾਬੇਹੜਾ ਨੇ ਐਤਵਾਰ ਨੂੰ ਇੱਥੇ ਏਸ਼ਿਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 45 ਕਿਲੋਗ੍ਰਾਮ ਮੁਕਾਬਲੇ ਵਿਚ ਗੋਲਡ ਮੈਡਲ ਆਪਣੀ ਝੋਲੀ ਵਿਚ ਪਾਇਆ, ਜਿਸ ਵਿਚ ਸਿਰਫ਼ ਦੋ ਹੀ ਵੇਟਲਿਫਟਰਾਂ ਨੇ ਹਿੱਸਾ ਲਿਆ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਜੇਤੂ ਝਿਲੀ ਨੇ ਸਨੈਚ ਵਿਚ 69 ਕਿਲੋਗ੍ਰਾਮ ਤੇ ਇਸ ਤੋਂ ਬਾਅਦ ਕਲੀਨ ਅਤੇ ਜਰਕ ਵਿਚ 88 ਕਿਲੋਗ੍ਰਾਮ ਦਾ ਭਾਰ ਚੁੱਕਿਆ। ਇਸ ਚੈਂਪੀਅਨਸ਼ਿਪ ਨੂੰ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

ਹਾਲਾਂਕਿ 45 ਕਿਲੋਗ੍ਰਾਮ ਓਲੰਪਿਕ ਭਾਰ ਵਗਰ ਨਹੀਂ ਹੈ। ਇਸ ਮੁਕਾਬਲੇ ਦਾ ਸਿਲਵਰ ਮੈਡਲ ਫਿਲੀਪੀਨਜ਼ ਦੀ ਮੈਰੀ ਫਲੋਰ ਡਾਇਜ਼ ਨੇ 135 ਕਿਲੋਗ੍ਰਾਮ (60 ਕਿਲੋਗ੍ਰਾਮ ਤੇ 75 ਕਿਲੋਗ੍ਰਾਮ) ਦਾ ਭਾਰ ਚੁੱਕ ਕੇ ਹਾਸਲ ਕੀਤਾ। ਇਸ ਜਿੱਤ ਨਾਲ ਝਿਲੀ ਨੇ ਪਿਛਲੇ ਗੇੜ ਵਿਚ ਆਪਣੇ ਸਿਲਵਰ ਮੈਡਲ ਦੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ।

ਹਾਲਾਂਕਿ 2019 ਗੇੜ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਜਿਸ ਵਿਚ ਉਨ੍ਹਾਂ ਨੇ 162 ਕਿਲੋਗ੍ਰਾਮ (71 ਕਿਲੋਗ੍ਰਾਮ ਤੇ 91 ਕਿਲੋਗ੍ਰਾਮ) ਦਾ ਭਾਰ ਚੁੱਕਿਆ ਸੀ। ਉਨ੍ਹਾਂ ਦਾ ਗੋਲਡ ਇਸ ਤਰ੍ਹਾਂ ਟੂਰਨਾਮੈਂਟ ਵਿਚ ਭਾਰਤ ਦਾ ਦੂਜਾ ਗੋਲਡ ਸੀ। ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਸ਼ਨਿਚਰਵਾਰ ਨੂੰ ਕਲੀਨ ਐਂਡ ਜਰਕ ਵਿਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਕਾਂਸੇ ਦਾ ਮੈਡਲ ਜਿੱਤਿਆ ਸੀ।