ਕਾਇਰੋ (ਪੀਟੀਆਈ) : ਭਾਰਤੀ ਨਿਸ਼ਾਨੇਬਾਜ਼ਾਂ ਨੇ ਆਈਐੱਸਐੱਸਐੱਫ ਸ਼ਾਟਗਨ ਵਿਸ਼ਵ ਕੱਪ ਦੇ ਸਟੀਕ ਮਿਕਸਡ ਟੀਮ ਮੁਕਾਬਲੇ ਵਿਚ ਨਿਰਾਸ਼ ਕੀਤਾ ਜਦ ਪਰਿਨਾਜ ਧਾਲੀਵਾਲ ਤੇ ਮੇਰਾਜ ਅਹਿਮਦ ਖ਼ਾਨ ਅਤੇ ਗਨੀਮਤ ਸੇਖੋਂ ਤੇ ਅੰਗਦ ਬਾਜਵਾ ਦੀਆਂ ਜੋੜੀਆਂ ਕ੍ਰਮਵਾਰ ਸੱਤਵੇਂ ਤੇ 10ਵੇਂ ਸਥਾਨ 'ਤੇ ਰਹੀਆਂ। ਪਰਿਨਾਜ ਤੇ ਮੇਰਾਜ ਨੇ ਕੁਆਲੀਫਾਇੰਗ ਗੇੜ ਵਿਚ 150 ਵਿਚੋਂ 137 ਅੰਕ ਹਾਸਲ ਕੀਤੇ। ਰੂਸ ਦੀ ਟੀਮ ਇਕ ਤੇ ਚੈੱਕ ਗਣਰਾਜ ਨੇ ਸ਼ਨਿਚਰਵਾਰ ਨੂੰ 138 ਦੇ ਸਕੋਰ ਨਾਲ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਥਾਂ ਬਣਾਈ ਸੀ।

ਗਨੀਮਤ ਤੇ ਅੰਗਦ ਦੀ ਦੂਜੀ ਭਾਰਤੀ ਜੋੜੀ 134 ਅੰਕਾਂ ਨਾਲ 10ਵੇਂ ਸਥਾਨ 'ਤੇ ਰਹੀ। ਰੂਸ ਦੀ ਟੀਮ ਦੋ ਨੇ ਪੋਲੈਂਡ ਦੀ ਟੀਮ ਦੋ ਨੂੰ ਫਾਈਨਲ ਵਿਚ 35-31 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਰੂਸ ਦੀਆਂ ਟੀਮਾਂ ਨੇ ਸਟੀਕ ਟੀਮ ਮੁਕਾਬਲੇ ਵਿਚ ਤਿੰਨ ਗੋਲਡ ਮੈਡਲ ਆਪਣੇ ਨਾਂ ਕੀਤੇ ਤੇ ਮੈਡਲ ਸੂਚੀ 'ਤੇ ਚੋਟੀ 'ਤੇ ਹੈ। ਭਾਰਤ ਨੇ ਸ਼ਨਿਚਰਵਾਰ ਨੂੰ ਖ਼ਤਮ ਸਟੀਕ ਮੁਕਾਬਲੇ ਦੇ ਮਰਦ ਟੀਮ ਵਰਗ ਵਿਚ ਇਕ ਕਾਂਸੇ ਦਾ ਮੈਡਲ ਜਿੱਤਿਆ। ਹੁਣ ਤਕ ਭਾਰਤ ਸਮੇਤ 10 ਦੇਸ਼ ਮੈਡਲ ਜਿੱਤਣ ਵਿਚ ਕਾਮਯਾਬ ਰਹੇ ਹਨ। ਇਕ ਦਿਨ ਦੀ ਬ੍ਰੇਕ ਤੋਂ ਬਾਅਦ ਸੋਮਵਾਰ ਤੋਂ ਟ੍ਰੈਪ ਮੁਕਾਬਲੇ ਸ਼ੁਰੂ ਹੋਣਗੇ। ਭਾਰਤ ਨੇ ਹੁਣ ਤਕ ਮਰਦ ਤੇ ਮਹਿਲਾ ਸਟੀਕ ਮੁਕਾਬਲੇ ਦੇ ਟੀਮ ਵਰਗ ਵਿਚ ਕਾਂਸੇ ਦੇ ਮੈਡਲ ਜਿੱਤੇ ਹਨ ਪਰ ਨਿੱਜੀ ਮੁਕਾਬਲੇ ਵਿਚ ਕੋਈ ਮੈਡਲ ਨਹੀਂ ਮਿਲਿਆ ਹੈ।

ਭਾਰਤੀ ਸ਼ਾਟਗਨ ਕੋਚ ਕੋਵਿਡ ਪਾਜ਼ੇਟਿਵ

ਭਾਰਤੀ ਨਿਸ਼ਾਨੇਬਾਜ਼ੀ ਟੀਮ ਦੇ ਨਾਲ ਆਈਐੱਸਐੱਸਐੱਫ ਵਿਸ਼ਵ ਕੱਪ ਵਿਚ ਹਿੱਸਾ ਲੈਣ ਗਏ ਇਕ ਸ਼ਾਟਗਨ ਕੋਚ ਨੂੰ ਉਥੇ ਪੁੱਜਣ 'ਤੇ ਕੋਵਿਡ-19 ਪਾਜ਼ੇਟਿਵ ਪਾਇਆ ਗਿਆ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨਆਰਏਆਈ) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਵਾਇਰਸ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੋਚ ਨੂੰ ਤੁਰੰਤ ਕੁਆਰੰਟਾਈਨ ਵਿਚ ਭੇਜ ਦਿੱਤਾ ਗਿਆ। ਇੱਥੇ ਪੁੱਜਣ 'ਤੇ ਭਾਰਤੀ ਟੀਮ ਦੇ ਸਾਰੇ ਮੈਂਬਰਾਂ ਦਾ ਕੋਵਿਡ-19 ਟੈਸਟ ਕੀਤਾ ਗਿਆ। ਕੋਚ ਤੋਂ ਇਲਾਵਾ ਭਾਰਤੀ ਟੀਮ ਦੇ ਹੋਰ ਸਾਰੇ ਮੈਂਬਰ ਨੈਗੇਟਿਵ ਪਾਏ ਗਏ।

ਕੋਚ ਵਿਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਸਨ ਤੇ ਫਿਲਹਾਲ ਉਹ ਕੁਆਰੰਟਾਈਨ ਵਿਚ ਹਨ। ਡਾਕਟਰੀ ਟੀਮ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਇਕ ਜਾਂ ਦੋ ਦਿਨ ਵਿਚ ਉਨ੍ਹਾਂ ਦਾ ਦੁਬਾਰਾ ਟੈਸਟ ਹੋਣ ਦੀ ਸੰਭਾਵਨਾ ਹੈ। ਪ੍ਰਬੰਧਕਾਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੀਆਂ ਟੀਮਾਂ ਨੂੰ ਹਰੇਕ 72 ਘੰਟੇ ਵਿਚ ਕੋਵਿਡ ਟੈਸਟ ਕਰਵਾਉਣਾ ਪਵੇਗਾ।

Posted By: Sunil Thapa