ਹੀਰੋਸ਼ਿਮਾ (ਏਜੰਸੀ) : ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਜਾਪਾਨ ਨੂੰ 3-1 ਨਾਲ ਹਰਾ ਕੇ ਐੱਫਆਈਐੱਚ ਮਹਿਲਾ ਸੀਰੀਜ਼ ਫਾਈਨਲ ਖਿਤਾਬ ਜਿੱਤ ਲਿਆ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ 4-2 ਨਾਲ ਹਾਰਨ ਦੇ ਨਾਲ ਹੀ ਵਿਸ਼ਵ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਨੇ ਓਲੰਪਿਕ ਕੁਆਲੀਫਾਈਰ ਲਈ ਆਪਣਾ ਸਥਾਨ ਪੱਕਾ ਕਰ ਲਿਆ ਸੀ। ਇਸ ਮੈਚ ਵਿਚ ਭਾਰਤ ਨੂੰ ਖੇਡ ਦੇ ਤੀਜੇ ਮਿੰਟ ਵਿਚ ਹਾਸਿਲ ਪੈਨਲਟੀ ਕਾਰਨਰ ਮਿਲਿਆ, ਜਿਸ 'ਤੇ ਉਸ ਨੇ ਗੋਲ ਕਰਦੇ ਹੋਏ 1-0 ਦੀ ਬੜ੍ਹਤ ਹਾਸਲ ਕੀਤੀ। ਭਾਰਤ ਲਈ ਇਹ ਗੋਲ ਕਪਤਾਨ ਰਾਣੀ ਰਾਮਪਾਲ ਨੇ ਕੀਤਾ। ਇਸ ਤੋਂ ਬਾਅਦ ਜਾਪਾਨ ਨੇ 11ਵੇਂ ਮਿੰਟ ਵਿਚ ਮੈਦਾਨੀ ਗੋਲ ਰਾਹੀਂ 1-1 ਦੀ ਬਰਾਬਰੀ ਹਾਸਲ ਕੀਤੀ। ਜਾਪਾਨ ਲਈ ਇਹ ਗੋਲ ਕੇਨਾਨ ਨੇ ਕੀਤਾ। ਦੂਜੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋਇਆ ਪਰ ਤੀਜੇ ਕੁਆਰਟਰ ਦੇ ਆਖਰੀ ਮਿੰਟ ਵਿਚ ਭਾਰਤ ਲਈ ਗੁਰਜੀਤ ਕੌਰ ਨੇ ਇਕ ਸ਼ਾਨਦਾਰ ਡਰੱਗ ਫਲਿੱਕ ਨਾਲ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਭਾਰਤ ਨੇ 2-1 ਦੀ ਬੜ੍ਹਤ ਦੇ ਨਾਲ ਆਖਰੀ ਕੁਆਰਟਰ ਵਿਚ ਪ੍ਰਵੇਸ਼ ਕੀਤਾ। ਇਸ ਕੁਆਰਟਰ ਵਿਚ ਹਾਲਾਂਕਿ ਜਾਪਾਨ ਨੂੰ ਬਰਾਬਰੀ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਲੈ ਸਕੀ। ਭਾਰਤ ਨੇ ਹਾਲਾਂਕਿ 60ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰਦੇ ਹੋਏ 3-1 ਦੇ ਫ਼ਰਕ ਨਾਲ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਰਾਣੀ ਟੂਰਨਾਮੈਂਟ ਦੀ ਸਰਵਸ਼੍ਰੇਸ਼ਠ ਖਿਡਾਰੀ ਰਹੀ, ਜਦਕਿ ਗੁਰਜੀਤ ਨੇ ਸਭ ਤੋਂ ਜ਼ਿਆਦਾ ਗੋਲ ਕੀਤੇ।

'ਸ਼ਾਨਦਾਰ ਖੇਡ, ਚੰਗੇ ਨਤੀਜੇ। ਮਹਿਲਾ ਐੱਫਆਈਐੱਚ ਸੀਰੀਜ਼ ਫਾਈਨਲ ਹਾਕੀ ਟੂਰਨਾਮੈਂਟ ਜਿੱਤਣ ਲਈ ਟੀਮ ਨੂੰ ਵਧਾਈ। ਇਹ ਸ਼ਾਨਦਾਰ ਜਿੱਤ ਹਾਕੀ ਨੂੰ ਭਵਿੱਖ ਵਿਚ ਹੋਰ ਸ਼ਾਨਦਾਰ ਕਰਨ ਲਈ ਪ੍ਰੇਰਿਤ ਕਰੇਗੀ।'

ਨਰਿੰਦਰ ਮੋਦੀ, ਪ੍ਰਧਾਨ ਮੰਤਰੀ।

'ਚੰਗੀ ਖ਼ਬਰ ਹੈ। ਭਾਰਤੀ ਮਹਿਲਾ ਟੀਮ ਨੇ ਖਿਤਾਬ ਜਿੱਤ ਲਿਆ। ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕੀਆਂ ਨੂੰ ਵਧਾਈ ਹੋਵੇ। ਲਾਲਰੇਮਸਿਆਮੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ, ਜਦ ਟੀਮ ਸੈਮੀਫਾਈਨਲ ਵਿਚ ਖੇਡ ਰਹੀ ਸੀ। ਟੀਮ ਓਲੰਪਿਕ ਕੁਆਲੀਫਾਈ ਕਰਨ ਦੇ ਸੁਪਨੇ ਅਜੇ ਵੀ ਜ਼ਿੰਦਾ ਹਨ।'

ਕਿਰਨ ਰਿਜਿਜੂ, ਖੇਡ ਮੰਤਰੀ

'ਇਹ ਕਾਫੀ ਮੁਸ਼ਕਲ ਮੁਕਾਬਲਾ ਸੀ। ਅਸੀਂ ਮੈਚ ਵਿਚ ਕੁਝ ਗਲਤ ਨਹੀਂ ਕੀਤਾ। ਗੁਰਜੀਤ ਨੇ ਫਿਰ ਤੋਂ ਚੰਗਾ ਪ੍ਰਦਰਸ਼ਨ ਕੀਤਾ।'

ਸ਼ੋਡ੍ ਮਾਰਿਨ, ਮੁੱਖ ਕੋਚ ਭਾਰਤ