ਨਵੀਂ ਦਿੱਲੀ (ਪੀਟੀਆਈ) : ਬੇਬੀਰੋਜਿਸਾਨਾ ਚਾਨੂ (51 ਕਿਗ੍ਰਾ) ਤੇ ਅਰੂੰਧਤੀ ਚੌਧਰੀ (69 ਕਿਗ੍ਰਾ) ਨੇ ਦੋ ਹੋਰ ਗੋਲਡ ਮੈਡਲ ਜਿੱਤੇ ਜਿਸ ਨਾਲ ਭਾਰਤੀ ਮਹਿਲਾ ਮੁੱਕੇਬਾਜ਼ੀ ਟੀਮ ਮੋਂਟੇਨੇਗ੍ਰੋ ਦੇ ਬੁਦਵਾ 'ਚ ਚੱਲ ਰਹੇ 30ਵੇਂ ਏਡਿ੍ਆਟਿਕ ਪਰਲ ਟੂਰਨਾਮੈਂਟ 'ਚ ਕੁੱਲ ਪੰਜ ਗੋਲਡ ਮੈਡਲਾਂ ਨਾਲ ਚੋਟੀ 'ਤੇ ਰਹੀ।

ਲੱਕੀ ਰਾਣਾ (64 ਕਿਗ੍ਰਾ) ਨੂੰ ਸਿਲਵਰ ਮੈਡਲ ਮਿਲਿਆ। ਭਾਰਤੀ ਮਹਿਲਾ ਟੀਮ ਨੇ ਕੁੱਲ 10 ਮੈਡਲ (ਪੰਜ ਗੋਲਡ, ਤਿੰਨ ਸਿਲਵਰ ਤੇ ਦੋ ਕਾਂਸੇ) ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਉਜ਼ਬੇਕਿਸਤਾਨ ਦੋ ਗੋਲਡ ਮੈਡਲ ਜਿੱਤ ਕੇ ਦੂਸਰੇ ਜਦੋਂਕਿ ਇਕ ਗੋਲਡ ਮੈਡਲ ਜਿੱਤਣ ਵਾਲਾ ਚੈੱਕ ਗਣਰਾਜ ਤੀਸਰੇ ਨੰਬਰ 'ਤੇ ਰਿਹਾ।

'ਖੇਲੋ ਇੰਡੀਆ ਖੇਲੋ' ਦੀ ਤਿੰਨ ਵਾਰ ਦੀ ਗੋਲਡ ਮੈਡਲ ਜੇਤੂ ਅਰੂੰਧਤੀ ਨੇ ਐਤਵਾਰ ਨੂੰ ਯੂਕ੍ਰੇਨ ਦੀ ਮੇਰੀਆਨਾ ਸਟੋਇਕੋ ਨੂੰ ਇਕਤਰਫਾ ਮੁਕਾਬਲੇ 'ਚ 5-0 ਨਾਲ ਹਰਾਇਆ। ਚਾਨੂ ਨੇ ਕਰੀਬੀ ਮੁਕਾਬਲੇ 'ਚ ਉਜ਼ਬੇਕਿਸਤਾਨ ਦੀ ਏਸ਼ੀਆਈ ਜੂਨੀਅਰ ਚੈਂਪੀਅਨ ਸਬੀਨਾ ਬੋਬੋਕੁਲੋਵਾ ਨੂੰ 3-2 ਨਾਲ ਮਾਤ ਦਿੱਤੀ। ਲੱਕੀ ਨੂੰ ਹਾਲਾਂਕਿ ਫਿਨਲੈਂਡ ਦੀ ਮੁੱਕੇਬਾਜ਼ ਲੀਆ ਪੁਕਿਲਾ ਖ਼ਿਲਾਫ਼ 0-5 ਦੀ ਹਾਰ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਭਾਰਤੀ ਮਹਿਲਾ ਮੁੱਕੇਬਾਜ਼ਾਂ 'ਚ ਅਲਫੀਆ ਪਠਾਨ (81 ਕਿਗ੍ਰਾ), ਵਿਨਕਾ (60 ਕਿਗ੍ਰਾ) ਤੇ ਟੀ ਸਨਾਮਾਚਾ ਚਾਨੂ (75 ਕਿਗ੍ਰਾ) ਨੇ ਵੀ ਗੋਲਡ ਮੈਡਲ ਜਿੱਤੇ।

Posted By: Susheel Khanna