ਪੈਰਿਸ (ਪੀਟੀਆਈ) : ਭਾਰਤੀ ਰਿਕਰਵ ਮਹਿਲਾ ਤੀਰਅੰਦਾਜ਼ਾਂ ਨੇ ਕੁਆਲੀਫਿਕੇਸ਼ਨ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਵੀਰਵਾਰ ਨੂੰ ਵਾਪਸੀ ਕਰਦੇ ਹੋਏ ਇੱਥੇ ਚੱਲ ਰਹੇ ਵਿਸ਼ਵ ਕੱਪ ਦੇ ਤੀਜੇ ਗੇੜ ਦੇ ਫਾਈਨਲ ਵਿਚ ਪ੍ਰਵੇਸ਼ ਕਰ ਕੇ ਆਪਣਾ ਪਹਿਲਾ ਮੈਡਲ ਪੱਕਾ ਕੀਤਾ। ਕੁਆਲੀਫਿਕੇਸ਼ਨ ਗੇੜ ਵਿਚ ਸਾਰੀਆਂ ਮਹਿਲਾ ਤੀਰਅੰਦਾਜ਼ ਸਿਖਰਲੇ 10 ਖਿਡਾਰੀਆਂ 'ਚੋਂ ਬਾਹਰ ਰਹੀਆਂ ਸਨ ਜਿਸ ਨਾਲ ਉਨ੍ਹਾਂ ਨੂੰ 13ਵਾਂ ਦਰਜਾ ਮਿਲਿਆ ਸੀ ਪਰ ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਸਿਮਰਨਜੀਤ ਕੌਰ ਦੀ ਤਿਕੜੀ ਨੇ ਫਾਈਨਲ ਵਿਚ ਪੁੱਜਣ ਦੇ ਸਫ਼ਰ ਵਿਚ ਯੂਕਰੇਨ, ਬਿ੍ਟੇਨ ਤੇ ਤੁਰਕੀ ਨੂੰ ਹਰਾਇਆ।

ਹੁਣ ਐਤਵਾਰ ਨੂੰ ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਚੀਨ ਨਾਲ ਹੋਵੇਗਾ। ਭਾਰਤੀ ਮਹਿਲਾ ਰਿਕਰਵ ਤਿਕੜੀ ਨੇ ਸਭ ਤੋਂ ਪਹਿਲਾਂ ਚੌਥਾ ਦਰਜਾ ਯੂਕਰੇਨ ਨੂੰ 5-1 (57-53, 57-54, 55-55) ਨਾਲ ਹਰਾ ਕੇ ਬਾਹਰ ਕੀਤਾ। ਫਿਰ ਕੁਆਰਟਰ ਫਾਈਨਲ ਵਿਚ ਬਿ੍ਟੇਨ ਖ਼ਿਲਾਫ਼ ਉਨ੍ਹਾਂ ਨੇ ਸਿਰਫ਼ ਚਾਰ ਅੰਕ ਗੁਆਏ ਤੇ ਆਪਣੇ ਵਿਰੋਧੀਆਂ ਨੂੰ 6-0 (59-51, 59-51, 58-50) ਨਾਲ ਮਾਤ ਦਿੱਤੀ। ਸੈਮੀਫਾਈਨਲ ਵਿਚ ਹਾਲਾਂਕਿ ਉਨ੍ਹਾਂ ਦੀ ਸ਼ੁਰੂਆਤ ਹੌਲੀ ਰਹੀ ਪਰ ਭਾਰਤ ਨੇ ਅੱਠਵਾਂ ਦਰਜਾ ਤੁਰਕੀ ਦੀ ਗੁਲਨਾਜ ਕੋਸਕੁਨ, ਏਜਗੀ ਬਸਾਰਣ ਤੇ ਯਾਸਮਿਨ ਅਨਾਗੋਜ ਦੀ ਤਿਕੜੀ ਨੂੰ 5-3 (56-51, 57-56, 54-55, 55-55) ਨਾਲ ਹਰਾ ਦਿੱਤਾ।

Posted By: Gurinder Singh