ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਓਲੰਪਿਕ 'ਚ ਹਿੱਸਾ ਲੈਣ ਵਾਲੇ ਨਿਸ਼ਾਨੇਬਾਜ਼ ਕੁਆਰੰਟਾਈਨ ਦੌਰਾਨ ਜਗਰੇਬ 'ਚ ਹੋਟਲ ਦੇ ਆਪਣੇ ਕਮਰਿਆਂ ਵਿਚ ਹੀ ਅਭਿਆਸ ਕਰ ਰਹੇ ਹਨ ਤੇ ਉਹ ਅਗਲੇ ਹਫ਼ਤੇ ਰੇਂਜ 'ਤੇ ਉਤਰਨਗੇ। ਭਾਰਤੀ ਟੀਮ 19 ਮਈ ਤਕ ਕੁਆਰੰਟਾਈਨ ਵਿਚ ਰਹੇਗੀ। ਵਿਸ਼ਵ ਦੇ ਨੰਬਰ ਤਿੰਨ ਰਾਈਫਲ ਨਿਸ਼ਾਨੇਬਾਜ਼ ਪੀਟਰ ਗੋਰਸਾ ਸਮੇਤ ਕ੍ਰੋਏਸ਼ਿਆਈ ਨਿਸ਼ਾਨੇਬਾਜ਼ੀ ਸਮੂਹ ਨੇ ਭਾਰਤੀ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਭਾਰਤੀ ਟੀਮ 20 ਮਈ ਤੋਂ ਛੇ ਜੂਨ ਵਿਚਾਲੇ ਓਸੀਜੇਕ 'ਚ ਖ਼ਾਸ ਸੱਦੇ ਵਜੋਂ ਯੂਰਪੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਇਸ ਮਹਾਦੀਪੀ ਚੈਂਪੀਅਨਸ਼ਿਪ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ ਆਈਐੱਸਐੱਸਐੱਫ ਵਿਸ਼ਵ ਕੱਪ ਵਿਚ ਹਿੱਸਾ ਲੈਣਗੇ ਜੋ ਓਸੀਜੇਕ ਵਿਚ ਹੀ 22 ਜੂਨ ਤੋਂ ਤਿੰਨ ਜੁਲਾਈ ਵਿਚਾਲੇ ਕਰਵਾਇਆ ਜਾਵੇਗਾ।

ਟੀਮ ਨਾਲ ਇਕ ਕੋਚ ਨੇ ਜਗਰੇਬ ਤੋਂ ਕਿਹਾ ਕਿ ਸਾਡੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ। ਇੱਥੇ ਤਕ ਕਿ ਸਾਡੇ ਲਈ ਭਾਰਤੀ ਭੋਜਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਅਜੇ ਅਸੀਂ ਕੁਆਰੰਟਾਈਨ ਵਿਚ ਹਾਂ ਤੇ ਨਿਸ਼ਾਨੇਬਾਜ਼ ਆਪਣੇ ਕਮਰਿਆਂ ਵਿਚ ਹੀ ਨਿਸ਼ਾਨੇਬਾਜ਼ੀ ਕਰ ਕੇ ਅਭਿਆਸ ਕਰ ਰਹੇ ਹਨ ਤੇ ਮਾਨਸਿਕ ਤੇ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਸਿਹਤਯਾਬ ਰੱਖਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਸਾਮਾਨ ਰੇਂਜ 'ਤੇ ਪਹੁੰਚਾ ਦਿੱਤਾ ਗਿਆ ਹੈ ਤੇ ਇਕ ਹਫ਼ਤੇ ਦੇ ਕੁਆਰੰਟਾਈਨ ਵਿਚ ਰਹਿਣ ਤੋਂ ਬਾਅਦ ਅਸੀਂ 19 ਮਈ ਨੂੰ ਰੇਂਜ 'ਤੇ ਜਾਵਾਂਗੇ। ਕ੍ਰੋਏਸ਼ਿਆਈ ਨਿਸ਼ਾਨੇਬਾਜ਼ੀ ਮਹਾਸੰਘ ਸਾਡੀ ਯਾਤਰਾ ਚੰਗੀ ਬਣਾਉਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਇਸ ਲਈ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨਆਰਏਆਈ) ਤੇ ਪੀਟਰ ਗੋਰਸਾ ਦੇ ਵੀ ਧੰਨਵਾਦੀ ਹਾਂ ਜੋ ਕਾਫੀ ਮਦਦਗਾਰ ਰਹੇ।

ਓਲੰਪਿਕ ਵਿਚ ਹਿੱਸਾ ਲੈਣ ਵਾਲੇ 13 ਭਾਰਤੀ ਨਿਸ਼ਾਨੇਬਾਜ਼, ਸੱਤ ਟ੍ਰੇਨਰ, ਪੰਜ ਫੀਜ਼ੀਓ ਤੇ ਦੋ ਵੀਡੀਓ ਮਾਹਿਰ ਮੰਗਲਵਾਰ ਨੂੰ ਖ਼ਾਸ ਜਹਾਜ਼ ਰਾਹੀਂ ਜਗਰੇਬ ਪੁੱਜੇ ਸਨ। ਓਲੰਪਿਕ 'ਚ ਹਿੱਸਾ ਲੈਣ ਵਾਲੇ ਦੋ ਸਟੀਕ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਤੇ ਮੈਰਾਜ ਅਹਿਮਦ ਅਜੇ ਇਟਲੀ ਵਿਚ ਹਨ।