ਬਿਊਨਸ ਆਇਰਸ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਫ਼ਸਵੇਂ ਮੁਕਾਬਲੇ ਵਿਚ ਬੁੱਧਵਾਰ ਨੂੰ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਹੱਥੋਂ 2-3 ਨਾਲ ਹਾਰ ਗਈ। ਅਰਜਨਟੀਨਾ ਨੇ ਮਿਸ਼ੇਲਾ ਰੇਟੇਗੀ ਦੇ ਗੋਲ ਦੇ ਦਮ 'ਤੇ 25ਵੇਂ ਮਿੰਟ ਵਿਚ ਬੜ੍ਹਤ ਬਣਾ ਲਈ ਸੀ।

ਇਸ ਤੋਂ ਬਾਅਦ ਭਾਰਤ ਲਈ ਸ਼ਰਮੀਲਾ ਨੇ 34ਵੇਂ ਤੇ ਗੁਰਜੀਤ ਕੌਰ ਨੇ 40ਵੇਂ ਮਿੰਟ ਵਿਚ ਗੋਲ ਕੀਤੇ। ਅਰਜਨਟੀਨਾ ਨੇ ਹਾਲਾਂਕਿ ਆਖ਼ਰੀ ਕੁਆਰਟਰ ਵਿਚ ਵਾਪਸੀ ਕੀਤੀ ਤੇ ਆਗਸਟੀਨਾ ਗੋਰਜੇਲਾਨੀ ਨੇ 50ਵੇਂ ਤੇ ਗ੍ਰਾਨਾਟੋ ਮਾਰੀਆ ਨੇ 57ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ।

ਅਰਜਨਟੀਨਾ ਨੇ ਸ਼ੁਰੂਆਤੀ ਗੋਲ ਜਲਦੀ ਕਰ ਦਿੱਤਾ ਸੀ। ਉਸ ਨੂੰ ਛੇਵੇਂ, 21ਵੇਂ ਤੇ 23ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲੇ ਜਿਨ੍ਹਾਂ ਨੂੰ ਭਾਰਤੀ ਗੋਲਕੀਪਰ ਸਵਿਤਾ ਤੇ ਡਿਫੈਂਡਰਾਂ ਨੇ ਬਚਾਇਆ। ਮੇਜ਼ਬਾਨ ਨੇ ਹਾਲਾਂਕਿ 25ਵੇਂ ਮਿੰਟ ਵਿਚ ਪੈਨਲਟੀ ਨੂੰ ਬਦਲ ਕੇ ਬੜ੍ਹਤ ਬਣਾਈ ਸੀ। ਅੱਧੇ ਸਮੇਂ ਤੋਂ ਬਾਅਦ ਭਾਰਤ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਤੇ ਕਾਫੀ ਅਨੁਸ਼ਾਸਨ ਵਾਲਾ ਪ੍ਰਦਰਸ਼ਨ ਕੀਤਾ। ਉਥੇ ਅਰਜਨਟੀਨਾ ਲਈ ਹਮਲਾ ਕਰਨਾ ਔਖਾ ਹੋ ਗਿਆ ਸੀ। ਭਾਰਤ ਦਾ ਪਹਿਲਾ ਗੋਲ ਨਵਜੋਤ ਕੌਰ ਦੇ ਪਾਸ 'ਤੇ ਸ਼ਰਮੀਲਾ ਨੇ ਕੀਤਾ।

ਅਰਜਨਟੀਨਾ ਨੂੰ ਜਵਾਬੀ ਹਮਲੇ ਵਿਚ ਮਿਲਿਆ ਪੈਨਲਟੀ ਕਾਰਨਰ ਬੇਕਾਰ ਗਿਆ। ਭਾਰਤ ਲਈ ਦੂਜਾ ਗੋਲ 40ਵੇਂ ਮਿੰਟ ਵਿਚ ਡਰੈਗ ਫਲਿੱਕਰ ਗੁਰਜੀਤ ਨੇ ਕੀਤਾ। ਇਸ ਤੋਂ ਤੁਰੰਤ ਬਾਅਦ ਦੋਵੇਂ ਟੀਮਾਂ ਨੂੰ ਇਕ ਇਕ ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਹੀਂ ਹੋ ਸਕਿਆ। ਅਰਜਨਟੀਨਾ ਨੂੰ 50ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਮਿਲਿਆ ਜਿਸ ਨੂੰ ਗੋਲ ਵਿਚ ਬਦਲ ਕੇ ਮੇਜ਼ਬਾਨ ਨੇ ਮੈਚ ਨੂੰ ਬਦਲ ਦਿੱਤਾ।