ਨਵੀਂ ਦਿੱਲੀ (ਪੀਟੀਆਈ) : ਸਾਬਕਾ ਕਪਤਾਨ ਵਾਸੁਦੇਵਨ ਭਾਸਕਰਨ ਨੇ ਕਿਹਾ ਹੈ ਕਿ ਭਾਰਤੀ ਮਰਦ ਹਾਕੀ ਟੀਮ ਨੇ ਜੇ ਸ਼ਾਨਦਾਰ ਅਤੀਤ ਨੂੰ ਮੁੜ ਤੋਂ ਵਾਪਸ ਲਿਆਉਣਾ ਹੈ ਤਾਂ ਉਸ ਨੂੰ ਟੋਕੀਓ ਓਲੰਪਿਕ ਵਿਚ ਸਿਰਫ਼ ਹਿੱਸਾ ਲੈ ਕੇ ਸਬਰ ਕਰਨ ਦੀ ਥਾਂ ਮੈਡਲ ਜਿੱਤਣਾ ਪਵੇਗਾ। ਭਾਸਕਰਨ ਦੀ ਅਗਵਾਈ ਵਿਚ ਹੀ ਭਾਰਤ ਨੇ ਓਲੰਪਿਕ ਵਿਚ ਆਪਣਾ ਆਖ਼ਰੀ ਗੋਲਡ ਮੈਡਲ 1980 ਵਿਚ ਮਾਸਕੋ ਖੇਡਾਂ ਵਿਚ ਜਿੱਤਿਆ ਸੀ। ਉਨ੍ਹਾਂ ਨੇ ਟੀਮ ਨੂੰ ਮਨੋਬਲ ਬਣਾਈ ਰੱਖਣ ਦੀ ਸਲਾਹ ਦਿੱਤੀ। ਭਾਸਕਰਨ ਨੇ ਕਿਹਾ ਕਿ ਮਰਦ ਟੀਮ ਅਸਲ ਵਿਚ ਚੰਗਾ ਖੇਡ ਰਹੀ ਹੈ। ਮੈਂ ਉਨ੍ਹਾਂ ਨੂੰ ਇਹੀ ਸਲਾਹ ਦੇਣਾ ਚਾਹਾਂਗਾ ਕਿ ਉਹ ਆਤਮ ਵਿਸ਼ਵਾਸ ਦਾ ਪੱਧਰ ਬਣਾਈ ਰੱਖਣ। ਹਰ ਖਿਡਾਰੀ ਨੇ ਇੱਥੇ ਤਕ ਪੁੱਜਣ ਲਈ ਅੌਖਾ ਰਾਹ ਤੈਅ ਕੀਤਾ ਹੈ। ਸੱਤ-ਅੱਠ ਖਿਡਾਰੀਆਂ ਦਾ ਇਹ ਪਹਿਲਾ ਓਲੰਪਿਕ ਹੋਵੇਗਾ ਤੇ ਮੈਨੂੰ ਲਗਦਾ ਹੈ ਕਿ ਉਹ ਸਿਰਫ਼ ਓਲੰਪਿਅਨ ਦੇ ਤਮਗੇ ਨਾਲ ਖ਼ੁਸ਼ ਨਹੀਂ ਹੋਣਗੇ, ਉਨ੍ਹਾਂ ਦਾ ਟੀਚਾ ਮੈਡਲ ਜਿੱਤਣਾ ਹੋਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੈ ਜਦ ਟੀਮ ਵਿਚ ਹਰ ਕੋਈ ਇਹ ਮੰਨੇ ਕਿ ਉਹ ਮੈਡਲ ਜੇਤੂ ਹੋ ਸਕਦੇ ਹਨ ਤੇ ਚੋਟੀ ਦੀਆਂ ਤਿੰਨ ਟੀਮਾਂ ਵਿਚੋਂ ਇਕ ਵਜੋਂ ਮੁਹਿੰਮ ਖ਼ਤਮ ਕਰਨਗੇ।

ਮਹਿਲਾਵਾਂ ਨੇ ਦਿਖਾਈ ਮਜ਼ਬੂਤ ਇੱਛਾ ਸ਼ਕਤੀ :

ਅਮਰੀਕਾ ਨੂੰ ਹਰਾ ਕੇ ਓਲੰਪਿਕ ਟਿਕਟ ਹਾਸਲ ਕਰਨ ਵਾਲੀ ਭਾਰਤੀ ਮਹਿਲਾ ਟੀਮ ਬਾਰੇ ਭਾਸਕਰ ਨੇ ਕਿਹਾ ਕਿ ਇਸ ਟੀਮ ਨੇ ਮਜ਼ਬੂਤ ਇੱਛਾ ਸ਼ਕਤੀ ਨਾਲ ਆਪਣੀ ਥਾਂ ਬਣਾਈ ਹੈ ਤੇ ਹੁਣ ਉਨ੍ਹਾਂ ਨੂੰ ਟੋਕੀਓ ਵਿਚ ਸਿਖ਼ਰਲੀਆਂ ਚਾਰ ਟੀਮਾਂ 'ਚ ਰਹਿਣ 'ਤੇ ਧਿਆਨ ਦੇਣਾ ਚਾਹੀਦਾ ਹੈ।