ਟੋਕੀਓ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਪਹਿਲਾਂ ਹੀ ਇਤਿਹਾਸ ਰਚ ਚੁੱਕੀ ਹੈ ਤੇ ਹੁਣ ਉਸ ਦਾ ਟੀਚਾ ਟੋਕੀਓ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਵਿਚ ਅਰਜਨਟੀਨਾ ਨੂੰ ਹਰਾ ਕੇ ਆਪਣੀਆਂ ਉਪਲੱਬਧੀਆਂ ਨੂੰ ਸਿਖ਼ਰ 'ਤੇ ਪਹੁੰਚਾਉਣਾ ਹੋਵੇਗਾ। ਆਤਮ ਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਵਿਚ ਭਾਰਤ ਨੂੰ ਮਿਲੇ ਇੱਕੋ ਇਕ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਜੋ ਆਖ਼ਰ ਵਿਚ ਫ਼ੈਸਲਾਕੁਨ ਸਾਬਤ ਹੋਇਆ। ਇਸ ਮੈਚ ਤੋਂ ਪਹਿਲਾਂ ਸਾਰੇ ਸਾਰੇ ਹਾਲਾਤ ਰਾਣੀ ਰਾਮਪਾਲ ਦੀ ਅਗਵਾਈ ਤੇ ਸ਼ੋਰਡ ਮਾਰਿਨ ਦੀ ਕੋਚਿੰਗ ਵਾਲੀ ਟੀਮ ਖ਼ਿਲਾਫ਼ ਸਨ। ਗੁਰਜੀਤ ਕੌਰ ਤੋਂ ਮੁੜ ਗੋਲ ਦੀ ਉਮੀਦ ਰਹੇਗੀ। ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ਵਿਚ ਇਸ ਤੋਂ ਪਹਿਲਾਂ ਸਰਬੋਤਮ ਪ੍ਰਦਰਸ਼ਨ ਮਾਸਕੋ ਓਲੰਪਿਕ 1980 ਵਿਚ ਰਿਹਾ ਸੀ ਜਦ ਉਹ ਛੇ ਟੀਮਾਂ ਵਿਚ ਚੌਥੇ ਸਥਾਨ 'ਤੇ ਰਹੀ ਸੀ। ਮਹਿਲਾ ਹਾਕੀ ਨੇ ਤਦ ਓਲੰਪਿਕ ਵਿਚ ਸ਼ੁਰੂਆਤ ਕੀਤੀ ਸੀ ਤੇ ਮੈਚ ਰਾਊਂਡ ਰਾਬਿਨ ਆਧਾਰ 'ਤੇ ਖੇਡੇ ਗਏ ਸਨ ਜਿਸ ਵਿਚ ਸਿਖਰ 'ਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ਵਿਚ ਪੁੱਜੀਆਂ ਸਨ। ਬੁੱਧਵਾਰ ਨੂੰ ਭਾਰਤੀ ਮਹਿਲਾਵਾਂ ਉਸ ਉਪਲੱਬਧੀ ਤੋਂ ਅੱਗੇ ਨਿਕਲ ਕੇ ਪਹਿਲੀ ਵਾਰ ਓਲੰਪਿਕ ਫਾਈਨਲ ਵਿਚ ਪੁੱਜਣ ਦੀ ਕੋਸ਼ਿਸ਼ ਕਰਨਗੀਆਂ। ਭਾਰਤੀ ਮਰਦ ਟੀਮ ਸੈਮੀਫਾਈਨਲ ਤੋਂ ਅੱਗੇ ਵਧਣ ਵਿਚ ਨਾਕਾਮ ਰਹੀ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਮਹਿਲਾਵਾਂ 'ਤੇ ਟਿਕੀਆਂ ਹਨ। ਮਰਦ ਟੀਮ ਆਖ਼ਰੀ-ਚਾਰ ਦੇ ਮੁਕਾਬਲੇ ਵਿਚ ਬੈਲਜੀਅਮ ਹੱਥੋਂ 2-5 ਨਾਲ ਹਾਰ ਗਈ।

ਵਿਰੋਧੀ ਟੀਮ ਅਰਜਨਟੀਨਾ ਹੈ ਬਹੁਤ ਮਜ਼ਬੂਤ

ਅਰਜਨਟੀਨਾ ਦੀ ਮਹਿਲਾ ਟੀਮ ਨੇ ਸਿਡਨੀ 2000 ਤੇ ਲੰਡਨ 2012 ਵਿਚ ਮੈਡਲ ਜਿੱਤਿਆ ਸੀ ਪਰ ਅਜੇ ਤਕ ਗੋਲ ਮੈਡਲ ਹਾਸਲ ਨਹੀਂ ਕਰ ਸਕੀ ਹੈ। ਉਹ 2012 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ਵਿਚ ਪੁੱਜੀ ਹੈ। ਉਸ ਨੇ ਕੁਆਰਟਰ ਫਾਈਨਲ ਵਿਚ 2016 ਦੇ ਓਲੰਪਿਕ ਕਾਂਸੇ ਦੇ ਮੈਡਲ ਜੇਤੂ ਜਰਮਨੀ ਨੂੰ 3-0 ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਹਾਲਾਂਕਿ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਲਗਾਤਾਰ ਤਿੰਨ ਜਿੱਤਾਂ ਦਰਜ ਕੀਤੀਆਂ ਹਨ ਤੇ ਉਹ ਆਤਮ ਵਿਸ਼ਵਾਸ ਨਾਲ ਭਰੀ ਹੈ।

Posted By: Jatinder Singh