ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਵਾਇਰਸ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਆਪਣਾ ਚੀਨ ਦੌਰਾ ਰੱਦ ਕਰਨਾ ਪਿਆ ਹੈ। ਹੁਣ ਹਾਕੀ ਇੰਡੀਆ ਸਾਹਮਣੇ ਓਲੰਪਿਕ ਦੀ ਤਿਆਰੀ ਲਈ ਬਦਲਵੇਂ ਦੌਰੇ ਦੀ ਔਖੀ ਚੁਣੌਤੀ ਹੈ। ਭਾਰਤੀ ਟੀਮ ਨੇ 14 ਤੋਂ 25 ਮਾਰਚ ਤਕ ਚੀਨ ਦੇ ਦੌਰੇ 'ਤੇ ਜਾਣਾ ਸੀ ਪਰ ਇਸ ਬਿਮਾਰੀ ਕਾਰਨ ਦੌਰਾ ਰੱਦ ਕਰਨਾ ਪਿਆ। ਭਾਰਤੀ ਕਪਤਾਨ ਰਾਣੀ ਨੇ ਕਿਹਾ ਕਿ ਅਸੀਂ ਚੀਨ ਜਾਣਾ ਸੀ ਪਰ ਵਾਇਰਸ ਕਾਰਨ ਦੌਰਾ ਰੱਦ ਹੋ ਗਿਆ। ਕਈ ਦੂਜੀਆਂ ਟੀਮਾਂ ਉਪਲੱਬਧ ਨਹੀਂ ਹਨ ਕਿਉਂਕਿ ਉਹ ਪ੍ਰੋ ਹਾਕੀ ਲੀਗ ਖੇਡ ਰਹੀਆਂ ਹਨ। ਹਾਕੀ ਇੰਡੀਆ ਤੇ ਸਾਡੇ ਕੋਚ ਇੰਤਜ਼ਾਮ ਕਰ ਰਹੇ ਹਨ। ਓਲੰਪਿਕ ਦੀ ਤਿਆਰੀ ਲਈ ਵੱਡੀਆਂ ਟੀਮਾਂ ਨਾਲ ਖੇਡਣਾ ਜ਼ਰੂਰੀ ਹੈ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਚੀਨ ਵਿਚ ਜਿੱਥੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਹੋਰ ਦੇਸ਼ਾਂ ਵਿਚ ਵੀ ਇਸ ਨਾਲ ਪ੍ਰਭਾਵਿਤ ਲੋਕ ਪਾਏ ਗਏ ਹਨ। ਭਾਰਤ ਨੇ ਇਸ 'ਤੇ ਨਜ਼ਰ ਰੱਖੀ ਹੋਈ ਹੈ ਜਦਕਿ ਭਾਰਤੀ ਸਰਕਾਰ ਨੇ ਆਪਣੇ 640 ਵਿਦਿਆਰਥੀਆਂ ਦੀ ਸਮੇਂ 'ਤੇ ਚੀਨ ਤੋਂ ਸਪੈਸ਼ਲ ਜਹਾਜ਼ ਰਾਹੀ ਵਾਪਸੀ ਕਰਵਾਈ ਸੀ।