style="text-align: justify;"> ਆਕਲੈਂਡ (ਪੀਟੀਆਈ) : ਕਪਤਾਨ ਰਾਣੀ ਰਾਮਪਾਲ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ 'ਤੇ 4-0 ਦੀ ਜਿੱਤ ਨਾਲ ਓਲੰਪਿਕ ਸਾਲ ਦਾ ਪਹਿਲਾ ਦੌਰਾ ਸ਼ੁਰੂ ਕੀਤਾ। ਰਾਣੀ ਦੇ ਦੋ ਗੋਲਾਂ ਤੋਂ ਇਲਾਵਾ ਸ਼ਰਮੀਲਾ ਤੇ ਨਮਿਤਾ ਟੋਪੋ ਨੇ ਗੋਲ ਕੀਤੇ। ਭਾਰਤੀ ਟੀਮ ਵੀਰਵਾਰ ਨੂੰ ਇੱਥੇ ਪੁੱਜੀ ਤੇ ਇਹ ਮੇਜ਼ਬਾਨਾਂ ਨਾਲ ਚਾਰ ਮੁਕਾਬਲਿਆਂ ਵਿਚ ਆਹਮੋ ਸਾਹਮਣੇ ਹੋਵੇਗੀ। ਇਸ ਤੋਂ ਇਲਾਵਾ ਭਾਰਤੀ ਟੀਮ ਇਕ ਮੈਚ ਵਿਚ ਬਰਤਾਨੀਆ ਨਾਲ ਭਿੜੇਗੀ।

ਭਾਰਤੀ ਟੀਮ ਨੇ 1-0 ਦੀ ਬੜ੍ਹਤ ਬਣਾਉਣ ਤੋਂ ਬਾਅਦ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਨ੍ਹਾਂ ਨੂੰ ਗੋਲ ਵਿਚ ਨਹੀਂ ਬਦਲ ਸਕੀ। ਨੌਜਵਾਨ ਸ਼ਰਮੀਲਾ ਨੇ ਮੁੜ ਤੀਜੇ ਕੁਆਰਟਰ ਵਿਚ ਬੜ੍ਹਤ ਦੁੱਗਣੀ ਕਰ ਦਿੱਤੀ ਤੇ ਫਿਰ ਰਾਣੀ ਨੇ ਚੌਥੇ ਕੁਆਰਟਰ ਵਿਚ ਆਪਣਾ ਦੂਜਾ ਗੋਲ ਕਰ ਕੇ ਸਕੋਰ 3-0 ਕਰ ਦਿੱਤਾ। ਨਮਿਤਾ ਟੋਪੋ ਨੇ ਭਾਰਤੀ ਟੀਮ ਲਈ ਚੌਥਾ ਗੋਲ ਕੀਤਾ।